Breaking News
Home / ਪੰਜਾਬ / ਪੰਜਾਬ ਦੀ ਭਿਆਨਕ ਤਸਵੀਰ : ਪੜਦਾਦਾ, ਦਾਦਾ, ਦਾਦੇ ਦਾ ਭਰਾ ਅਤੇ ਪਿਤਾ ਦੇ ਚੁੱਕੇ ਹਨ ਜਾਨ

ਪੰਜਾਬ ਦੀ ਭਿਆਨਕ ਤਸਵੀਰ : ਪੜਦਾਦਾ, ਦਾਦਾ, ਦਾਦੇ ਦਾ ਭਰਾ ਅਤੇ ਪਿਤਾ ਦੇ ਚੁੱਕੇ ਹਨ ਜਾਨ

ਵਿਰਾਸਤ ਵਿਚ ਮਿਲੇ ਕਰਜ਼ੇ ਕਰਕੇ ਚੌਥੀ ਪੀੜ੍ਹੀ ਦੇ ਪੰਜਵੇਂ ਮੈਂਬਰ ਨੇ ਵੀ ਕੀਤੀ ਖੁਦਕੁਸ਼ੀ, ਵੰਸ਼ ਖਤਮ
ਬਰਨਾਲਾ/ਬਿਊਰੋ ਨਿਊਜ਼
ਕਿਸਾਨ ਪਰਿਵਾਰ ਦੀ ਚੌਥੀ ਪੀੜ੍ਹੀ ਨੂੰ ਵਿਰਾਸਤ ਵਿਚ ਮਿਲੇ ਕਰਜ਼ੇ ਦੇ ਬੋਝ ਨੇ ਵੰਸ਼ ਹੀ ਖਤਮ ਕਰ ਦਿੱਤੀ। ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੇ ਇਕ ਪਰਿਵਾਰ ਦੀ ਚੌਥੀ ਪੀੜ੍ਹੀ ਦੇ 5ਵੇਂ ਸਖਸ਼ ਨੇ ਸੋਮਵਾਰ ਰਾਤ ਆਤਮ ਹੱਤਿਆ ਕਰ ਲਈ। ਨੌਜਵਾਨ ਨੇ ਪੜਦਾਦਾ, ਦਾਦਾ, ਦਾਦਾ ਦੇ ਭਰਾ ਅਤੇ ਪਿਤਾ ਵੀ ਕਰਜ਼ੇ ਕਾਰਨ ਹੀ ਜਾਨ ਦੇ ਚੁੱਕੇ ਹਨ। ਹੁਣ ਉਨ੍ਹਾਂ ਦੇ ਘਰ ਦਾਦੀ, ਮਾਤਾ ਅਤੇ ਇਕ ਭੈਣ ਰਹਿ ਗਈ ਹੈ। ਸੋਮਵਾਰ ਰਾਤ 22 ਸਾਲਾ ਲਵਪ੍ਰੀਤ ਸਿੰਘ ਨੇ ਕੀਟਨਾਸ਼ਕ ਦਵਾਈ ਪੀ ਲਈ ਸੀ। ਉਸ ਨੂੰ ਡੀਐਮਸੀ ਲੁਧਿਆਣਾ ਲਿਜਾਇਆ ਗਿਆ, ਜਿੱਥੇ ਮੰਗਲਵਾਰ ਨੂੰ ਮੌਤ ਤਹੋ ਗਈ।
ਇਸ ਨੌਜਵਾਨ ਵੱਲੋਂ ਚੁੱਕੇ ਗਏ ਇਸ ਕਦਮ ਨੇ ਪਰਿਵਾਰ ਦਾ ਆਖ਼ਰੀ ਚਿਰਾਗ ਵੀ ਬੁਝ ਗਿਆ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਠੇਕੇ ‘ਤੇ ਜ਼ਮੀਨ ਲੈ ਕੇ ਖ਼ੇਤੀ ਕਰ ਰਿਹਾ ਸੀ। ਉਹ ਪਰਿਵਾਰ ਵਿੱਚ ਤਿੰਨ ਪੀੜੀਆਂ ਦੀਆਂ ਕਰਜ਼ੇ ਕਾਰਨ ਹੋਈਆਂ ਮੌਤਾਂ ਕਰ ਕੇ ਪ੍ਰੇਸ਼ਾਨ ਰਹਿੰਦਾ ਸੀ। ਪਿੰਡ ਦੇ ਸਰਪੰਚ ਬੁੱਧ ਸਿੰਘ ਨੇ ਦੱਸਿਆ ਕਿ ਪਰਿਵਾਰ ਸਿਰ 10 ਲੱਖ ਦੇ ਕਰੀਬ ਬੈਂਕਾਂ ਅਤੇ ਸ਼ਾਹੂਕਾਰਾਂ ਦਾ ਕਰਜ਼ਾ ਸੀ।
ਪਰਿਵਾਰ ਦਾ ਇਕਲੌਤਾ ਚਿਰਾਗ ਲਵਪ੍ਰੀਤ ਸਿੰਘ ਵੀ ਇਸ ਸਿਰ ਚੜ੍ਹੇ ਕਰਜ਼ੇ ਕਾਰਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਹ ਪ੍ਰੇਸ਼ਾਨੀ ਹੀ ਲਵਪ੍ਰੀਤ ਸਿੰਘ ਦੀ ਮੌਤ ਦਾ ਕਾਰਨ ਬਣੀ। ਇਸ ਤੋਂ ਪਹਿਲਾਂ ਲਵਪ੍ਰੀਤ ਦੇ ਪਿਤਾ, ਦਾਦਾ ਤਾਇਆ, ਦਾਦਾ ਅਤੇ ਪੜਦਾਦਾ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ। ਕਰਜ਼ੇ ਕਾਰਨ ਪਰਿਵਾਰ ਵਿੱਚ ਇਹ ਪੰਜਵੀਂ ਖ਼ੁਦਕੁਸ਼ੀ ਹੈ। ਪੜਦਾਦੇ ਜੋਗਿੰਦਰ ਕੋਲ 13 ਏਕੜ ਪੈਲੀ ਸੀ, ਜੋ ਪੜਪੋਤੇ ਤੱਕ ਪੁੱਜਦੀ 13 ਕਨਾਲਾਂ ਵੀ ਨਹੀਂ ਬਚੀ।
ਕਰਜ਼ਾ ਮੁਆਫ਼ੀ ਵਾਲੇ ਦਿਨ ਪਿਤਾ ਨੇ ਕੀਤੀ ਸੀ ਖ਼ੁਦਕੁਸ਼ੀ

ਕੈਪਟਨ ਸਰਕਾਰ ਨੇ 5 ਜਨਵਰੀ 2018 ਨੂੰ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕੀਤੀ ਤਾਂ ਠੀਕ ਉਸੇ ਦਿਨ ਲਵਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਨੇ ਖੇਤੀ ਦੇ ਨਾਲ ਡਰਾਈਵਰੀ ਵੀ ਕੀਤੀ, ਪਰ ਫਿਰ ਵੀ ਪੱਲੇ ਕੁਝ ਨਾ ਪਿਆ। ਹੌਲੀ ਹੌਲੀ ਜ਼ਮੀਨ ਵੀ ਵਿਕਦੀ ਗਈ, ਪਰ ਕਰਜ਼ੇ ਦੀ ਪੰਡ ਹੌਲੀ ਨਾ ਹੋਈ। ਕੁਲਵੰਤ ਸਿੰਘ ਨੇ ਆਪਣੀ ਸੱਤ ਕਨਾਲਾਂ ਜ਼ਮੀਨ ਦੇ ਨਾਲ 14 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਸ਼ੁਰੂ ਕੀਤੀ, ਪਰ ਗੜੇਮਾਰੀ ਨੇ ਉਹਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਚੁਫੇਰੇ ਹਨੇਰਾ ਦਿਸਿਆ ਤਾਂ ਉਸ ਨੇ ਵੀ ਖ਼ੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਸਿਰ 12 ਲੱਖ ਦਾ ਕਰਜ਼ਾ ਹੈ, ਜੋ ਅੱਗੇ ਜਾ ਕੇ ਲਵਪ੍ਰੀਤ ਦੀ ਮੌਤ ਦਾ ਕਾਰਨ ਬਣ ਗਿਆ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …