Breaking News
Home / ਪੰਜਾਬ / ਹਰਿਆਣਾ ‘ਚ ਇਨੈਲੋ ਦੀ ਹਮਾਇਤ ਕਰੇਗਾ ਸ਼੍ਰੋਮਣੀ ਅਕਾਲੀ ਦਲ

ਹਰਿਆਣਾ ‘ਚ ਇਨੈਲੋ ਦੀ ਹਮਾਇਤ ਕਰੇਗਾ ਸ਼੍ਰੋਮਣੀ ਅਕਾਲੀ ਦਲ

ਖੇਤਰੀ ਪਾਰਟੀਆਂ ਹੀ ਖਿੱਤੇ ਦੇ ਲੋਕਾਂ ਦੀਆਂ ਆਸਾਂ ਪੂਰੀਆਂ ਕਰ ਸਕਦੀਆਂ ਹਨ : ਅਭੈ ਚੌਟਾਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਯੂਨਿਟ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਅਤੇ ਇਨੈਲੋ ਦੇ ਜਨਰਲ ਸਕੱਤਰ ਅਭੈ ਚੌਟਾਲਾ ਨੇ ਮੀਟਿੰਗ ਕਰਕੇ ਲਿਆ ਹੈ।
ਚੌਟਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਵੱਲੋਂ ਇਨੈਲੋ ਦੀ ਹਮਾਇਤ ਕਰਨ ਦੇ ਫ਼ੈਸਲੇ ਲਈ ਧੰਨਵਾਦ ਕੀਤਾ। ਚੌਟਾਲਾ ਨੇ ਕਿਹਾ ਕਿ ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਰਵਾਇਤੀ ਗੱਠਜੋੜ ਦੇ ਭਾਈਵਾਲ ਹਨ ਅਤੇ ਇਨ੍ਹਾਂ ਦੀ ਏਕਤਾ ਸਦਕਾ ਆਉਂਦੀਆਂ ਚੋਣਾਂ ਵਿਚ ਇਨੈਲੋ ਸਾਰੀਆਂ ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਵੱਡੀਆਂ ਸਿਆਸੀ ਧਿਰਾਂ ਵੱਲੋਂ ਖੇਤਰੀ ਪਾਰਟੀਆਂ ਨੂੰ ਹਾਸ਼ੀਏ ‘ਤੇ ਲਿਆ ਕੇ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਚੌਟਾਲਾ ਨੇ ਕਿਹਾ ਕਿ ਸਿਰਫ਼ ਖੇਤਰੀ ਪਾਰਟੀਆਂ ਹੀ ਖਿੱਤੇ ਦੇ ਲੋਕਾਂ ਦੀਆਂ ਆਸਾਂ ਪੂਰੀਆਂ ਕਰ ਸਕਦੀਆਂ ਹਨ।
ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਿਲਾਉਣ ਨਾਲ ਹਰਿਆਣਾ ਦੇ ਲੋਕਾਂ ਦੀਆਂ ਆਸਾਂ ਪੂਰੀਆਂ ਹੋ ਸਕਣਗੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਨੇ ਹਰਿਆਣਾ ਵਿਚ ਆਪਣੇ ਵਰਕਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਨੈਲੋ ਹੀ ਇਕਲੌਤੀ ਪਾਰਟੀ ਹੈ ਜੋ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਗਰੀਬਾਂ ਅਤੇ ਦਬੇ ਕੁਚਲੇ ਲੋਕਾਂ ਲਈ ਖੜ੍ਹਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਜਲਦੀ ਹੀ ਆਪਣੀ ਹਰਿਆਣਾ ਟੀਮ ਨੂੰ ਫੀਲਡ ਵਿਚ ਤਾਇਨਾਤ ਕਰੇਗੀ ਅਤੇ ਇਨੈਲੋ ਦੀ ਹਮਾਇਤ ਵਾਸਤੇ ਡਿਊਟੀਆਂ ਲਗਾਈਆਂ ਜਾਣਗੀਆਂ। ਇਸ ਮੌਕੇ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਾਇਮਪੁਰੀ, ਹਰਭਜਨ ਸਿੰਘ ਮਸਾਣਾ ਅਤੇ ਜਗਸੀਰ ਸਿੰਘ ਮਾਂਗੇਆਣਾ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਦੀਪ ਸਿੰਘ ਭਾਨੋ ਖੇੜੀ ਵੀ ਹਾਜ਼ਰ ਸਨ।
ਇਨੈਲੋ ਨੇ ਉਮੀਦਵਾਰਾਂ ਦਾ ਕੀਤਾ ਐਲਾਨ
ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਤਿੰਨ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਲੋਕ ਸਭਾ ਹਲਕਾ ਸੁਨੀਲ ਤੇਵਤਿਆ ਨੂੰ ਲੋਕ ਸਭਾ ਹਲਕਾ ਫਰੀਦਾਬਾਦ, ਸੰਦੀਪ ਲੋਟ ਨੂੰ ਸਿਰਸਾ ਅਤੇ ਅਨੂਪ ਸਿੰਘ ਦਹੀਆ ਨੂੰ ਲੋਕ ਸਭਾ ਹਲਕਾ ਸੋਨੀਪਤ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾ ਇਨੈਲੋ ਨੇ ਅਭੈ ਸਿੰਘ ਚੌਟਾਲਾ ਨੂੰ ਕੁਰੂਕਸ਼ੇਤਰ, ਸੁਨੈਨਾ ਚੌਟਾਲਾ ਨੂੰ ਹਿਸਾਰ ਅਤੇ ਗੁਰਪ੍ਰੀਤ ਸਿੰਘ ਨੂੰ ਅੰਬਾਲਾ ਤੋਂ ਉਮੀਦਵਾਰ ਐਲਾਨਿਆ ਸੀ।

Check Also

ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ

  ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …