ਸ਼ਰਨਜੀਤ ਸਿੰਘ ਢਿੱਲੋਂ ਨੂੰ ਬਣਾਇਆ ਗਿਆ ਵਿਧਾਇਕ ਦਲ ਦਾ ਆਗੂ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵਿਧਾਇਕ ਪਾਰਟੀ ਦੇ ਆਗੂ ਵਜੋਂ ਪਰਮਿੰਦਰ ਸਿੰਘ ਢੀਂਡਸਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਤੇ ਪ੍ਰਧਾਨ ਨੇ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਪਾਰਟੀ ਦਾ ਨੇਤਾ ਥਾਪ ਦਿੱਤਾ ਹੈ। ਢੀਂਡਸਾ ਵੱਲੋਂ ਭੇਜੇ ਸੰਖੇਪ ਅਸਤੀਫ਼ਾ ਪੱਤਰ ਵਿੱਚ ਕੋਈ ਕਾਰਨ ਨਹੀਂ ਦੱਸਿਆ ਗਿਆ।
ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਨਾਲ ਬਾਦਲਾਂ ਅਤੇ ਸੁਖਦੇਵ ਸਿੰਘ ਢੀਂਡਸਾ ਦਰਮਿਆਨ ਚਲਦੀ ਖਿੱਚੋਤਾਣ ਵਧਣ ਦੇ ਆਸਾਰ ਹਨ। ਸੁਖਦੇਵ ਸਿੰਘ ਢੀਂਡਸਾ ਵੱਲੋਂ ਪਿਛਲੇ ਇੱਕ ਸਾਲ ਦੇ ਵੀ ਵੱਧ ਸਮੇਂ ਤੋਂ ਬਾਦਲਾਂ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ ਤੇ ਛੋਟੇ ਢੀਂਡਸਾ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਦਾ ਅੰਦਰੂਨੀ ਸੰਕਟ ਹੀ ਨਹੀਂ ਵਧਿਆ ਸਗੋਂ ਵੱਡੇ ਢੀਂਡਸਾ ਵੱਲੋਂ ਅਖ਼ਤਿਆਰ ਕੀਤੇ ਰਸਤੇ ਨੂੰ ਬਲ ਮਿਲਿਆ ਹੈ। ਪਰਮਿੰਦਰ ਸਿੰਘ ਢੀਂਡਸਾ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਤੋਂ ਬਾਹਰ ਹੀ ਹਨ ਤੇ ਉਨ੍ਹਾਂ ਦਾ ਅਕਾਲੀ ਦਲ ਦੇ ਸਾਰੇ ਨੇਤਾਵਾਂ ਨਾਲੋਂ ਸੰਪਰਕ ਟੁੱਟਿਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ, ਖਾਸ ਕਰ ਬਾਦਲ ਪਰਿਵਾਰ ਨੇ ਭਾਵੇਂ ਪਿਛਲੇ ਡੇਢ ਕੁ ਮਹੀਨੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੀਆਂ ਮੁੱਖ ਧਾਰਾ ‘ਚ ਆਉਣ ਦੀਆਂ ਸੰਭਾਵਨਾਵਾਂ ਰੱਦ ਕਰ ਦਿੱਤੀਆਂ ਸਨ ਪਰ ਬਾਦਲਾਂ ਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਛੋਟੇ ਢੀਂਡਸਾ ਆਪਣੇ ਪਿਤਾ ਦਾ ਰਸਤਾ ਅਖ਼ਤਿਆਰ ਕਰਦੇ ਹੋਏ ਪਾਰਟੀ ਨੂੰ ਨਮੋਸ਼ੀ ਵੱਲ ਧੱਕ ਜਾਣਗੇ।
ਲੰਘੇ ਦਸੰਬਰ ਮਹੀਨੇ ਤੋਂ ਹੀ ਜਦੋਂ ਵੱਡੇ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਟਕਸਾਲੀ ਅਕਾਲੀ ਦਲ ਦੀ ਸਟੇਜ ਤੋਂ ‘ਬਾਗੀਆਂ’ ਨੂੰ ਸੰਬੋਧਨ ਕੀਤਾ ਸੀ ਤਾਂ ਛੋਟੇ ਢੀਂਡਸਾ ਨੇ ਪਾਰਟੀ ਦੀਆਂ ਸਰਗਰਮੀਆਂ ਤੋਂ ਟਾਲਾ ਵੱਟ ਲਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਟਕਸਾਲੀਆਂ ਨਾਲ ਹੱਥ ਮਿਲਾ ਲਿਆ ਸੀ। ਇਸਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਢੀਂਡਸਾ ਨੇ ਅੰਮ੍ਰਿਤਸਰ ਵਿਚ ਟਕਸਾਲੀਆਂ ਨਾਲ ਮਿਲ ਕੇ ਇਕ ਵੱਖਰਾ ਸਮਾਗਮ ਕੀਤਾ ਸੀ ਅਤੇ ਬਾਦਲਾਂ ਖਿਲਾਫ ਝੰਡਾ ਵੀ ਚੁੱਕ ਲਿਆ ਸੀ। ਧਿਆਨ ਰਹੇ ਕਿ ਪਰਮਿੰਦਰ ਸਿੰਘ ਉਸ ਸਮੇਂ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਮਾਗਮ ਵਿਚ ਸ਼ਾਮਲ ਹੋਏ ਸਨ ਅਤੇ ਨਾ ਹੀ ਸੁਖਦੇਵ ਸਿੰਘ ਢੀਂਡਸਾ ਵਾਲੇ ਸਮਾਗਮ ਵਿਚ ਹਾਜ਼ਰ ਹੋਏ ਸਨ।
ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕਰਾਂਗਾ ਕੰਮ : ਢੀਂਡਸਾ
ਸੰਗਰੂਰ : ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾਗਾਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਅਤੇ ਪਰੰਪਰਾਵਾਂ ਨੂੰ ਲੀਹਾਂ ‘ਤੇ ਲਿਆਉਣ ਲਈ ਜੋ ਬੀੜਾ ਚੁੱਕਿਆ ਹੈ, ਉਹ ਉਨ੍ਹਾਂ ਦੇ ਇਸ ਫ਼ੈਸਲੇ ਨਾਲ ਡਟ ਕੇ ਖੜ੍ਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਉਨ੍ਹਾਂ ਨੂੰ ਜੋ ਕੁਝ ਵੀ ਕਰਨਾ ਪਿਆ, ਉਹ ਕਰਨਗੇ। ਢੀਂਡਸਾ ਇੱਥੇ ਆਪਣੀ ਰਿਹਾਇਸ਼ ‘ਤੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਪਾਰਟੀ ਵਿਧਾਇਕ ਦਲ ਦੇ ਨੇਤਾ ਵਜੋਂ ਅਸਤੀਫ਼ਾ ਦੇਣ ਮਗਰੋਂ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਅਸਤੀਫ਼ਾ ਕਿਸੇ ਦਬਾਅ ਹੇਠ ਨਹੀਂ ਦਿੱਤਾ, ਸਗੋਂ ਉਨ੍ਹਾਂ ਨੂੰ ਖ਼ੁਦ ਫ਼ੈਸਲਾ ਲੈਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਉਹ ਦੁਚਿੱਤੀ ਵਿਚ ਜ਼ਰੂਰ ਸਨ ਪਰ ਉਨ੍ਹਾਂ ਨੇ ਹਰ ਗੱਲ ‘ਤੇ ਵਿਚਾਰ-ਚਰਚਾ ਕਰਨ ਮਗਰੋਂ ਹੀ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਅਤੇ ਪਰੰਪਰਾਵਾਂ ਨੂੰ ਲੀਹਾਂ ‘ਤੇ ਲਿਆਉਣ ਲਈ ਜੋ ਬੀੜਾ ਚੁੱਕਿਆ ਹੈ, ਉਹ ਉਨ੍ਹਾਂ ਦੇ ਫ਼ੈਸਲੇ ਨਾਲ ਡਟ ਕੇ ਖੜ੍ਹੇ ਹਨ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਲੜਾਈ ਨਹੀਂ ਹੈ, ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਿਧਾਂਤਕ ਲੜਾਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ‘ਚ ਜੋ ਕੁਝ ਹੋ ਰਿਹਾ ਸੀ, ਉਸ ਤੋਂ ਉਨ੍ਹਾਂ ਦੇ ਪਿਤਾ ਖ਼ਫ਼ਾ ਸਨ, ਜਿਨ੍ਹਾਂ ਨੇ ਪਾਰਟੀ ‘ਚ ਗੱਲ ਵੀ ਰੱਖੀ। ਢੀਂਡਸਾ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਾਰਟੀ ਨੇ ਨਹੀਂ ਕਰਵਾਈ ਪਰ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਬੇਅਦਬੀ ਹੋਈ ਹੈ। ਇਸ ਗੱਲ ‘ਤੇ ਪਾਰਟੀ ਨੂੰ ਖੇਦ ਪ੍ਰਗਟ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ।