Breaking News
Home / ਦੁਨੀਆ / ਅਮਰੀਕਾ ਵਿੱਚ ਭਾਰਤੀ ਮੂਲ ਦੀ ਲੜਕੀ ਉਤੇ ਨਸਲੀ ਟਿੱਪਣੀਆਂ

ਅਮਰੀਕਾ ਵਿੱਚ ਭਾਰਤੀ ਮੂਲ ਦੀ ਲੜਕੀ ਉਤੇ ਨਸਲੀ ਟਿੱਪਣੀਆਂ

ਕਿਹਾ, ਇਥੋਂ ਦਫਾ ਹੋ ਜਾ
ਨਿਊਯਾਰਕ/ਬਿਊਰੋ ਨਿਊਜ਼ :
ਇੱਥੇ ਅਫਰੀਕੀ-ਅਮਰੀਕੀ ਵਿਅਕਤੀ ਨੇ ਮਸਰੂਫ਼ ਯਾਤਰੀ ਰੇਲ ਗੱਡੀ ਵਿੱਚ ਸਫ਼ਰ ਕਰ ਰਹੀ ਭਾਰਤੀ ਮੂਲ ਦੀ ਲੜਕੀ ਉਤੇ ਨਸਲੀ ਟਿੱਪਣੀਆਂ ਕੀਤੀਆਂ। ਉਸ ਨੂੰ ਬੇਤੁਕੇ ਨਾਵਾਂ ਨਾਲ ਪੁਕਾਰਿਆ ਅਤੇ ਚੀਕ ਕੇ ਆਖਿਆ ਕਿ ”ਇੱਥੋਂ ਦਫਾ ਹੋ ਜਾ।”
ਨਿਊਯਾਰਕ ਵਿੱਚ ਰਹਿੰਦੀ ਏਕਤਾ ਦੇਸਾਈ ਨੇ 23 ਫਰਵਰੀ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਬਣਾਈ ਹੈ। ਇਹ ਵੀਡੀਓ ‘ਦਿ ਵਾਇਸ ਰੇਜ਼ਰ’ ਵੈੱਬਸਾਈਟ ਉਤੇ ਪਾਈ ਗਈ ਅਤੇ ਇਸ ਮਗਰੋਂ ਇਹ ਵਾਇਰਲ ਹੋ ਗਈ। ਵੀਡੀਓ ਵਿੱਚ ਇਹ ਵਿਅਕਤੀ ਲੜਕੀ ਨਾਲ ਬਦਸਲੂਕੀ ਕਰਦਾ ਹੋਇਆ ‘ਬੋਲਣ ਦੀ ਆਜ਼ਾਦੀ’ ਅਤੇ ਸਿਆਹ ਵਿਅਕਤੀਆਂ ਦੀ ਤਾਕਤ ਵਰਗੇ ਸ਼ਬਦ ਵਰਤਦਾ ਹੈ। ਏਕਤਾ ਵੱਲੋਂ ਵੀਡੀਓ ਰਿਕਾਰਡਿੰਗ ਕਰਨ ਉਤੇ ਉਹ ਵਿਅਕਤੀ ਖਿਝ ਜਾਂਦਾ ਹੈ ਅਤੇ ਉਸ ਉਤੇ ਚੀਕਦਾ ਹੈ।
ਲੜਕੀ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਕਿ ”ਇਹ ਵਿਅਕਤੀ ਉਸੇ ਰੇਲ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ, ਜਿਸ ਵਿੱਚ 100 ਹੋਰ ਯਾਤਰੀਆਂ ਨਾਲ ਮੈਂ ਸਫ਼ਰ ਕਰ ਰਹੀ ਸੀ। ਮੈਂ ਆਪਣੇ ਹੈੱਡਫੋਨ ਪਾਏ ਹੋਏ ਸਨ ਅਤੇ ਇਹ ਹੋਰ ਦਿਨਾਂ ਵਰਗਾ ਹੀ ਇਕ ਦਿਨ ਸੀ।
ਇਸ ਤੋਂ ਬਾਅਦ ਉਹ ਵਿਅਕਤੀ ਮੇਰੇ ਸਾਹਮਣੇ ਆ ਕੇ ਚੀਕਣ ਲਗਦਾ ਹੈ ਪਰ ਉਸ ਨੇ ਇਸ ਵੱਲ ਧਿਆਨ ਨਾ ਦਿੱਤਾ।” ਏਕਤਾ ਦੇਸਾਈ ਨੇ ਕਿਹਾ ਕਿ ਉਸ ਨੇ ਕੋਈ ਪ੍ਰਤੀਕਰਮ ਨਾ ਦਿੱਤਾ ਪਰ ਉਹ ਵਿਅਕਤੀ ਚੀਕਦਾ ਰਿਹਾ ਅਤੇ ਪੁੱਛਦਾ ਰਿਹਾ ਕਿ ਉਹ ਉਸ ਦੀਆਂ ਤਸਵੀਰਾਂ ਕਿਉਂ ਉਤਾਰ ਰਹੀ ਹੈ।
ਏਕਤਾ ਦੇਸਾਈ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਕਥਿਤ ਤੌਰ ਉਤੇ ਕਿਹਾ ਕਿ ਸਬੰਧਤ ਵਿਅਕਤੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਲਗਦਾ ਹੈ ਅਤੇ ਉਸ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਇਸ ਮਗਰੋਂ ਲੜਕੀ ਨੇ ਮਨੁੱਖੀ ਅਧਿਕਾਰ ਕਾਰਕੁਨ ਤੇ ‘ਦਿ ਵਾਇਸ ਰੇਜ਼ਰ’ ਦੇ ਬਾਨੀ ਕੁੰਦਨ ਸ੍ਰੀਵਾਸਤਵ ਨਾਲ ਸੰਪਰਕ ਕੀਤਾ।
ਐਡੀਲੇਡ ‘ਚ ਹਮਲੇ ਦੌਰਾਨ ਭਾਰਤੀ ਟੈਕਸੀ ਚਾਲਕ ਜ਼ਖ਼ਮੀ
ਐਡੀਲੇਡ : ਇਥੇ ਇਕ ਭਾਰਤੀ ਟੈਕਸੀ ਡਰਾਈਵਰ ਅਣਪਛਾਤੇ ਵਿਅਕਤੀ ਵੱਲੋਂ ਕੀਤੇ ਹਮਲੇ ਵਿਚ ਜ਼ਖ਼ਮੀ ਹੋ ਗਿਆ। ਪੀੜਤ ਦੀ ਪਛਾਣ ਜਸਵਿੰਦਰ ਸਿੰਘ ਉੱਪਲ ਵਜੋਂ ਹੋਈ ਹੈ। ਜਸਵਿੰਦਰ ਦੀ ਪਤਨੀ ਨੀਰੂ ਉੱਪਲ ਨੇ ਦੱਸਿਆ ਕਿ ਉਸ ਦਾ ਪਤੀ 20 ਫ਼ਰਵਰੀ ਨੂੰ ਟੇਫ ਕਾਲਜ ਐਡੀਲੇਡ ਵਿੱਚੋਂ ਵੋਕੇਸ਼ਨਲ ਇੰਗਲਿਸ਼ ਲੈਂਗੁਏਜ ਦੀ ਕਲਾਸ ਖ਼ਤਮ ਕਰਨ ਉਪਰੰਤ ਘਰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਸਿਟੀ ਦੇ ਲਾਈਟ ਸੁਕੇਅਰ ਨੇੜੇ ਪੁੱਜਾ ਤਾਂ ਅਣਪਛਾਤੇ ਵਿਅਕਤੀ ਨੇ ਉਸ ਉਪਰ ਹਮਲਾ ਕਰ ਦਿੱਤਾ। ઠਹਮਲੇ ਵਿੱਚ ਜਸਵਿੰਦਰ ਸਿੰਘ ਦਾ ਜਬਾੜਾ ਟੁੱਟ ਗਿਆ, ਜੋ ਹੁਣ ਜੇਰੇ ਇਲਾਜ ਹੈ। ਪੁਲਿਸ ਨੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ਵਿੱਚ ਲਿਆ ਹੈ। ਜਸਵਿੰਦਰ ਪਟਿਆਲਾ ਦਾ ਰਹਿਣ ਵਾਲਾ ਹੈ।
ਅਮਰਿੰਦਰ ਨੇ ਮੋਦੀ ਨੂੰ ਤੁਰੰਤ ਸਖਤ ਕਦਮ ਚੁੱਕਣ ਲਈ ਕਿਹਾ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਵਿਚ ਸਿੱਖ ਨੌਜਵਾਨ ਉਪਰ ਨਸਲੀ ਹਮਲੇ ਘਟਨਾ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਇਸ ਮਸਲੇ ਲਈ ਤੁਰੰਤ ਕਦਮ ਚੁੱਕੇ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਦੀ ਸੁਰੱਖਿਆ ਪੁਖਤਾ ਕੀਤੀ ਜਾਵੇ।ਕੈਪਟਨ ਨੇ ਕਿਹਾ ਕਿ ਵਧ ਰਹੀ ਅਸਹਿਣਸ਼ੀਲਤਾ ਤੇ ਭਾਰਤੀ ਸਮਾਜ ਵਿਰੁੱਧ ਹਿੰਸਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਨੂੰ ਕੰਟਰੋਲ ਤੋਂ ਬਾਹਰ ਜਾਣ ਤੋਂ ਪਹਿਲਾਂ ਰੋਕਣਾ ਜ਼ਰੂਰੀ ਹੈ।
ਨਵਤੇਜ ਸਰਨਾ ਵੱਲੋਂ ਵਿਦੇਸ਼ ਵਿਭਾਗ ਤੱਕ ਪਹੁੰਚ
ਵਾਸ਼ਿੰਗਟਨ : ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਨਫ਼ਰਤੀ ਘਟਨਾਵਾਂ, ਨਸਲੀ ਟਿੱਪਣੀਆਂ, ਅਪਰਾਧ ਪੀੜਤ ਭਾਰਤੀਆਂ ਨੂੰ ਜਲਦੀ  ਇਨਸਾਫ਼ ਦਿਵਾਇਆ ਜਾਵੇਗਾ। ਭਾਰਤੀ ਰਾਜਦੂਤ ਨਵਤੇਜ ਸਰਨਾ ਵੱਲੋਂ ਵਿਦੇਸ਼ ਵਿਭਾਗ ਤੱਕ ਪਹੁੰਚ ਕਰਕੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਉਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਗਈ। ਅਮਰੀਕਾ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਟਵੀਟ ਕੀਤਾ, ‘ਵਿਦੇਸ਼ ਵਿਭਾਗ ਨੇ ਅਮਰੀਕੀ ਸਰਕਾਰ ਵੱਲੋਂ ਅਫ਼ਸੋਸ ਜ਼ਾਹਿਰ ਕਰਦਿਆਂ ਭਰੋਸਾ ਦਿੱਤਾ ਹੈ ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਿਖੀ ਕੇਂਦਰ ਨੂੰ ਚਿੱਠੀ
ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਿਦੇਸ਼ੀ ਧਰਤੀ ‘ਤੇ ਸਿੱਖਾਂ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਫਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਚ ਹੋਈ ਮੀਟਿੰਗ ਵਿਚ ਇਸ ਮੁੱਦੇ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਪ੍ਰੋ. ਬਡੂੰਗਰ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿੰਦਾ ਕੀਤੀ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …