ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਇਸ ਮੰਗ ਦਾ ਕੀਤਾ ਸਮਰਥਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪਰਵਾਸੀ ਭਾਰਤੀਆਂ ਦੀ ਵਧ ਰਹੀ ਗਿਣਤੀ ਅਤੇ ਇਨ੍ਹਾਂ ਦੇ ਵੱਖ-ਵੱਖ ਮੁੱਦਿਆਂ ਦੇ ਮੱਦੇਨਜ਼ਰ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੀ ਮੀਟਿੰਗ ਦੌਰਾਨ ਐੱਨ.ਆਰ.ਆਈਜ਼. ਨੂੰ ਸੰਸਦ ਵਿੱਚ ਨੁਮਾਇੰਦਗੀ ਦੇਣ ਬਾਰੇ ਸੁਝਾਅ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਇਸ ਮੰਗ ਦੇ ਸਮਰਥਨ ਵਿੱਚ ਇਟਲੀ ਵਰਗੇ ਕੁਝ ਦੇਸ਼ਾਂ ਦਾ ਹਵਾਲਾ ਦਿੱਤਾ, ਜਿੱਥੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਨਾਗਰਿਕਾਂ ਲਈ ਵਿਧਾਨ ਸਭਾ ਵਿੱਚ ਰਾਖਵਾਂਕਰਨ ਹੈ। ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਸਥਾਈ ਕਮੇਟੀ ਨੇ ਪਰਵਾਸੀ ਭਾਰਤੀਆਂ ਨਾਲ ਸਬੰਧਤ ਕਈ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਮੀਟਿੰਗ ਵਿੱਚ ਕੇਰਲ, ਪੰਜਾਬ, ਦਿੱਲੀ ਅਤੇ ਗੁਜਰਾਤ ਦੀਆਂ ਸੰਸਥਾਵਾਂ ਨੇ ਹਿੱਸਾ ਲਿਆ ਅਤੇ ਕੁਝ ਚੰਗੇ ਸੁਝਾਅ ਵੀ ਦਿੱਤੇ। ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਲੱਖਾਂ ਪਰਵਾਸੀ ਭਾਰਤੀ ਵਿਦੇਸ਼ਾਂ ਵਿੱਚ ਰਹਿੰਦੇ ਹਨ, ਇਸ ਲਈ ਉਹ ਸੰਸਦ ਵਿੱਚ ਨੁਮਾਇੰਦਗੀ ਕਰਨ ਦੇ ਹੱਕਦਾਰ ਹਨ।