ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ਪੁਸਤਕ ਦੇ ਲੇਖਕ ਨੂੰ ਸਨਮਾਨਿਤ ਕੀਤਾ ਗਿਆ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 7 ਸਤੰਬਰ ਨੂੰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ‘ਪੰਜਾਬੀ ਭਵਨ ਟੋਰਾਂਟੋ’ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਦਿੱਲੀ ਤੋਂ ਆਏ ਸੁਰਿੰਦਰਜੀਤ ਸਿੰਘ ਪਾਲ ਦੀ ਪੁਸਤਕ ‘ਸਮ ਪਰੌਮੀਨੈਂਟ ਗੁਅਰਦੁਆਰਾਜ਼ ਐਂਡ ਸਿੱਖ ਆਰਗੇਨਾਈਜ਼ੇਸ਼ਨਜ਼ ਆਫ਼ ਦ ਵਰਲਡ’ ਲੋਕ-ਅਰਪਿਤ ਕੀਤੀ ਗਈ। ਇਸ ਮੌਕੇ ਇੰਡੀਅਨ ਕੌਂਸਲੇਟ ਜਨਰਲ ਆਫ਼ਿਸ ਟੋਰਾਂਟੋ ਤੋਂ ਡਿਪਟੀ ਕੌਂਸਲੇਟ ਜਨਰਲ ਸਮਾਗ਼ਮ ਦੇ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਦੇ ਨਾਲ ਪੁਸਤਕ ਦੇ ਲੇਖਕ ਐੱਸ.ਜੇ.ਐੱਸ. ਪਾਲ ਅਤੇ ਬਰੈਂਪਟਨ ਦੇ ਉੱਘੇ ਆਰਟਿਸਟ ਤੇ ਸਮਾਜ-ਸੇਵੀ ਸੀ.ਜੀ.ਏ. ਸ਼ਮੀ ਛਿੱਬਰ ਬਿਰਾਜਮਾਨ ਸਨ।
ਮੁੱਖ-ਮਹਿਮਾਨ ਦਵਿੰਦਰਪਾਲ ਸਿੰਘ ਦੇ ਸਮਾਗ਼ਮ ਵਿਚ ਪਹੁੰਚਣ ‘ਤੇ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੇ ਸਰਪ੍ਰਸਤ ਮਹਿੰਦਰ ਸਿੰਘ ਵਾਲੀਆ ਅਤੇ ‘ਮਰੋਕ ਲਾਅ ਆਫ਼ਿਸ’ ਦੇ ਸੰਚਾਲਕ ਵਿਪਨਦੀਪ ਸਿੰਘ ਮਰੋਕ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਬੁਕੇ ਨਾਲ ਸੁਆਗ਼ਤ ਕੀਤਾ ਗਿਆ। ਉਪਰੰਤ, ਮੰਚ ਦੀ ਕਾਰਵਾਈ ਆਰੰਭ ਕਰਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਸਮਾਗ਼ਮ ਦੀ ਰੂਪ-ਰੇਖਾ ਦੱਸਣ ਤੋਂ ਬਾਅਦ ਐਸੋਸੀਏਸ਼ਨ ਦੇ ਵਾਈਸ-ਪ੍ਰੈਜ਼ੀਡੈਂਟ ਆਰ.ਪੀ.ਐੱਸ. ਵਾਲੀਆ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਮੁੱਖ-ਮਹਿਮਾਨ ਅਤੇ ਆਏ ਮਹਿਮਾਨਾਂ ਨੂੰ ਹਾਰਦਿਕ ‘ਜੀ-ਆਇਆਂ’ ਕਹਿੰਦਿਆਂ ਹੋਇਆਂ ਪੁਸਤਕ ਦੇ ਲੇਖਕ ਅਤੇ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਇਸ ਪੁਸਤਕ ਅਤੇ ਇਸ ਦੇ ਲੇਖਕ ਬਾਰੇ ਵਿਸਤ੍ਰਿਤ ਜਾਣਕਾਰੀ ਉੱਘੇ ਪੰਜਾਬੀ ਲੇਖਕ ਸਰੂਪ ਸਿੰਘ ਅਲੱਗ ਦੇ ਸਪੁੱਤਰ ਸੁਖਵਿੰਦਰ ਸਿੰਘ ਅਲੱਗ ਵੱਲੋਂ ਹਾਜ਼ਰੀਨ ਨਾਲ ਸਾਂਝੀ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਸੁਰਿੰਦਰਜੀਤ ਸਿੰਘ ਪਾਲ ਸਾਬਕਾ ਆਈ.ਆਰ.ਐੱਸ. ਅਫ਼ਸਰ ਹਨ ਅਤੇ ਉਹ ਬਤੌਰ ਚੀਫ਼ ਕਮਿਸ਼ਨਰ ਇਨਕਮ ਟੈਕਸ ਦੇ ਅਹਿਮ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ। ਉਹ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੇ ਚੇਅਰਪਰਸਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੰਡੀਕੇਟ ਤੇ ਸੈਨੇਟ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਸਿੱਖ ਇਤਿਹਾਸ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ਼ ਸਬੰਧਿਤ 15 ਪੁਸਤਕਾਂ ਲਿਖੀਆਂ ਹਨ ਅਤੇ ਉਨ੍ਹਾਂ ਦੀ 2016 ਵਿਚ ਪ੍ਰਕਾਸ਼ਿਤ ਹੋਈ ਪੁਸਤਕ ‘500 ਸਿੱਖ ਰੋਲ ਮਾਡਲ’ ਕਾਫੀ ਚਰਚਿਤ ਹੋਈ ਸੀ। ਉਨ੍ਹਾਂ ਨੇ ਇਕ ਪੁਸਤਕ ਯੋਗਾ ਉੱਪਰ ਵੀ ਲਿਖੀ ਹੈ ਜਿਸ ਨੂੰ 2004 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਬੈੱਸਟ ਨਾਲਿਜ ਬੁੱਕ’ ਦਾ ਸਨਮਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਦੇ ਇਕ ਨਾਵਲ ਉੱਪਰ ਬਣੀ ਫ਼ਿਲਮ ‘ਮਿੱਟੀ ਦਾ ਬਾਵਾ’ 18 ਅਕਤੂਬਰ 2019 ਨੂੰ ਰਿਲੀਜ਼ ਹੋ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸੁਰਿੰਦਰਜੀਤ ਸਿੰਘ ਪਾਲ ਦੀ ਇਸ ਪੁਸਤਕ ਤੋਂ ਪਹਿਲੀ ਪੁਸਤਕ ‘500 ਸਿੱਖ ਰੋਲ ਮਾਡਲਜ਼’ ਵਿਚ ਉਨ੍ਹਾਂ ਨੇ 500 ਸਿੱਖਾਂ ਵੱਲੋਂ ਆਪੋ-ਆਪਣੇ ਖ਼ੇਤਰਾਂ ਵਿਚ ਮਾਰੀਆਂ ਮੱਲਾਂ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ, ਜਦ ਕਿ ਇਸ ਸਮਾਗ਼ਮ ਵਿਚ ਲੋਕ-ਅਰਪਿਤ ਹੋਈ ਇਸ ਡਾਇਰੈਕਟਰੀ-ਨੁਮਾ ਪੁਸਤਕ ‘ਸਮ ਪਰੌਮੀਨੈਂਟ ਗੁਅਰਦੁਆਰਾਜ਼ ਐਂਡ ਸਿੱਖ ਆਰਗੇਨਾਈਜ਼ੇਸ਼ਨਜ਼’ ਵਿਚ ਉਨ੍ਹਾਂ ਨੇ ਦੇਸ਼-ਵਿਦੇਸ਼ ਦੇ ਇਤਿਹਾਸਕ ਤੇ 250 ਗੁਰਦੁਆਰਾ ਸਾਹਿਬਾਨ ਅਤੇ ਲੱਗਭੱਗ 300 ਗ਼ੈਰ ਸਰਕਾਰੀ ਸਮਾਜ-ਸੇਵੀ ਸੰਸਥਾਵਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਵਿਚ ਸਿੱਖ ਧਰਮ ਵਿਚ ਲੰਗਰ, ਸੇਵਾ, ਸਿਮਰਨ, ਮਾਰਸ਼ਲ ਆਰਟ ਗਤਕਾ, ਆਦਿ ਵਿਸ਼ਿਆਂ ਦੇ ਨਾਲ਼ ਨਾਲ਼ ਸਿੱਖਾਂ ਦੀਆਂ ਆਹਲੂਵਾਲੀਆ, ਰਾਮਗੜ੍ਹੀਆ, ਭਾਟੜਾ, ਸਿਕਲੀਗਰ ਆਦਿ ਬਰਾਦਰੀਆਂ ਬਾਰੇ ਵੱਡ-ਮੁੱਲੀ ਜਾਣਕਾਰੀ ਅੰਕਿਤ ਕੀਤੀ ਗਈ ਹੈ ਜਿਸ ਸਦਕਾ ਇਸ ਨੂੰ ਇਕ ਵਧੀਆ ਜਾਣਕਾਰੀ ਭਰਪੂਰ ‘ਰੈਫ਼ਰੈਂਸ ਬੁੱਕ’ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਸ ਮੌਕੇ ਸ਼ਮੀ ਛਿੱਬਰ ਨੇ ਵੀ ਹਾਜ਼ਰੀਨ ਨੂੰ ਸੰਬੌਧਨ ਕੀਤਾ।
ਸਮਾਗ਼ਮ ਦੇ ਮੁੱਖ-ਮਹਿਮਾਨ ਦਵਿੰਦਰ ਪਾਲ ਨੇ ਪੁਸਤਕ ਦੇ ਲੇਖਕ ਸੁਰਿੰਦਰਜੀਤ ਸਿੰਘ ਪਾਲ ਨੂੰ ਇਸ ਮਹਾਨ ਕਾਰਜ ਲਈ ਮੁਬਾਰਕਬਾਦ ਦਿੰਦਆਂ ਕਿਹਾ ਕਿ ਸਿੱਖੀ ਵਿਚ ਲੰਗਰ ਅਤੇ ਸੇਵਾ ਦਾ ਬਹੁਤ ਉੱਤਮ ਸਥਾਨ ਹੈ ਅਤੇ ਇਹ ਅੱਗੋਂ ਵੀ ਇੰਜ ਹੀ ਜਾਰੀ ਰਹੇਗਾ ਪਰ ਇਸ ਦੇ ਨਾਲ਼ ਹੀ ਸਾਨੂੰ ਇਹ ਸੇਵਾਵਾਂ ਲੋੜਵੰਦ ਵਿਅੱਕਤੀਆਂ ਨੂੰ ਪਹੁੰਚਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬੜੀ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ઑਖ਼ਾਲਸਾ ਏਡ਼ ਵਰਗੀਆਂ ਨਿਸ਼ਕਾਮ ਸੰਸਥਾਵਾਂ ਇਹ ਕੰਮ ਬਾਖ਼ੂਬੀ ਕਰ ਰਹੀਆਂ ਹਨ ਅਤੇ ਹੋਰਨਾਂ ਸੰਸਥਾਵਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਮੌਕੇ ਸੁਰਿੰਦਰਜੀਤ ਸਿੰਘ ਪਾਲ ਦੇ ਨਾਲ਼ ਸੀ.ਪੀ.ਏ. ਸ਼ਮੀ ਛਿੱਬਰ, ਸੁਖਵਿੰਦਰ ਸਿੰਘ ਅਲੱਗ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਸ਼ਾਨਦਾਰ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ। ਉਪਰੰਤ, ਐਸੋਸੀਏਸ਼ਨ ਦੇ ਸਰਪ੍ਰਸਤ ਮਹਿੰਦਰ ਸਿੰਘ ਵਾਲੀਆ, ਪ੍ਰਧਾਨ ਟੌਮੀ ਵਾਲੀਆ ਅਤੇ ਵਾਈਸ-ਪ੍ਰਧਾਨ ਆਰ.ਪੀ.ਐੱਸ. ਵਾਲੀਆ ਵੱਲੋਂ ਉਨ੍ਹਾਂ ਨੂੰ ਸ਼ਾਨਦਾਰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸਮਾਗ਼ਮ ਦੇ ਅਖ਼ੀਰ ਵਿਚ ਵਿਪਨਦੀਪ ਮਰੋਕ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ ਵੱਲੋਂ ਆਏ ਸਮੂਹ-ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Home / ਕੈਨੇਡਾ / ਐੱਸ.ਜੇ.ਐੱਸ. ਪਾਲ ਦੀ ਪੁਸਤਕ ‘ਸਮ ਪਰੌਮੀਨੈਂਟ ਗੁਰਦੁਆਰਾਜ਼ ਐਂਡ ਸਿੱਖ ਆਰਗੇਨਾਈਜ਼ੇਸ਼ਨਜ਼ ਆਫ਼ ਦ ਵਰਲਡ’ ਕੀਤੀ ਗਈ ਲੋਕ-ਅਰਪਿਤ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …