Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਪ੍ਰਧਾਨ ਬਣਦਿਆਂ ਹੀ ਵਿਵਾਦਾਂ ‘ਚ ਘਿਰੇ ਲੌਂਗੋਵਾਲ

ਸ਼੍ਰੋਮਣੀ ਕਮੇਟੀ ਪ੍ਰਧਾਨ ਬਣਦਿਆਂ ਹੀ ਵਿਵਾਦਾਂ ‘ਚ ਘਿਰੇ ਲੌਂਗੋਵਾਲ

ਡੇਰਾ ਭਗਤ ਦਾ ਦਾਗ ਝੱਲਣ ਵਾਲੇ ਲੌਂਗੋਵਾਲ ਹੁਣ ਕਰਨਗੇ ਡੇਰਾਵਾਦ ਦਾ ਸਫਾਇਆ!

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦਿਆਂ ਹੀ ਵਿਵਾਦਾਂ ਵਿੱਚ ਘਿਰੇ ਗੋਬਿੰਦ ਸਿੰਘ ਲੌਂਗੋਵਾਲ ਇਨ੍ਹਾਂ ਵਿਵਾਦਾਂ ਨੂੰ ਠੱਲਣ ਲਈ ਧਰਮ ਪ੍ਰਚਾਰ ਮੁਹਿੰਮ ਚਲਾਉਣ ਜਾ ਰਹੇ ਹਨ। ਖੁਦ ਡੇਰਾ ਭਗਤ ਹੋਣ ਦਾ ਦਾਗ ਝੱਲਣ ਵਾਲੇ ਤੇ ਡੇਰੇ ਸਿਰਸੇ ਉੱਤੇ ਜਾਣ ਕਾਰਨ ਤਨਖਾਹੀਆ ਕਰਾਰ ਦਿੱਤੇ ਜਾ ਚੁੱਕੇ ਲੌਂਗੋਵਾਲ ਹੁਣ ਡੇਰਾਵਾਦ ਦਾ ਸਫਾਇਆ ਕਰਨਾ ਚਾਹੁੰਦੇ ਹਨ। ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਗੁਰਦੁਆਰਾ ਸਾਹਿਬਾਨ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਣ ਤੋਂ ਇਲਾਵਾ ਵੱਖ ਵੱਖ ਹਸਤੀਆਂ ਤੋਂ ਆਸ਼ੀਰਵਾਦ ਲੈਣ ਲਈ ਉਨ੍ਹਾਂ ਕੋਲ ਜਾ ਰਹੇ ਹਨ। ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿਰਪਾਓ ਦੀ ਬਖਸ਼ਿਸ਼ ਕੀਤੀ ਹੈ। ਆਸ਼ੀਰਵਾਦ ਲੈਣ ਤੋਂ ਇਲਾਵਾ ਐਸਜੀਪੀਸੀ ਪ੍ਰਧਾਨ ਨੂੰ ਵਧ ਰਹੇ ਡੇਰਾਵਾਦ ਦਾ ਫਿਕਰ ਵੀ ਸਤਾ ਰਿਹਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਸਿੱਖ ਸੰਗਤ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ, ਉਹ ਡੇਰਿਆਂ ਨੂੰ ਛੱਡਕੇ, ਖਾਸ ਕਰਕੇ ਡੇਰਾ ਸਿਰਸਾ ਨਾਲ ਜੁੜੇ ਸਿੱਖ ਗੁਰੂ ਨਾਲ ਜੁੜਨ, ਬਾਣੀ ਤੇ ਬਾਣੇ ਦੇ ਧਾਰਨੀ ਹੋਣ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਸੀਂ ਲੋਕਾਂ ਨੂੰ ਡੇਰਿਆਂ ਤੋਂ ਹਟਾ ਕੇ ਸਿੱਖੀ ਵਿਚ ਲਿਆਉਣ ਲਈ ਵੱਡੀ ਪੱਧਰ ਤੇ ਪ੍ਰਚਾਰ ਲਹਿਰ ਚਲਾਵਾਂਗੇ।

ਸਵਾਲ ਇਹ ਹੈ ਕਿ ਇਹ ਪ੍ਰਚਾਰ ਲਹਿਰ ਕਦੋਂ ਤੇ ਕਿਸ ਇਲਾਕੇ ਵਿਚ ਚੱਲੇਗੀ, ਜਾਂ ਪੰਜਾਬ ਤੇ ਉਸ ਤੋਂ ਬਾਹਰ ਇਲਾਕਿਆਂ ਵਿੱਚ ਵੀ ਚਲਾਈ ਜਾਵੇਗੀ। ਜੇਕਰ ਡੇਰਾਵਾਦ ਦੇ ਖਿਲਾਫ਼ ਪ੍ਰਧਾਨ ਲੌਂਗੋਵਾਲ ਵੱਲੋਂ ਪ੍ਰਚਾਰ ਲਹਿਰ ਚਲਾਈ ਜਾਂਦੀ ਹੈ ਤਾਂ ਸਿੱਖੀ ਦੀ ਇਹ ਵੱਡੀ ਸੇਵਾ ਹੋਵੇਗੀ, ਕਿਉਂਕਿ ਸਿੱਖ ਵਿਚਾਰਧਾਰਾ ਤਾਂ ਮਹਾਨ ਹੈ, ਪਰ ਪਿਛਲੇ ਸਮੇਂ ਤੋਂ ਪ੍ਰਚਾਰ ਦੀ ਕਮੀ ਤੇ ਸਿੱਖ ਆਗੂਆਂ ਦੀ ਨਲਾਇਕੀ ਕਰਕੇ ਸਿੱਖੀ ਸਿਧਾਤਾਂ ਨੂੰ ਵੱਡਾ ਖੋਰਾ ਲੱਗਾ ਹੈ। ਹੁਣ ਪ੍ਰਧਾਨ ਲੌਂਗੋਵਾਲ ਵੀ ਉਨ੍ਹਾਂ ਰਾਜਨੀਤਿਕ ਆਗੂਆਂ ‘ਚੋਂ ਆ ਕੇ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਨ, ਰਾਜਨੀਤੀ ਦਾ ਸਫਰ ਤੈਅ ਕਰਕੇ ਆਏ ਲੌਂਗੋਵਾਲ ਨੂੰ ਜਿਸ ਦਿਨ ਤੋਂ ਪ੍ਰਧਾਨ ਦਾ ਅਹੁਦਾ ਨਸੀਬ ਹੋਇਆ, ਉਸ ਦਿਨ ਤੋਂ ਡੇਰਾ ਸਿਰਸਾ ‘ਤੇ ਵੋਟਾਂ ਮੰਗਣ ਤੇ ਤਨਖਾਹੀਏ ਕਰਾਰ ਦਿੱਤੇ ਜਾਣ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਹੋਏ ਹਨ।

ਲੌਂਗੋਵਾਲ ਖ਼ਿਲਾਫ਼ ਵਿਵਾਦ ਬੇਲੋੜਾ: ਜਥੇਦਾਰ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਹ ਦਾਅਵਾ ਠੋਕ ਰਹੇ ਹਨ ਕਿ ਉਹ ਕਦੇ ਡੇਰਾ ਸਿਰਸਾ ਵਿਖੇ ਵੋਟਾਂ ਮੰਗਣ ਨਹੀਂ ਗਏ ਜੋ ਸਜ਼ਾ ਉਨ੍ਹਾਂ ਨੂੰ ਲਗਾਈ ਗਈ ਹੈ ਇਸ ਬਾਰੇ ਜਥੇਦਾਰ ਕੌਮ ਨੂੰ ਦੱਸਣ ਕਿ ਸਜ਼ਾ ਕਿਸ ਗਲਤੀ ਲਈ ਲਗਾਈ ਗਈ ਸੀ। ਪਰ ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਡੇਰਾ ਸਿਰਸਾ ਮਾਮਲੇ ਵਿਚ ਲੱਗੀ ਤਨਖਾਹ ਨੂੰ ਪੂਰੀ ਕਰਨ ਦੇ ਬਾਵਜੂਦ ਵਿਵਾਦ ਨੂੰ ਪੈਦਾ ਕਰਨ ਨੂੰ ਬੇਲੋੜਾ ਦੱਸਿਆ ਹੈ। ਗਿਆਨੀ ਗੁਰਬਚਨ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਕਈ ਜਥੇਬੰਦੀਆਂ ਵਿਵਾਦ ਖੜ੍ਹਾ ਕਰ ਰਹੀਆਂ ਹਨ।

ਗੋਬਿੰਦ ਸਿੰਘ ਲੌਂਗੋਵਾਲ ਦਾ ਅਮਰੀਕਾ ‘ਚ ਧਾਰਮਿਕ ਸਟੇਜਾਂ ‘ਤੇ ਹੋਵੇਗਾ ਸਖਤ ਵਿਰੋਧ : ਸਿੱਖ ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਮਰੀਕਾ ਵਿਚ ਆਉਣ ‘ਤੇ ਕਿਸੇ ਵੀ ਧਾਰਮਿਕ ਸਟੇਜ ‘ਤੇ ਬੋਲਣ ਨਹੀਂ ਦਿੱਤਾ ਜਾਵੇਗਾ। ਇਹ ਬਿਆਨ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵਲੋਂ ਬਣਾਈ ਗਈ ਸਿੱਖ ਕੋਆਡਰੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਗੋਬਿੰਦ ਸਿੰਘ  ਲੌਂਗੋਵਾਲ ਅਮਰੀਕਾ ਵਿਚ ਆਉਣਗੇ ਤਾਂ ਉਨ੍ਹਾਂ ਨੂੰ ਕਿਸੇ ਵੀ ਧਾਰਮਿਕ ਸਟੇਜ ‘ਤੇ ਬੋਲਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਉਹ ਪੰਥ ਦੋਖੀ ਹਨ। ਉਹ ਵੋਟਾਂ ਦੀ ਖਾਤਰ ਡੇਰਾ ਸਿਰਸਾ ਦੇ ਸੌਦਾ ਸਾਧ ਕੋਲ ਗਏ ਸਨ, ਜਿਸ ਕਰਕੇ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹ ਵੀ ਲਗਾਈ ਗਈ ਸੀ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ,  ਹਰਜਿੰਦਰ ਸਿੰਘ ਪਾਈਨਹਿਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਹੈ ਕਿ ਸਾਨੂੰ ਬੜਾ ਹੀ ਦੁੱਖ ਹੋਇਆ ਜਦੋਂ ਸਾਨੂੰ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਤੋਂ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਤਜਵੀਜ਼ ਕਰਵਾਇਆ, ਜਦਕਿ ਬੀਬੀ ਜਗੀਰ ਕੌਰ ਵੀ ਪੰਥ ਦੋਖੀ ਹੈ, ਉਸ ਨੂੰ ਉਸੇ ਦੀ ਕੁੜੀ ਨੂੰ ਮਾਰਨ ਦੇ ਦੋਸ਼ ਵਿਚ ਸਜ਼ਾ ਹੋ ਚੁੱਕੀ ਹੈ। ਹਿੰਮਤ ਸਿੰਘ ਨੇ ਕਿਹਾ ਕਿ ਬਾਦਲਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਆਰ ਐਸ ਐਸ ਜਿਵੇਂ ਕਹਿੰਦੀ ਹੈ, ਉਸੇ ਤਰ੍ਹਾਂ ਹੀ ਉਹ ਕਰਦੇ ਹਨ। ਗੋਬਿੰਦ ਸਿੰਘ ਲੌਂਗੋਵਾਲ ਵੀ ਭਾਜਪਾ ਅਤੇ ਕੇਂਦਰ ਵਲੋਂ ਬਾਦਲਾਂ ਨੂੰ ਕੀਤੇ ਹੁਕਮਾਂ ਦਾ ਹੀ ਨਤੀਜਾ ਹੈ, ਜਿਸ ਦਾ ਅਸੀਂ ਸਖਤ ਵਿਰੋਧ ਕਰਾਂਗੇ।

ਦਮਦਮੀ ਟਕਸਾਲ ਦੇ ਹੈਡਕੁਆਰਟਰ ਪੁੱਜੇ ਲੌਂਗੋਵਾਲ

ਸਿੱਖ ਨਸਲਕੁਸ਼ੀ ਤੇ ਪੰਥਕ ਮਸਲਿਆਂ ਨੂੰ ਸ਼੍ਰੋਮਣੀ ਕਮੇਟੀ ਕੌਮਾਂਤਰੀ ਪੱਧਰ ‘ਤੇ ਉਠਾਵੇ : ਖਾਲਸਾ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ  ਨੇ ਦਮਦਮੀ ਟਕਸਾਲ ਦੇ ਹੈਡਕੁਆਰਟਰ ਚੌਕ ਮਹਿਤਾ ਵਿਖੇ ਪਹੁੰਚ ਕੇ ਸੰਤ ਹਰਨਾਮ ਸਿੰਘ ਖਾਲਸਾ ਤੋਂ ਅਸ਼ੀਰਵਾਦ ਲੈਂਦਿਆਂ, ਗੁਰਮਤਿ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਨ ਲਈ ਸਹਿਯੋਗ ਮੰਗਿਆ। ਇਸ ਮੌਕੇ ਉਨ੍ਹਾਂ ਦਮਦਮੀ ਟਕਸਾਲ ਮੁਖੀ ਨਾਲ ਮੀਟਿੰਗ ਕਰਦਿਆਂ ਪੰਥਕ ਮੁੱਦਿਆਂ ਪ੍ਰਤੀ ਵਿਚਾਰਾਂ ਕੀਤੀਆਂ। ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਦਾ ਟਕਸਾਲ ਨਾਲ ਪੁਰਾਣਾ ਨਾਤਾ ਹੈ। ਉਨ੍ਹਾਂ ਦੱਸਿਆ ਕਿ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ ਉਨ੍ਹਾਂ ਅੰਮ੍ਰਿਤਪਾਨ ਕੀਤਾ। ਇਸ ਮੌਕੇ ਸੰਤ ਹਰਨਾਮ ਸਿੰਘ ਖਾਲਸਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੰਥਕ ਹਿੱਤਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਨਜ਼ਰਬੰਦ ਸਿੱਖਾਂ ਦੀ ਰਿਹਾਈ, ਧਰਮੀ ਫੌਜੀਆਂ ਦੇ ਮਸਲੇ ਹੱਲ ਕਰਨ ਅਤੇ ਨਵੰਬਰ 84 ‘ਚ ਕੀਤੇ ਗਏ ਸਿੱਖ ਨਸਲਕੁਸ਼ੀ ਵਰਗੇ ਮੁੱਦਿਆਂ ਨੂੰ ਕੌਮਾਂਤਰੀ ਪੱਧਰ ‘ਤੇ ਉਠਾਏ ਜਾਣ ਪ੍ਰਤੀ ਵੱਡੇ ਯਤਨ ਕਰਨੇ ਚਾਹੀਦੇ ਹਨ।

ਨਵੇਂ ਪ੍ਰਧਾਨ ਲੌਂਗੋਵਾਲ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਪਟਿਆਲਾ: ਸ਼੍ਰੋਮਣੀ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਹਾਸਿਲ ਕਰਨ ਤੋਂ ਬਾਅਦ ਗੋਬਿੰਦ ਸਿੰਘ ਲੌਂਗੋਵਾਲ ਪੰਜਾਬ ਵਿਚ ਵੱਖ ਗੁਰਧਾਮਾਂ ‘ਤੇ ਜਾ ਕੇ ਸ਼ੁਕਰਾਨੇ ਵਜੋਂ ਨਤਮਸਤਕ ਹੋ ਰਹੇ ਹਨ। ਇਸ ਦੌਰਾਨ ਜਦੋਂ ਉਹ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਲਈ ਪਟਿਆਲਾ ਪਹੁੰਚੇ ਤਾਂ ਸਿੱਖ ਜਥੇਬੰਦੀ ਯੂਨਾਇਟਡ ਸਿੱਖ ਪਾਰਟੀ ਨੇ ਉਨ੍ਹਾਂ ਨੂੰ ਕਾਲੇ ਝੰਡੇ ਵਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਲੌਂਗੋਵਾਲ ਦੇ ਨਾਂ ‘ਤੇ ਮੁਰਦਾਬਾਦ ਦੇ ਨਾਹਰੇ ਲਾਏ। ਪਾਰਟੀ ਪ੍ਰਧਾਨ ਜਸਵਿੰਦਰ ਸਿੰਘ ਤੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਰ ਸਿੱਖਾਂ ਦਾ ਕਹਿਣਾ ਸੀ ਕਿ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਜਾਂਦਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਜਿਸ ਵਿਅਕਤੀ ਨੂੰ ਸੌਦਾ ਸਾਧ ਦੇ ਡੇਰੇ ਜਾਣ ਕਰਕੇ ਤਨਖਾਹੀਆ ਕਰਾਰ ਦਿੱਤਾ ਗਿਆ ਹੋਵੇ, ਉਸ ਨੂੰ ਸਿੱਖ ਪੰਥ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਤੌਰ ‘ਤੇ ਕਦੇ ਪ੍ਰਵਾਨ ਨਹੀਂ ਕਰੇਗਾ।

ਲੌਂਗੋਵਾਲ ਬਾਦਲਾਂ ਦਾ ਪੈਰੋਕਾਰ : ਜਥੇਦਾਰ ਦਾਦੂਵਾਲ

ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਲਗਾਤਾਰ ਵਿਵਾਦਾਂ ਵਿਚ ਘਿਰੇ ਹੋਏ ਹਨ। ਲੌਂਗੋਵਾਲ ਵੱਲੋਂ ਡੇਰਾ ਸਿਰਸਾ ‘ਤੇ ਵੋਟਾਂ ਮੰਗਣ ਦਾ ਮੁੱਦਾ ਠੰਡਾ ਨਹੀਂ ਹੋਇਆ, ਇਸ ਦੇ ਨਾਲ ਹੀ ਉਨ੍ਹਾਂ ਬਾਰੇ ਇੱਕ ਵੀਡੀਓ ਵਾਇਰਲ ਹੋ ਜਾਣ ‘ਤੇ ਉਹ ਫਿਰ ਸਵਾਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਹੁਣ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਐਸ ਜੀ.ਪੀ.ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਨਵਨਿਯੁਕਤ ਪ੍ਰਧਾਨ ਲੌਂਗੋਵਾਲ ਡੇਰਾ ਸਿਰਸਾ ‘ਤੇ ਵੋਟਾਂ ਮੰਗਣ ਜਾਂਦੇ ਰਹੇ ਹਨ। ਉਨ੍ਹਾਂ ਕਿਹਾ, ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਮੁਕਟ ਪਾ ਕੇ ਪੂਜਾ ਕਰ ਸਕਦੇ ਹਨ, ਸੁਖਬੀਰ ਸਿੰਘ ਬਾਦਲ ਸ਼ਨੀ ਮੰਦਰ ਵਿਚ ਮੱਥਾ ਟੇਕ ਸਕਦੇ ਹਨ, ਹਰਸਿਮਰਤ ਕੌਰ ਬਾਦਲ ਮੰਦਰ ‘ਚ ਜਲ ਚੜ੍ਹਾ ਸਕਦੀ ਹੈ, ਤਾਂ ਗੋਬਿੰਦ ਸਿੰਘ ਲੌਂਗੋਵਾਲ ਵੀ ਉਨ੍ਹਾਂ ਦਾ ਹੀ ਪੈਰੋਕਾਰ ਹੈ।

ਐਸਜੀਪੀਸੀ ਦੇ ਇਤਿਹਾਸ ‘ਚ ਲੌਂਗੋਵਾਲ ਸਭ ਤੋਂ ਕਮਜ਼ੋਰ ਪ੍ਰਧਾਨ : ਮਨਪ੍ਰੀਤ

ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਜੱਦੀ ਹਲਕੇ ਬਠਿੰਡਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦਾ ਸਭ ਤੋਂ ਕਮਜ਼ੋਰ ਪ੍ਰਧਾਨ ਐਲਾਨਿਆ ਗਿਆ। ਬਾਦਲ ਨੇ ਕਿਹਾ ਕਿ ਨਵੀਂ ਕਾਰਜਕਰਨੀ ‘ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਛਾਪ ਸਾਫ਼ ਝਲਕ ਰਹੀ ਹੈ। ਉਨ੍ਹਾਂ ਆਖਿਆ ਕਿ ਜੇਕਰ ਗੋਬਿੰਦ ਸਿੰਘ ਲੌਂਗੋਵਾਲ ਦੀ ਥਾਂ ਕਿਸੇ ਹੋਰ ਕੱਦਾਵਰ ਆਗੂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਾਇਆ ਜਾਂਦਾ ਤਾਂ ਸ਼ਾਇਦ ਵਧੀਆ ਹੁੰਦਾ।

 

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਖਿਲਾਫ ਜ਼ਮੀਨੀ ਵਿਵਾਦ ਚਰਚਾ ‘ਚ

ਵਾਦ ਵਿਵਾਦ ‘ਚ ਫਸਿਆ ਪ੍ਰਧਾਨ ਆਯੋਗ : ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਤੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਅਕਾਲੀ ਆਗੂ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਇਆ ਕਿ ਵਾਦ ਵਿਵਾਦ ਵਿੱਚ ਫਸਿਆ ਪ੍ਰਧਾਨ ਅਯੋਗ ਹੈ ਅਤੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਵੇ।

ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸਿਰਸਾ ਨੇ ਦੋਸ਼ ਲਾਇਆ ਕਿ 2004 ਵਿੱਚ ਗੁਰਦੁਆਰਾ ਕੈਬੋਵਾਲ ਨੂੰ ਕਿਸੇ ਦਾਨੀ ਸੱਜਣ ਵੱਲੋਂ ਦਾਨ ਕੀਤੀ ਚਾਰ ਏਕੜ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਚੁੱਲੇ (ਲੋਹ ਲੰਗਰ) ਬਾਬਾ ਆਲਾ ਸਿੰਘ ਦੀ ਮਹਿੰਗੇ ਭਾਅ ਦੀ ਜ਼ਮੀਨ ਨਾਲ ਤਬਦੀਲ ਕਰਕੇ ਲਾਹਾ ਲੈਣ ਦਾ ਯਤਨ ਕੀਤਾ ਗਿਆ ਸੀ। ઠਉਨ੍ਹਾਂ ਦਾਅਵਾ ਕੀਤਾ ਕਿ ਲੌਂਗੋਵਾਲ ਸ਼ਹਿਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰੇ ਦੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ ਜਦੋਂਕਿ ਗੁਰਦੁਆਰਾ ਕੈਬੋਵਾਲ ਨੂੰ ਦਾਨ ਕੀਤੀ ਜ਼ਮੀਨ ਦੀ ਕੀਮਤ ਸਿਰਫ ਲੱਖਾਂ ਰੁਪਏ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਵੇਲੇ ਭਾਨ ਸਿੰਘ ਭੌਰਾ ਨਾਂ ਦੇ ਵਿਅਕਤੀ ਨੇ ਇਸ ਬਾਰੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਅੱਗੇ ਪਟੀਸ਼ਨ ਨੰਬਰ 43 ਹੇਠ 30 ਨਵੰਬਰ, 2005 ਨੂੰ ਕੇਸ ਵੀ ਦਾਇਰ ਕੀਤਾ ਸੀ, ਜਿਸ ਦੇ ਆਧਾਰ ‘ਤੇ ਜ਼ਮੀਨ ਦੇ ਤਬਾਦਲੇ ‘ਤੇ ਰੋਕ ਲਗਾ ਦਿੱਤੀ ਗਈ ਸੀ।  ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਅਜੇ ਵੀ ਕਮਿਸ਼ਨ ਦੇ ਵਿਚਾਰ ਅਧੀਨ ਹੈ। ਇਸ ਬਾਰੇ ਪੱਖ ਲੈਣ ਲਈ ਪ੍ਰਧਾਨ ਭਾਈ ਲੌਂਗੋਵਾਲ ਨਾਲ ਕਈ ਵਾਰ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਸੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਇਸ ਕੇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ઠਸਿਰਸਾ ਨੇ ਕਿਹਾ ਕਿ ਲੌਂਗੋਵਾਲ ਨੂੰ ਸਿੱਖ ਸੰਸਥਾ ਦੇ ਇਸ ਅਹਿਮ ਅਹੁਦੇ ਤੋਂ ਹਟਾਉਣ ਲਈ ਉਹ ਹਮਖਿਆਲੀ ਜਥੇਬੰਦੀਆਂ ਨਾਲ ਵਿਚਾਰ ਕਰਨਗੇ। ਇਸ ਮੌਕੇ ਬਲਦੇਵ ਸਿੰਘ, ਕਸ਼ਮੀਰ ਸਿੰਘ, ਅਜੀਤ ਸਿੰਘ ਬਾਠ, ਜਸਵੰਤ ਸਿੰਘ ਪਠਾਨਕੋਟ ਤੇ ਹਰਜੀਤ ਸਿੰਘ ਹਾਜ਼ਰ ਸਨ।

 

 

Check Also

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਨੇ ਮਾਤਾ ਚਿੰਤਪੁਰਨੀ ਮੰਦਰ ’ਚ ਟੇਕਿਆ ਮੱਥਾ 

ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਿਮਾਚਲ …