Breaking News
Home / ਕੈਨੇਡਾ / ਯਾਦਗਾਰੀ ਹੋ ਨਿੱਬੜਿਆ ਕਾਫਲੇ ਦਾ ਸਲਾਨਾ ਸਮਾਗਮ

ਯਾਦਗਾਰੀ ਹੋ ਨਿੱਬੜਿਆ ਕਾਫਲੇ ਦਾ ਸਲਾਨਾ ਸਮਾਗਮ

ਉਂਕਾਰਪ੍ਰੀਤ ਦੀ ਕਿਤਾਬ ਕੀਤੀ ਗਈ ਰਲੀਜ਼
ਬਰੈਂਪਟਨ/ਪਰਮਜੀਤ ਦਿਓਲ
‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 16 ਦਸੰਬਰ ਨੂੰ ਆਪਣਾ ਸਲਾਨਾ ਸਮਾਗਮ ਕੀਤਾ ਗਿਆ ਜਿਸ ਵਿੱਚ ਦੁਪਹਿਰ ਦੇ ਖਾਣੇ ਦੇ ਨਾਲ਼ ਨਾਲ਼, ਕਾਫ਼ਲੇ ਦੀਆਂ ਇਸ ਸਾਲ ਦੀਆਂ ਸਰਗਰਮੀਆਂ ‘ਤੇ ਸੰਖੇਪ ਝਾਤ ਪਾਈ ਗਈ, ਉਂਕਾਰਪ੍ਰੀਤ ਦੀ ਨਵੀਂ ਕਾਵਿ ਪੁਸਤਕ ‘ਆਪਣੀ ਛਾਂ ਦੇ ਸ਼ਬਦ’ ਰਲੀਜ਼ ਕੀਤੀ ਗਈ ਅਤੇ ਸ਼ਾਨਦਾਰ ਕਵੀ ਦਰਬਾਰ ਅਤੇ ਗੀਤ-ਸੰਗੀਤ ਦਾ ਪ੍ਰੋਗਰਾਮ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਫ਼ਲੇ ਦੀ ਵਿੱਤ ਸੰਚਾਲਕ ਬ੍ਰਜਿੰਦਰ ਗੁਲਾਟੀ ਜੀ ਵੱਲੋਂ ਸਾਰੇ ਸਾਲ ਦੀਆਂ ਮੀਟਿੰਗਾਂ ਵਿੱਚ ਹੋਈ ਗੱਲਬਾਤ ਦਾ ਸੰਖੇਪ ਸਾਰ ਪੇਸ਼ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਕਾਫ਼ਲੇ ਦੀ ਹਰ ਮੀਟਿੰਗ ਹੀ ਕਿਸੇ ਨਵੇਂ ਮਹਿਮਾਨ ਅਤੇ ਨਵੇਂ ਸਾਹਿਤਕ ਮੁੱਦੇ ‘ਤੇ ਗੱਲਬਾਤ ਨੂੰ ਲੈ ਕੇ ਦਿਲਚਸਪ ਅਤੇ ਜਾਣਕਾਰੀ-ਭਰਪੂਰ ਹੁੰਦੀ ਰਹੀ ਹੈ। ਇਸ ਤੋਂ ਬਾਅਦ ਪਰਮਜੀਤ ਦਿਓਲ ਨੇ ਕਾਫ਼ਲੇ ਦੇ ਮਕਸਦ ਬਾਰੇ ਬੋਲਦਿਆਂ ਦੱਸਿਆ ਕਿ 1992 ਵਿੱਚ ਪੰਜਾਬੀ ਸਾਹਿਤ ਦੀ ਪ੍ਰਫੁਲੱਤਾ ਦੇ ਪ੍ਰਣ ਨਾਲ਼ ਸ਼ੁਰੂ ਹੋਏ ਕਾਫ਼ਲੇ ਨੂੰ ਪੰਜਾਬੀ ਸਾਹਿਤ ਅਤੇ ਕਲਾ ਨਾਲ਼ ਸਬੰਧਤ ਅਨੇਕਾਂ ਹੀ ਸਤਿਕਾਰਯੋਗ ਹਸਤੀਆਂ ਦੀ ਸੰਗਤ ਦਾ ਮਾਣ ਹਾਸਲ ਹੈ। ਉਨ੍ਹਾਂ ਕਿਹਾ ਕਿ ਕਾਫ਼ਲੇ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਸਮਾਜੀ ਹਿਤਾਂ ਨਾਲ਼ ਸਬੰਧਤ ਪੰਜਾਬੀ ਸਾਹਿਤ ਨੂੰ ਉਤਸ਼ਾਹਤ ਕੀਤਾ ਜਾਵੇ ਅਤੇ ਇਸ ਨਿਸ਼ਾਨੇ ‘ਤੇ ਕਾਫ਼ਲਾ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ। ਇਸ ਸਮੇਂ ਬੋਲਦਿਆਂ ਕਾਫ਼ਲੇ ਦੇ ਮੋਢੀ ਮੈਂਬਰਾਂ ‘ਚੋਂ ਇੱਕ, ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਕਾਫ਼ਲੇ ਨੇ ਹਮੇਸ਼ਾਂ ਨਵੀਆਂ ਅਤੇ ਨਿਰੰਤਰ ਪੁਲਾਂਘਾਂ ਪੁੱਟੀਆਂ ਨੇ ਕਿਉਂਕਿ ਇਸ ਨਾਲ਼ ਜੁੜੇ ਹੋਏ ਲੇਖਕਾਂ ਦੀ ਸਾਹਿਤ ਨਾਲ਼ ਪ੍ਰਤੀਬੱਧਤਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਸੰਸਥਾਵਾਂ ਵਿੱਚ ਅਹੁਦੇਦਾਰੀਆਂ ਹੁੰਦੀਆਂ ਨੇ ਪਰ ਕਾਫ਼ਲੇ ਵਿੱਚ ਸਿਰਫ ਲੇਖਕ ਨੇ, ਅਹੁਦੇਦਾਰ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਕਾਫ਼ਲੇ ਦੇ ਲੇਖਕਾਂ ਵੱਲੋਂ ਕਲਾਤਮਕ ਪੱਖੋਂ ਵੀ ਸ਼ਾਨਦਾਰ ਕਵਿਤਾਵਾਂ, ਕਹਾਣੀਆਂ, ਅਤੇ ਵਾਰਤਕ ਲਿਖੇ ਜਾਣ ਦੇ ਨਾਲ਼ ਨਾਲ਼ ਖ਼ੂਬਸੂਰਤ ਨਾਟਕ ਵੀ ਲਿਖੇ ਅਤੇ ਖੇਡੇ ਗਏ ਨੇ। ਕਾਫ਼ਲੇ ਦੇ ਬਾਨੀ ਮੈਂਬਰ ਮੇਜਰ ਮਾਂਗਟ ਨੇ ਵੀ ਕਿਹਾ ਕਿ ਉਨ੍ਹਾਂ ਦਾ ਮੁੜ ਸਾਹਿਤ ਨਾਲ਼ ਜੁੜਨ ਅਤੇ ਮੁੜ ਕਹਾਣੀਆਂ ਲਿਖਣਾ ਸ਼ੁਰੂ ਕਰਨ ਦਾ ਸਿਹਰਾ ਵੀ ਕਾਫ਼ਲੇ ਸਿਰ ਹੀ ਜਾਂਦਾ ਹੈ ਕਿਉਂਕਿ ਜੇ ਕਾਫ਼ਲੇ ਨੇ ਅਜਿਹਾ ਸਾਹਿਤਕ ਮਹੌਲ ਨਾ ਸਰਿਜਿਆ ਹੁੰਦਾ ਤਾਂ ਸ਼ਾਇਦ ਉਹ ਸਾਹਿਤ ਨਾਲ਼ ਇਸ ਤਰ੍ਹਾਂ ਦਾ ਰਿਸ਼ਤਾ ਮੁੜ ਪੈਦਾ ਨਾ ਕਰ ਸਕਦੇ। ਇਸਤੋਂ ਬਾਅਦ ਕੁਲਵਿੰਦਰ ਖਹਿਰਾ ਵੱਲੋਂ ਤਿਆਰ ਕੀਤੀ ਗਈ ਵੀਡੀਓ ਰਾਹੀਂ ਕਾਫ਼ਲੇ ਦੀਆਂ ਇਸ ਸਾਲ ਦੀਆਂ ਮੀਟਿੰਗਾਂ ਵਿੱਚ ਹੋਈ ਗੱਲਬਾਤ ਦੀਆਂ ਸੰਖੇਪ ਝਲਕੀਆਂ ਵਿਖਾਈਆਂ ਗਈਆਂ ਜਿਨ੍ਹਾਂ ਤੋਂ ਇਹ ਗੱਲ ਸਪਸ਼ਟ ਹੁੰਦੀ ਸੀ ਕਿ ਕਾਫ਼ਲੇ ਦੀ ਹਰ ਮੀਟਿੰਗ ਵਿੱਚ ਸਾਹਿਤ-ਸਿਰਜਣਾ ਨੂੰ ਮਿਆਰੀ ਬਣਾਉਣ ਦੀਆਂ ਜੁਗਤਾਂ ਨੂੰ ਨੇਮ ਵਾਂਗ ਵਿਚਾਰਿਆ ਜਾਂਦਾ ਰਿਹਾ ਹੈ।
ਕਾਫ਼ਲੇ ਵੱਲੋਂ ਉਂਕਾਰਪ੍ਰੀਤ ਦਾ ਨਵਾਂ ਕਾਵਿ-ਸੰਗ੍ਰਿਹ ‘ਆਪਣੀ ਛਾਂ ਦੇ ਸ਼ਬਦ’ ਵੀ ਰਲੀਜ਼ ਕੀਤਾ ਗਿਆ ਜਿਸ ਬਾਰੇ ਬੋਲਦਿਆਂ ਵਰਿਆਮ ਸਿੰਘ ਸੰਧੂ ਜੀ ਨੇ ਕਿਹਾ ਕਿ ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਗੀਤ ਲਿਖਦੇ ਓ, ਗ਼ਜ਼ਲ, ਜਾਂ ਨਜ਼ਮ, ਜੇ ਉਸ ਵਿੱਚ ਸ਼ਾਇਰੀ ਹੈ ਤਾਂ ਤੁਹਾਡੀ ਹਰ ਸਿਨਫ਼ ਹੀ ਲੋਕਾਂ ਦੇ ਮਨਾਂ ਵਿੱਚ ਉੱਤਰ ਜਾਵੇਗੀ। ਡਾ ਜਗਤਾਰ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਜਿੰਨਾ ਅੱਛਾ ਉਹ ਗ਼ਜ਼ਲ ਦਾ ਸ਼ਾਇਰ ਸੀ ਓਨਾ ਅੱਛਾ ਹੀ ਨਜ਼ਮ ਦਾ ਸ਼ਾਇਰ ਵੀ ਸੀ। ਉਨ੍ਹਾਂ ਕਿਹਾ ਕਿ ਉਂਕਾਰਪ੍ਰੀਤ ਆਪਣੀ ਸ਼ਾਇਰੀ ਰਾਹੀਂ ਸ਼ਾਇਰੀ ਦਾ ਮਨੋਰਥ ਵੀ ਦੱਸਦਾ ਹੈ ਅਤੇ ਪਾਠਕ ਨੂੰ ਵੀ ਦੱਸਦਾ ਹੈ ਕਿ ਤੇਰੀ ਲੋੜ ਇਹੋ ਜਿਹੀ ਸ਼ਾਇਰੀ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਂਕਾਰਪ੍ਰੀਤ ਵਾਰ ਵਾਰ ਕਵਿਤਾ ਨੂੰ ਪ੍ਰੀਭਾਸ਼ਤ ਕਰਦਾ ਹੈ ਅਤੇ ਕਹਿੰਦਾ ਹੈ ਕਿ ਜੇ ਤੁਹਾਡੀ ਸ਼ਾਇਰੀ ਸਮਾਜ ਦੇ ਸਰੋਕਾਰਾਂ ਨਾਲ਼ ਵਾਬਸਤਾ ਨਹੀਂ ਤਾਂ ਇਸਦੇ ਵਰਕੇ ਪਾੜ ਕੇ ਸੁੱਟ ਦੇਣੇ ਚਾਹੀਦੇ ਨੇਸ਼ ਕਵਿਤਾ ਦੀ ਵਸਤੂ ਤੇ ਵਿਧਾ ਆਪਸ ਵਿੱਚ ਇੱਕ-ਮਿਕ ਹੋ ਕੇ ਇਸ ਤਰ੍ਹਾਂ ਸਾਹਿਤ ਵਿੱਚ ਘੁਲਣ ਕਿ ਉਨ੍ਹਾਂ ਵਿੱਚੋਂ ਪੈਦਾ ਹੋਣ ਵਾਲ਼ਾ ਜਲੌਅ ਤੁਹਾਨੂੰ ਚਕਾ-ਚੌਂਧ ਕਰ ਦੇਵੇ।
ਗਾਇਕੀ ਦੇ ਦੌਰ ਵਿੱਚ ਭਦੌੜ ਮੰਡਲੀ ਨਾਲ਼ ਜੁੜੇ ਹੋਏ ਮਾਸਟਰ ਰਾਮ ਕੁਮਾਰ ਜੀ ਦੀ ਅਗਵਾਈ ਹੇਠ ਨਵਤੇਜ, ਸੁਖਦੇਵ ਸੁੱਖ, ਅਤੇ ਖੁਦ ਮਾਸਟਰ ਜੀ ਵੱਲੋਂ ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਅਤੇ ਡਾ ਜਗਤਾਰ ਦੀ ਸ਼ਾਇਰੀ ਪੇਸ਼ ਕੀਤੀ ਗਈ। ਸ਼ਿਵਰਾਜ ਸਨੀ ਅਤੇ ਉਪਕਾਰ ਸਿੰਘ ਜੀ ਨੇ ਆਪਣੇ ਖ਼ੂਬਸੂਰਤ ਅੰਦਾਜ਼ ਵਿੱਚ ਇਸ ਗਾਇਕੀ ਨੂੰ ਹੋਰ ਅੱਗੇ ਤੋਰਿਆ। ਇਸਤੋਂ ਬਾਅਦ ਕਵਿਤਾ ਦੇ ਦੌਰ ਵਿੱਚ ਪ੍ਰੀਤਮ ਧੰਜਲ, ਪਰਮਜੀਤ ਦਿਓਲ, ਭੁਪਿੰਦਰ ਦੁਲੈ, ਉਂਕਾਰਪ੍ਰੀਤ, ਕੁਲਵਿੰਦਰ ਖਹਿਰਾ, ਗੁਰਦਾਸ ਮਿਨਹਾਸ, ਡਾ ਜਗਦੀਸ਼ ਚੋਪੜਾ, ਡਾ ਬਲਜਿੰਦਰ ਸੇਖੋਂ ਅਤੇ ਲਖਬੀਰ ਸਿੰਘ ਕਾਹਲ਼ੋਂ ਨੇ ਆਪਣੀ ਸਾਂਝ ਪਾਈ ਅਤੇ ਉਂਕਾਰਪ੍ਰੀਤ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਜਦਕਿ ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਿਈ। ਮੀਟਿੰਗ ਵਿੱਚ ਨਾਹਰ ਔਜਲਾ, ਬਲਦੇਵ ਰਹਿਪਾ, ਬਲਵਿੰਦਰ ਬਰਨਾਲ਼ਾ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ਼, ਮਿੰਨੀ ਗਰੇਵਾਲ, ਸਟੇਜ ਨਾਲ਼ ਜੁੜੀ ਹੋਈ ਤਰਨਜੀਤ ਕੌਰ ਸੰਧੂ, ਕਮਲਜੀਤ ਨੱਤ, ਰਮਿੰਦਰ ਵਾਲੀਆ, ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਕਈ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਾਹਿਤਕਾਰਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …