Home / ਭਾਰਤ / ਲੋਕ ਸਭਾ ਚੋਣਾਂ ‘ਚ ਹਮਖਿਆਲ ਪਾਰਟੀਆਂ ਨਾਲ ਗਠਜੋੜ ਕਰੇਗੀ ਕਾਂਗਰਸ

ਲੋਕ ਸਭਾ ਚੋਣਾਂ ‘ਚ ਹਮਖਿਆਲ ਪਾਰਟੀਆਂ ਨਾਲ ਗਠਜੋੜ ਕਰੇਗੀ ਕਾਂਗਰਸ

ਕਾਂਗਰਸ ਮਹਾਂਸੰਮੇਲਨ ‘ਚ ਰਾਹੁਲ ਗਾਂਧੀ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਕੀਤਾ ਗਿਆ ਪੇਸ਼
ਭਾਜਪਾ ਦੇ ਕੌਰਵਾਂ ਨਾਲ ਪਾਂਡਵਾਂ ਵਾਂਗ ਲੜਾਂਗੇ: ਰਾਹੁਲ
ਨਵੀਂ ਦਿੱਲੀ : ਕਾਂਗਰਸ ਮਹਾਂਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਲੀਮਾਨੀ ਪਾਰਟੀ ਦੀ ਮੁਖੀ ਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜ਼ਸ਼ੈਲੀ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਨਰਿੰਦਰ ਮੋਦੀ ਦੇ ਕੁਸ਼ਾਸਨ ਤੋਂ ਅੱਕ ਗਿਆ ਹੈ ਤੇ ਇਸ ਸਰਕਾਰ ਨੂੰ ਗਲੋਂ ਲਾਹੁਣ ਲਈ ਰਸਤੇ ਤਲਾਸ਼ ਰਿਹਾ ਹੈ। ઠਕਾਂਗਰਸ ਪ੍ਰਧਾਨ ਨੇ ਕਿਹਾ ਕਿ 2019 ਦੀਆਂ ਆਮ ਚੋਣਾਂ ਦੌਰਾਨ ਕਾਂਗਰਸ ਹਮਖਿਆਲ ਪਾਰਟੀਆਂ ਦੇ ਨਾਲ ਗੱਠਜੋੜ ਕਾਇਮ ਕਰੇਗੀ। ਇਹ ਫੈਸਲਾ ਪਾਰਟੀ ਦੇ ਮਹਾਂਸੰਮੇਲਨ ਵਿੱਚ ਕੀਤਾ ਗਿਆ ਹੈ। ਪਾਰਟੀ ਦੇ ਰਾਜਸੀ ਮਤੇ ਵਿੱਚ ਕਾਂਗਰਸ ਵੱਲੋਂ ਵਿਹਾਰਕ ਪਹੁੰਚ ਅਪਨਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ। ਭਾਜਪਾ ਨੂੰ ਟੱਕਰ ਦੇਣ ਲਈ ਕਾਂਗਰਸ ਚੋਣਾਂ ਤੋਂ ਪਹਿਲਾਂ ਹਮਖਿਆਲ ਪਾਰਟੀਆਂ ਦੇ ਨਾਲ ਚੋਣ ਗੱਠਜੋੜ ਕਰ ਸਕਦੀ ਹੈ। ਇਸ ਮੌਕੇ ਕੁੱਝ ਆਗੂਆਂ ਨੇ ਰਾਹੁਲ ਗਾਂਧੀ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਵੀ ਪੇਸ਼ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਅਗਲੇ ਸਾਲ ਦੀਆਂ ਆਮ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਨਾਲ ਕੌਰਵਾਂ ਤੇ ਪਾਂਡਵਾਂ ਵਾਂਗ ਯੁੱਧ ਹੋਵੇਗਾ। ਇਸ ਦੇ ਨਾਲ ਹੀ ਸੋਨੀਆ ਗਾਂਧੀ ਨੇ ਕਿਹਾ ਕਿ ਮੋਦੀ ਨੇ ਸੱਤਾ ਹਥਿਆਉਣ ਦੇ ਲਈ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਡਰਾਮੇਬਾਜ਼ੀ ਕੀਤੀ। ਉਸਨੇ ਚੋਣਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਵੱਡੇ ਪੱਧਰ ਉੱਤੇ ਵਿਕਾਸ ਦੇ ਵਾਅਦੇ ਕੀਤੇ ਤੇ ਇਹ ਨਿਰੀ ਡਰਾਮੇਬਾਜ਼ੀ ਨਿਕਲੀ ਜੋ ਸਿਰਫ ਸੱਤਾ ਹਥਿਆਉਣ ਲਈ ਇੱਕ ਛਲਾਵਾ ਸੀ। ਉਨ੍ਹਾਂ ਕਿਹਾ ਕਿ ਮਹਾਂਸੰਮੇਲਨ ਦਾ ਉਦੇਸ਼ ਕਾਂਗਰਸ ਅਤੇ ਦੇਸ਼ ਨੂੰ ਅੱਗੇ ਦਾ ਰਸਤਾ ਦਿਖਾਉਣਾ ਹੈ। ਸੈਸ਼ਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹੋਏ। ਕਾਂਗਰਸ ਪਾਰਟੀ ਦੇ 84ਵੇਂ ਮਹਾਸੰਮੇਲਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਉੱਤੇ ਹਮਲਾ ਕਰਦਿਆਂ ਇਸ ਉੱਤੇ ਨਫ਼ਰਤ ਤੇ ਕ੍ਰੋਧ ਫੈਲਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਸਿਰਫ ਕਾਂਗਰਸ ਹੀ ਦੇਸ਼ ਨੂੰ ਇੱਕਜੁੱਟ ਰੱਖਣ ਅਤੇ ਅਗਵਾਈ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ, ‘ਅਸੀਂ ਪਿਆਰ ਤੇ ਭਾਈਚਾਰਕ ਸਾਂਝ ਫੈਲਾਉਂਦੇ ਹਾਂ।’ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ ਤੇ ਕਿਸਾਨਾਂ ਦੇ ਮਾਮਲੇ ਵੀ ਨਹੀ ਨਜਿੱਠ ਸਕੀ। ਉਨ੍ਹਾਂ ਪਾਰਟੀ ਵਿੱਚ ਨੌਜਵਾਨਾਂ ਅਤੇ ਸੀਨੀਅਰ ਆਗੂਆਂ ਨੂੰ ਬਰਾਬਰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੱਤਾ।

ਸਿੱਧੂ ਨੇ ਡਾ.ਮਨਮੋਹਨ ਸਿੰਘ ਤੋਂ ਮੁਆਫ਼ੀ ਮੰਗੀ
ਕਿਹਾ, ਤੁਸੀਂ ਸਰਦਾਰ ਵੀ ਅਤੇ ਅਸਰਦਾਰ ਵੀ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਉਨ੍ਹਾਂ ਖ਼ਿਲਾਫ਼ ਪਿਛਲੇ ਸਮੇਂ ‘ਚ ਭਾਜਪਾ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀਆਂ ਤਲਖ਼ ਟਿੱਪਣੀਆਂ ਲਈ ਮੁਆਫ਼ੀ ਮੰਗੀ ਤੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਜੋ ਕੰਮ ਚੁੱਪ ਰਹਿ ਕੇ ਕੀਤੇ ਹਨ ਉਹ ਭਾਜਪਾ ਦੇ ਸ਼ੋਰ-ਸ਼ਰਾਬੇ ਦੌਰਾਨ ਨਹੀਂ ਹੋਏ। ਉਨ੍ਹਾਂ ਕਿਹਾ, ”ਮੈਂ ਮਨਮੋਹਨ ਸਿੰਘ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਕਹਿਣਾ ਚਾਹੁੰਦਾ ਹਾਂ ਕਿ ਜੋ ਤੁਹਾਡੀ ਚੁੱਪ ਨੇ ਕਰ ਦਿਖਾਇਆ ਹੈ, ਉਹ ਭਾਜਪਾ ਦੇ ਸ਼ੋਰ-ਸ਼ਰਾਬੇ ‘ਚ ਨਹੀਂ ਹੋਇਆ ਤੇ ਮੈਨੂੰ ਦਸ ਸਾਲ ਬਾਅਦ ਇਹ ਸਮਝ ਆਇਆ।” ਸਿੱਧੂ ਨੇ ਕਿਹਾ ਕਿ ਮੈਂ ਆਦਰ ਨਾਲ ਕਹਿੰਦਾ ਹਾਂ ਕਿ ਡਾ. ਸਿੰਘ ਸਰਦਾਰ ਹਨ ਤੇ ਬੇਹੱਦ ਅਸਰਦਾਰ ਵੀ ਹਨ। ਮੇਨ ਉਹੀ ਰਹਿੰਦਾ ਹੈ ਜਿਸ ਦਾ ਕੰਮ ਬੋਲਦਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਲਈ ਚੋਣ ਪ੍ਰਚਾਰ ਦੌਰਾਨ ਆਪਣੇ ਭਾਸ਼ਣ ਸਮੇਂ ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਭਾਜਪਾ ਦੀ ਤੁਲਨਾ ਖੋਖਲੇ ਬਾਂਸ ਨਾਲ ਤੇ ਰਾਹੁਲ ਗਾਂਧੀ ਨੂੰ ਗੰਨੇ ਵਾਂਗ ਅੰਦਰੋਂ-ਬਾਹਰੋਂ ਮਿੱਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭੂਤਕਾਲ ਵਿੱਚ ਕਾਂਗਰਸ ਦੀਆਂ ਹੋਈਆਂ ਹਾਰਾਂ ਦਾ ਜ਼ਿੰਮੇਵਾਰ ਰਾਹੁਲ ਨਹੀਂ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਦੱਸਿਆ।

ਮੋਦੀ ਸਰਕਾਰ ਨੇ ਦੇਸ਼ ਦੇ ਅਰਥਚਾਰੇ ਦੀ ਹਾਲਤ ਵਿਗਾੜੀ: ਡਾ. ਮਨਮੋਹਨ ਸਿੰਘ
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ‘ਤੇ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਦੇ ਅਰਥਚਾਰੇ ਦਾ ‘ਬੁਰਾ ਹਾਲ’ ਕਰ ਦਿੱਤਾ ਹੈ ਤੇ ਆਮ ਲੋਕਾਂ ਨੂੰ ‘ਜੁਮਲਿਆਂ’ ਤੋਂ ਬਿਨਾ ਹੋਰ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਦੋ ਕਰੋੜ ਨੌਕਰੀਆਂ ਪੈਦਾ ਕਰਨ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਹਿਜ਼ ਸਬਜ਼ਬਾਗ ਹੀ ਦਿਖਾਏ ਹਨ।

Check Also

ਉਰਮਿਲਾ ਮਾਤੋਂਡਕਰ ਸ਼ਿਵ ਸੈਨਾ ‘ਚ ਹੋਈ ਸ਼ਾਮਲ

ਮੁੰਬਈ/ਬਿਊਰੋ ਨਿਊਜ਼ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਅੱਜ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ। ਉਰਮਿਲਾ ਨੇ …