ਮੁੱਖ ਮੰਤਰੀ ਚਿਹਰਾ ਨਾ ਬਣਾਏ ਜਾਣ ਕਾਰਨ ਚੱਲ ਰਹੇ ਨੇ ਪਾਰਟੀ ਨਾਲ ਨਾਰਾਜ਼
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਇਨ੍ਹੀਂ ਦਿਨੀਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ। ਇਸ ਲਈ ਉਹ ਪਾਰਟੀ ਦੇ ਪ੍ਰੋਗਰਾਮਾਂ ਵਿਚ ਹਿੱਸਾ ਵੀ ਨਹੀਂ ਲੈ ਰਹੇ। ਲਖੀਮਪੁਰ ਘਟਨਾ ਨੂੰ ਲੈ ਕੇ ਵੀ ਭਗਵੰਤ ਮਾਨ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ ਜਦਕਿ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ‘ਤੇ ਇਸ ਘਟਨਾ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਦੀ ਅਗਵਾਈ ਵਿਚ ਆਪ ਦਾ ਇਕ ਵਫ਼ਦ ਵੀ ਖਲੀਮਪੁਰ ਪਹੁੰਚਿਆ ਹੈ ਜਿੱਥੇ ਉਨ੍ਹਾਂ ਨੇ ਜ਼ਖਮੀ ਕਿਸਾਨਾਂ ਦਾ ਹਾਲਚਾਲ ਵੀ ਪੁੱਛਿਆ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ‘ਚ ਰਾਜ ਭਵਨ ਦਾ ਘਿਰਾਓ ਕਰਨ ਲਈ ਵੱਡਾ ਐਕਸ਼ਨ ਪਾਰਟੀ ਵੱਲੋਂ ਕੀਤਾ ਗਿਆ ਜਦਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਇਨ੍ਹਾਂ ਦੋਵਾਂ ਪ੍ਰੋਗਰਾਮਾਂ ਵਿਚ ਨਜ਼ਰ ਨਹੀਂ ਆਏ। ਇਸ ਤੋਂ ਸਾਫ਼ ਹੁੰਦਾ ਹੈ ਕਿ ਉਹ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ। ਦਰਅਸਲ ਆਮ ਆਦਮੀ ਪਾਰਟੀ ਇਹ ਐਲਾਨ ਕਰ ਚੁੱਕੀ ਹੈ ਕਿ ਉਹ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਉਮੀਦਵਾਰ ਦੇ ਐਲਾਨ ਨਾਲ ਹੀ ਲੜੇਗੀ।ਭਗਵੰਤ ਮਾਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ। ਪ੍ਰੰਤੂ ਅਜੇ ਤੱਕ ਅਜਿਹਾ ਨਹੀਂ ਕੀਤਾ ਗਿਆ ਜਦਕਿ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਗਵੰਤ ਮਾਨ ਨੂੰ ਸੀ ਐਮ ਚਿਹਰਾ ਬਣਾਉਣ ਲਈ ਸ਼ਕਤੀ ਪ੍ਰਦਰਸ਼ਨ ਵੀ ਕਰ ਚੁੱਕੇ ਹਨ।