Breaking News
Home / ਪੰਜਾਬ / ਮਾਝੇ ‘ਚ ਅਕਾਲੀ ਦਲ ਲਈ ਵੱਡਾ ਸੰਕਟ

ਮਾਝੇ ‘ਚ ਅਕਾਲੀ ਦਲ ਲਈ ਵੱਡਾ ਸੰਕਟ

ਅਕਾਲੀ ਜੰਮੇ ਹਾਂ ਅਤੇ ਅਕਾਲੀ ਹੀ ਰਹਾਂਗੇ : ਟਕਸਾਲੀ ਅਕਾਲੀ ਆਗੂ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਝੇ ਦੇ ਟਕਸਾਲੀ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਬੋਨੀ ਅਮਰਪਾਲ ਸਿੰਘ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਉਣ ‘ਤੇ ਪਾਰਟੀ ਵਾਸਤੇ ਮਾਝੇ ਵਿਚ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਇਨ੍ਹਾਂ ਆਗੂਆਂ ਨੇ ਫ਼ੈਸਲੇ ਨੂੰ ਇਕ ਹੋਰ ਤਾਨਾਸ਼ਾਹੀ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਅਕਾਲੀ ਪੈਦਾ ਹੋਏ ਸਨ, ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ।
ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਆਖਿਆ ਕਿ ਉਨ੍ਹਾਂ ਨੂੰ ਤਾਂ ਪਾਰਟੀ ਨੇ ਪੰਜ ਸਾਲ ਪਹਿਲਾਂ ਹੀ ਵਿਸਾਰ ਦਿੱਤਾ ਸੀ। ਇਸ ਫ਼ੈਸਲੇ ਮਗਰੋਂ ਹੋਰ ਦੁੱਖ ਹੋਇਆ ਹੈ ਪਰ ਉਹ ਜਨਮ ਜਾਤ ਅਕਾਲੀ ਹਨ ਅਤੇ ਪਾਰਟੀ ਦੇ ਭਲੇ ਖਾਤਰ ਬਿਆਨ ਦਿੱਤਾ ਸੀ ਪਰ ਕੁਝ ਲੋਕਾਂ ਨੂੰ ਸੱਚ ਬੋਲਣਾ ਮਾੜਾ ਲਗਦਾ ਹੈ। ਉਨ੍ਹਾਂ ਆਖਿਆ ਕਿ ਪਾਰਟੀ ‘ਤੇ ਇਸ ਵੇਲੇ ਇਕ ਪਰਿਵਾਰ ਦਾ ਰਾਜ ਬਣਿਆ ਹੋਇਆ ਹੈ ਅਤੇ ਤਾਨਾਸ਼ਾਹੀ ਫ਼ੈਸਲੇ ਕੀਤੇ ਜਾ ਰਹੇ ਹਨ ਜਿਸ ਦਾ ਉਨ੍ਹਾਂ ਪਾਰਟੀ ਹਿੱਤ ਕਾਰਨ ਵਿਰੋਧ ਕੀਤਾ ਹੈ।
ਉਨ੍ਹਾਂ ਆਖਿਆ ਕਿ ਅਗਲੇ ਦਿਨਾਂ ਵਿਚ ਸਾਰਿਆਂ ਨਾਲ ਮਿਲ-ਬੈਠ ਕੇ ਅਗਲੀ ਰਣਨੀਤੀ ਸਬੰਧੀ ਵਿਚਾਰ ਕੀਤਾ ਜਾਵੇਗਾ। ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਆਖਿਆ ਕਿ ਉਨ੍ਹਾਂ ਨੂੰ ਅਕਾਲੀ ਹੋਣ ਸਬੰਧੀ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹ ਅਕਾਲੀ ਹਨ ਅਤੇ ਅਕਾਲੀ ਰਹਿਣਗੇ। ਇਸ ਸਬੰਧੀ ਫ਼ੈਸਲਾ ਲੋਕਾਂ ਨੇ ਕਰਨਾ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਜਿਨ੍ਹਾਂ ਅਕਾਲੀ ਆਗੂਆਂ ਨੇ ਪਾਰਟੀ ਲਈ ਆਪਣਾ ਖ਼ੂਨ ਪਸੀਨਾ ਇਕ ਕਰ ਦਿੱਤਾ, ਉਨ੍ਹਾਂ ਪ੍ਰਤੀ ਪਾਰਟੀ ਦਾ ਇਹ ਫ਼ੈਸਲਾ ਉਚਿਤ ਨਹੀਂ ਹੈ। ਉਨ੍ਹਾਂ ਪਾਰਟੀ ਨੂੰ ਕੁਝ ਗਲਤ ਫ਼ੈਸਲਿਆਂ ਦੇ ਪ੍ਰਭਾਵ ਤੋਂ ਜਾਣੂ ਕਰਾਉਣ ਦਾ ਯਤਨ ਕੀਤਾ ਸੀ। ਜਿਸ ਨਾਲ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਪਾਰਟੀ ਦੀ ਸਾਖ ਨੂੰ ਢਾਹ ਲੱਗੀ ਸੀ। ਇਸ ਵਾਸਤੇ ਨਵੀਂ ਸ਼ੁਰੂਆਤ ਕਰਨ ਲਈ ਸਗੋਂ ਖਿਮਾ ਯਾਚਨਾ ਕਰਨੀ ਚਾਹੀਦੀ ਸੀ। ਅਜਿਹਾ ਇਸੇ ਲਈ ਹੋਇਆ ਕਿਉਂਕਿ ਪਾਰਟੀ ਕੁਝ ਤਾਨਾਸ਼ਾਹ ਲੋਕਾਂ ਦੇ ਹੱਥਾਂ ਵਿਚ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਆਖਿਆ ਕਿ ਪਾਰਟੀ ਵੱਲੋਂ ਇਨ੍ਹਾਂ ਮਝੈਲ ਆਗੂਆਂ ਦੀ ਨਾਰਾਜ਼ਗੀ ਦੂਰ ਕਰਨ ਦਾ ਯਤਨ ਕੀਤਾ ਗਿਆ ਸੀ। ਪਾਰਟੀ ਦੇ ਬੁਲਾਰੇ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਪਾਰਟੀ ਵੱਲੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਘਰ ਵੀ ਗਏ ਸਨ ਪਰ ਪ੍ਰਧਾਨ ਨੂੰ ਹਟਾਉਣ ਦੀ ਰੱਖੀ ਸ਼ਰਤ ‘ਤੇ ਕੋਈ ਵੀ ਸਹਿਮਤ ਨਹੀਂ ਸੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …