Breaking News
Home / ਪੰਜਾਬ / ‘ਖਾਲਸਾ ਏਡ’ ਜਥੇਬੰਦੀ ਰੋਹਿੰਗਿਆ ਮੁਸਲਮਾਨਾਂ ਦੀ ਮੱਦਦ ਲਈ ਇਕੱਠਾ ਕਰ ਰਹੀ ਹੈ ਜ਼ਰੂਰਤ ਦਾ ਸਮਾਨ

‘ਖਾਲਸਾ ਏਡ’ ਜਥੇਬੰਦੀ ਰੋਹਿੰਗਿਆ ਮੁਸਲਮਾਨਾਂ ਦੀ ਮੱਦਦ ਲਈ ਇਕੱਠਾ ਕਰ ਰਹੀ ਹੈ ਜ਼ਰੂਰਤ ਦਾ ਸਮਾਨ

ਕੌਮਾਂਤਰੀ ਪੱਧਰ ‘ਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਜਥੇਬੰਦੀ
ਲੁਧਿਆਣਾ/ਬਿਊਰੋ ਨਿਊਜ਼
‘ਸਰਬੱਤ ਦੇ ਭਲੇ’ ਦੇ ਸਿਧਾਂਤ ਨੂੰ ਆਧਾਰ ਬਣਾ ਕੇ ਕੌਮਾਂਤਰੀ ਪੱਧਰ ‘ਤੇ ਮਨੁੱਖਤਾ ਦੀ ਸੇਵਾ ਕਰ ਰਹੀ ਜਥੇਬੰਦੀ ઠ’ਖ਼ਾਲਸਾ ਏਡ’ ਵੱਲੋਂ ਮਿਆਂਮਾਰ ਵਿਚੋਂ ਉਜਾੜੇ ਗਏ ਰੋਹਿੰਗਿਆ ਮੁਸਲਮਾਨਾਂ ਦੀ ਸੇਵਾ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਹੈ। ਇਸ ਜਥੇਬੰਦੀ ਦੇ ਵਾਲੰਟੀਅਰ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਲਈ ਦਵਾਈਆਂ, ਲੰਗਰ, ਪੀਣ ਵਾਲੇ ਪਾਣੀ, ਤਰਪਾਲਾਂ ਅਤੇ ਕੱਪੜਿਆਂ ਦਾ ਪ੍ਰਬੰਧ ਕਰ ਰਹੇ ਹਨ।
ਇਸ ਜਥੇਬੰਦੀ ਦੇ ਪੰਜਾਬ ਤੋਂ ਇੱਕ ਦਰਜਨ ਦੇ ਕਰੀਬ ਵਾਲੰਟੀਅਰਾਂ ਦਾ ਜਥਾ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਮਿਆਂਮਾਰ-ਬੰਗਲਾਦੇਸ਼ ਸਰਹੱਦ ਨੇੜੇ ਟੈਕਨਾਫ਼ ਕਸਬੇ ਵਿੱਚ ਬਣੇ ਸ਼ਰਨਾਰਥੀ ਕੈਂਪਾਂ ਵਿਚ 40-50 ਹਜ਼ਾਰ ਦੇ ਕਰੀਬ ਲੋਕਾਂ ਦੀ ਸਾਂਭ-ਸੰਭਾਲ ਕਰ ਰਿਹਾ ਹੈ। ਇਸ ਕਾਰਜ ਨੂੰ ਅੱਗੇ ਵਧਾਉਣ ਲਈ ਲੁਧਿਆਣਾ ਤੋਂ ਅਗਲਾ ਜਥਾ 29 ਸਤੰਬਰ ਨੂੰ ਰਵਾਨਾ ਹੋਵੇਗਾ। ਜਥੇਬੰਦੀ ਦੇ ਕੰਮਾਂ ਬਾਰੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਮੈਂਬਰ ਪਰਮਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਸਮੇਤ ਇੱਕ ਦਰਜਨ ਵਾਲੰਟੀਅਰਾਂ ਨੇ ਰੋਹਿੰਗਿਆ ਮੁਸਲਮਾਨਾਂ ਦੀ ਸੇਵਾ-ਸੰਭਾਲ ਦਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸ਼ਰਨਾਰਥੀ ਕੈਪਾਂ ਦੀ ਹਾਲਤ ਐਨੀ ਮਾੜੀ ਹੈ ਕਿ ਬਿਆਨ ਕਰਨੀ ਵੀ ਔਖੀ ਹੈ। ਉਜਾੜੇ ਦਾ ਦਰਦ ਝੱਲ ਰਹੇ ਰੋਹਿੰਗਿਆ ਸ਼ਰਨਾਰਥੀਆਂ, ਜਿਨ੍ਹਾਂ ਨੂੰ ਭਾਰਤ ਸਰਕਾਰ ਗ਼ੈਰਕਾਨੂੰਨੀ ਪਰਵਾਸੀ ਦੱਸ ਰਹੀ ਹੈ, ਦੀ ਗਿਣਤੀ ਲੱਖਾਂ ਵਿੱਚ ਹੋਣ ਕਾਰਨ ਸਾਂਭ-ਸੰਭਾਲ ਦੇ ਪੂਰੇ ਪ੍ਰਬੰਧ ਕਰਨੇ ਵੀ ਸੌਖੇ ਨਹੀਂ ਹਨ।
‘ਖ਼ਾਲਸਾ ਏਡ’ ਦੇ ਭਾਰਤ ਵਿੱਚ ਸੋਸ਼ਲ ਮੀਡੀਆ ਵਿੰਗ ਦੇ ਮੁਖੀ ਗਗਨਦੀਪ ઠਸਿੰਘ ਨੇ ਦੱਸਿਆ ਕਿ ਪੰਜਾਬ ਦੀ ਟੀਮ ਵੱਲੋਂ ਮਿਆਂਮਾਰ ਤੋਂ ਉਜੜ ਕੇ ਆਏ ਲੋਕਾਂ ਲਈ ਦੋ ਵੇਲੇ ਦਾ ਲੰਗਰ, ਪੀਣ ਵਾਲੇ ਪਾਣੀ, ਦਵਾਈਆਂ, ਕੱਪੜਿਆਂ, ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਭਲਾਈ ਕਾਰਜਾਂ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਪ੍ਰਬੰਧ ਕਰਨ ਵਿੱਚ ਜੁਟੀਆਂ ਰਹੀਆਂ ਹਨ। ‘ਖ਼ਾਲਸਾ ਏਡ’ ਦੀ ਲੁਧਿਆਣਾ ਟੀਮ ਦੇ ਮੁਖੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਔਨਲਾਈਨ ਡੋਨੇਸ਼ਨ ਨੂੰ ઠਵਿਸ਼ਵ ਭਰ ਦੀ ਸੰਗਤ ਵੱਲੋਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਕੀਤੀ ਜਾ ਰਹੀ ਹੈ, ਜਿਹੜੀ ਅੱਗੇ ਵੀ ਜਾਰੀ ਰਹੇਗੀ।

 

 

Check Also

ਹਰਿਆਣਾ ‘ਚ ਲੌਕਡਾਊਨ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

ਧਰਨਿਆਂ ‘ਚ ਕਿਸਾਨ ਬੀਬੀਆਂ, ਨੌਜਵਾਨ ਅਤੇ ਬਜ਼ੁਰਗ ਕਰ ਰਹੇ ਹਨ ਸ਼ਿਰਕਤ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨਾਂ …