ਕਿਹਾ – ਆਈ.ਐਸ.ਆਈ. ਅਤੇ ਸਿੱਖ ਫਾਰ ਜਸਟਿਸ ਪੰਜਾਬ ਖਿਲਾਫ ਮਿਲਕੇ ਕਰਦੇ ਹਨ ਕੰਮ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਫਾਰ ਜਸਟਿਸ ਅਤੇ ਆਈ.ਐਸ.ਆਈ. ਵਿਚਕਾਰ ਗੰਢਤੁੱਪ ਦੀ ਗੱਲ ਆਖੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਸਥਿਤ ਕਰਤਾਰਪੁਰ ਵਿਚ 2019 ‘ਚ ਹੋਣ ਵਾਲੀ ਸਿੱਖ ਫਾਰ ਜਸਟਿਸ ਦੀ ਕਨਵੈਨਸ਼ਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਈ.ਐਸ.ਆਈ. ਅਤੇ ਸਿੱਖ ਫਾਰ ਜਸਟਿਸ ਇਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਐਸ.ਐਫ.ਜੇ. ਅਤੇ ਆਈ.ਐਸ.ਆਈ. ਦਾ ਨੈਕਸਸ ਮਿਲ ਕੇ ਪੰਜਾਬ ਖਿਲਾਫ ਕੰਮ ਕਰ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਨਾਲ ਰਿਸ਼ਤੇ ਸੁਧਾਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣੀ ਚਾਹੀਦੀ ਹੈ। ਕੈਪਟਨ ਨੇ ਪਾਕਿ ਫੌਜ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ 1965, 1971 ਤੇ ਕਾਰਗਿਲ ਦੀ ਜੰਗ ਵਿੱਚ ਭਾਰਤ ਹੱਥੋਂ ਮਿਲੀਆਂ ਹਾਰਾਂ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸਾਡੀ ਫ਼ੌਜ ਤੇ ਪੁਲਿਸ ਕਿਸੇ ਵੀ ਹਮਲੇ ਦਾ ਟਾਕਰਾ ਕਰਨ ਲਈ ਸਮਰੱਥ ਹੈ।

