Breaking News
Home / ਪੰਜਾਬ / ਬੈਂਸ ਭਰਾਵਾਂ ਵਲੋਂ ‘ਸਾਡੀ ਪੰਚਾਇਤ, ਸਾਡੀ ਜ਼ਮੀਨ’ ਅੰਦੋਲਨ ਦੀ ਸ਼ੁਰੂਆਤ

ਬੈਂਸ ਭਰਾਵਾਂ ਵਲੋਂ ‘ਸਾਡੀ ਪੰਚਾਇਤ, ਸਾਡੀ ਜ਼ਮੀਨ’ ਅੰਦੋਲਨ ਦੀ ਸ਼ੁਰੂਆਤ

A view of hoisting flags in panchayat land by LIP President Simarjit singh Bains MLA and others at village Bhammadi.
Tribune photo to go with Gurminder Grewal ’s story

ਖੰਨਾ : ਲੋਕ ਇਨਸਾਫ਼ ਪਾਰਟੀ ਆਗੂਆਂ ਨੇ ਖੰਨਾ ਨੇੜਲੇ ਪਿੰਡ ਭੁਮੱਦੀ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਪੰਚਾਇਤੀ ਜ਼ਮੀਨ ਵਿਚ 5 ਝੰਡੇ ਗੱਡ ਕੇ ‘ਸਾਡੀ ਪੰਚਾਇਤ, ਸਾਡੀ ਜ਼ਮੀਨ’ ਜਨ ਅੰਦੋਲਨ ਦਾ ਆਗਾਜ਼ ਕੀਤਾ। ਇਸ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਸ਼ਾਮਲ ਹੋਏ। ਪਾਰਟੀ ਵੱਲੋਂ ਭੁਮੱਦੀ ਤੋਂ ਸ਼ੁਰੂ ਕੀਤਾ ਗਿਆ ਅੰਦੋਲਨ ਪਿੰਡ ਮੋਹਨਪੁਰ, ਅਲੌੜ, ਬਦਲਾ ਬਸਤੀ, ਬਜ਼ੀਰਾਬਾਦ, ਨਵੀਂਪੁਰ, ਰਿਓਣਾ, ਛਲੇੜੀ ਤੋਂ ਹੁੰਦਾ ਹੋਇਆ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੇਹਰਾ ਸਿਹਰੀ ਵਿਚ ਸਮਾਪਤ ਹੋਇਆ। ਭੁਮੱਦੀ ਵਿਚ ਇੱਕਠ ਨੂੰ ਸੰਬੋਧਨ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਦਬਾਅ ਹੇਠ ਕੋਈ ਵੀ ਅਜਿਹਾ ਮਤਾ ਨਾ ਪਾਉਣ, ਜਿਸ ਨਾਲ ਉਨ੍ਹਾਂ ਦੀ ਕਰੋੜਾਂ ਦੀ ਪੰਚਾਇਤੀ ਜ਼ਮੀਨ ਨੂੰ ਸਰਕਾਰ ਵੱਡੇ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਦੇਵੇ। ਬੈਂਸ ਭਰਾਵਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਮੀਨ ਐਕਟ ਪਾਸ ਕਰਨ ਵਿਰੁੱਧ ਜੇ ਉਨ੍ਹਾਂ ਦੀ ਪਾਰਟੀ ਨੂੰ ਸੁਪਰੀਮ ਕੋਰਟ ਵੀ ਜਾਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਪਾਰਟੀ ਜਲਦੀ ਪੰਜਾਬ ਸਰਕਾਰ ਖਿਲਾਫ ਅਦਾਲਤ ਦੇ ਹੁਕਮ ਅਦੂਲੀ ਸਬੰਧੀ ਦਾਅਵਾ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਿਸੇ ਵੀ ਕੀਮਤ ‘ਤੇ ਭੂ-ਮਾਫ਼ੀਆ ਦਾ ਕਿਸੇ ਵੀ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਨਹੀਂ ਹੋਣ ਦੇਵੇਗੀ। ਬੈਂਸ ਭਰਾਵਾਂ ਨੇ ਸੂਬੇ ਭਰ ਦੇ ਦਲਿਤਾਂ ਦੇ 33 ਫ਼ੀਸਦੀ ਰਾਖਵੇਂਕਰਨ ਨੂੰ ਯਕੀਨੀ ਬਨਾਉਣ ਦੀ ਗੱਲ ਕਰਦਿਆਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ‘ਤੇ ਦਲਿਤ ਸਮਾਜ ਦਾ ਵੀ ਪੂਰਾ ਹੱਕ ਹਕੂਕ ਹੈ, ਜਿਸ ਨੂੰ ਖੋਹਣ ਨਹੀਂ ਦਿੱਤਾ ਜਾਵੇਗਾ। ਬੈਂਸ ਨੇ ਕਿਹਾ ਕਿ ਪੰਜਾਬ ਦੀਆਂ ਪੰਚਾਇਤਾਂ ਕੋਲ 1,35,000 ਏਕੜ ਵਾਹੀਯੋਗ ਜ਼ਮੀਨ ਹੈ, ਜਿਸ ਤੋਂ ਸਾਲ 2018-19 ਵਿਚ 340 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜੋ ਮੌਜੂਦਾ ਸਾਲ ‘ਚ 500 ਕਰੋੜ ਤੱਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਉਹ ਉਦਯੋਗਾਂ ਦਾ ਵਿਰੋਧ ਨਹੀਂ ਕਰ ਰਹੇ ਪਰ ਜੇ ਸਰਕਾਰ ਉਦਯੋਗ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਤਾਂ ਪੰਜਾਬ ‘ਚ ਬੰਦ ਪਈਆਂ ਸਨਅਤਾਂ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਮੌਕੇ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਸਰਬਜੀਤ ਸਿੰਘ ਕੰਗ ਆਦਿ ਹਾਜ਼ਰ ਸਨ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …