ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਤੋਂ ਐੱਮ.ਪੀ. ਸੋਨੀਆ ਸਿੱਧੂ ਦੇ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਨੇ ਲੰਘੀ 3 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਸੇਂਟ ਔਗਸਟਾਈਨ ਸੈਕੰਡਰੀ ਸਕੂਲ ਦੇ ਗਰੇਡ-12 ਦੇ ਤਿੰਨ ਗਰੁੱਪਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਨਾ ਕੇਵਲ ਮੈਂਬਰ ਪਾਰਲੀਮੈਂਟ ਵਜੋਂ ਆਪਣੇ ਨਿਭਾਏ ਜਾ ਰਹੇ ਰੋਲ ਅਤੇ ਇਸ ਅਹੁਦੇ ਦੀਆਂ ਜ਼ਿਮੇਂਵਾਰੀਆਂ ਬਾਰੇ ਹੀ ਵਿਦਿਆਰਥੀਆਂ ਨੂੰ ਦੱਸਿਆ, ਸਗੋਂ ਇਸ ਤੋਂ ਉਪਰੰਤ ਖੁੱਲ੍ਹੇ ਸਵਾਲ-ਜੁਆਬ ਸੈਸ਼ਨ ਵਿੱਚ ਉਨ੍ਹਾਂ ਵੱਲੋਂ ਉਠਾਏ ਗਏ ਬਹੁਤ ਸਾਰੇ ਸੁਆਲਾਂ ਦੇ ਜਵਾਬ ਬੜੇ ਠਰ੍ਹੰਮੇ ਨਾਲ ਵਿਸਥਾਰ-ਪੂਰਵਕ ਦਿੱਤੇ। ਵਿਦਿਆਰਥੀਆਂ ਵੱਲੋਂ ਆਏ ਇਨ੍ਹਾਂ ਸੁਆਲਾਂ ਵਿੱਚ ਸਥਾਨਕ ਤੇ ਫ਼ੈਡਰਲ ਸਰਕਾਰਾਂ ਦੀਆਂ ਪਾਲਸੀਆਂ ਅਤੇ ਉਨ੍ਹਾਂ ਦੇ ਕੰਮ-ਕਾਜ ਤੋਂ ਲੈ ਕੇ ਬਰੈਂਪਟਨ ਟਰਾਂਜ਼ਿਟ ਅਤੇ ਭੰਗ (ਮਾਰਜੂਆਨਾ) ਸਬੰਧੀ ਬਣਾਏ ਗਏ ਕਾਨੂੰਨ ਤੱਕ ਦੇ ਕਈ ਮੁੱਦੇ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਸੋਨੀਆ ਸਿੱਧੂ ਨੇ ਕਿਹਾ,”ਆਪਣੇ ਹੋਣਹਾਰ, ਦਿਮਾਗ਼ੀ ਅਤੇ ਜਗਿਆਸੂ ਨੌਜੁਆਨਾਂ ਨਾਲ ਸੰਵਾਦ ਰਚਾਉਣਾ ਬੜਾ ਜ਼ਰੂਰੀ ਹੈ। ਉਹ ਸਾਡੇ ਭਵਿੱਖ-ਮਈ ਸਮਾਜ ਦੇ ਖੋਜੀ ਹਨ ਅਤੇ ਉਹ ਕਈਆਂ ਨਵੀਆਂ ਖੋਜਾਂ ਨੂੰ ਜਨਮ ਦੇਣਗੇ। ਇਨ੍ਹਾਂ ਵਿਦਿਆਰਥੀਆਂ ਕੋਲ ਦੁਨੀਆਂ ਨੂੰ ਬਦਲਣ ਦੀ ਸਮਰੱਥਾ ਹੈ ਅਤੇ ਇਨ੍ਹਾਂ ਨੌਜੁਆਨਾਂ ਦੀ ਦੇਸ਼ ਦੇ ਰਾਜਸੀ-ਪ੍ਰਬੰਧ ਵਿੱਚ ਸ਼ਮੂਲੀਅਤ ਕਰਨੀ ਬੜੀ ਜ਼ਰੂਰੀ ਹੈ। ਉਨ੍ਹਾਂ ਨਾਲ ਆਪਣੇ ਰਾਜਸੀ ਤਜਰਬੇ ਸਾਂਝੇ ਕਰਦਿਆ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏ ਮਿਆਰੀ ਸੁਆਲਾਂ ਤੋਂ ਭਲੀ-ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਬਰੈਂਪਟਨ ਅਤੇ ਇਸ ਦੇਸ਼ ਦੇ ਭਵਿੱਖ ਬਾਰੇ ਕਿੰਨਾ ਲਗਾਓ ਰੱਖਦੇ ਹਨ। ਇਸ ਦੇ ਨਾਲ ਨੌਜੁਆਨਾਂ ਵਿੱਚ ਮੇਰਾ ਵਿਸ਼ਵਾਸ ਹੋਰ ਵੀ ਪੱਕਾ ਹੋਇਆ ਹੈ।” ਐੱਮ.ਪੀ. ਸੋਨੀਆ ਸਿੱਧੂ ਦੀ ਇਹ ਸਕੂਲ ਫੇਰੀ ਸਕੂਲ ਵੱਲੋਂ ਵਿਦਿਆਰਰਥੀਆਂ ਨਾਲ ਆਪਣੇ ਰਾਜਨੀਤਕ ਜੀਵਨ, ਮੈਂਬਰ ਪਾਰਲੀਮੈਂਟ ਦੇ ਤੌਰ ‘ਤੇ ਆਪਣੇ ਤਜਰਬੇ ਸਾਂਝੇ ਕਰਨ ਅਤੇ ਉਨ੍ਹਾਂ ਨਾਲ ਸਬੰਧਿਤ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਕੀਤੀ ਗਈ ਬੇਨਤੀ ਦੇ ਸਿੱਟੇ ਵਜੋਂ ਸੀ ਜਿਸ ਨੂੰ ਵਿਦਿਆਰਥੀਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਸੋਨੀਆ ਦਾ ਕਹਿਣਾ ਸੀ ਕਿ ਕੈਨੇਡਾ਼ ਦੇ ਚੰਗੇਰੇ ਭਵਿੱਖ ਅਤੇ ਇਸ ਦੇ ਵਿਕਾਸ ਲਈ ਨੌਜੁਆਨਾਂ ਦੀ ਸ਼ਮੂਲੀਅਤ ਕਰਨਾ ਇਸ ਫ਼ੈੱਡਰਲ ਸਰਕਾਰ ਦੇ ਵਿਜ਼ਨ ਵਿੱਚ ਸ਼ਾਮਲ ਹੈ ਅਤੇ ਉਹ ਇਸ ਦੇ ਬਾਰੇ ਬੜੇ ਭਾਵੁਕ ਹਨ। ਉਨ੍ਹਾਂ ਕਿਹਾ,”ਮੇਰੀ ਇਹ ਫੇਰੀ ਅੱਜ ਦੇ ਨੌਜੁਆਨਾਂ ਨਾਲ ਸੰਵਾਦ ਰਚਾਉਣ ਦਾ ਇੱਕ ਹਿੱਸਾ ਹੈ ਕਿ ਉਹ ਆਉਂਦੇ 150 ਸਾਲਾਂ ਤੱਕ ਅਤੇ ਇਸ ਤੋਂ ਹੋਰ ਵੀ ਅੱਗੇ ਕੈਨੇਡਾ ਬਾਰੇ ਕਿਵੇਂ ਸੋਚਦੇ ਹਨ।”
Check Also
ਸਿੱਖ ਚਿੰਤਕ ਭਾਈ ਹਰਪਾਲ ਸਿੰਘ ਲੱਖਾ ਦਾ ਪੰਥਕ ਸਨਮਾਨਾਂ ਤੇ ਜੈਕਾਰਿਆ ਨਾਲ ਹੋਇਆ ਸਸਕਾਰ
ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪੰਥਕ ਵਿਦਵਾਨ ਨੂੰ ਭਾਵ-ਭਿੰਨੀ ਸ਼ਰਧਾਂਜਲੀ ਐਬਸਫੋਰਡ/ਬਿਊਰੋ ਨਿਊਜ਼ : ਸਿੱਖ ਵਿਦਵਾਨ …