Breaking News
Home / ਪੰਜਾਬ / ਪੰਜਾਬ ‘ਚ ਚੋਣਵੇਂ ਵਿਅਕਤੀਆਂ ਦੇ ਕਤਲ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ

ਪੰਜਾਬ ‘ਚ ਚੋਣਵੇਂ ਵਿਅਕਤੀਆਂ ਦੇ ਕਤਲ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ

ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਕਮਜ਼ੋਰ, ਕੇਂਦਰੀ ਜਾਂਚ ਏਜੰਸੀਆਂ ਨੂੰ ਵੀ ਨਾ ਮਿਲੀ ਸਫ਼ਲਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਚੋਣਵੇਂ ਵਿਅਕਤੀਆਂ ਦੇ ਕਤਲ ਦੀਆਂ ਵਾਰਦਾਤਾਂ ਨੇ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ‘ਤੇ ਵੱਡਾ ਸਵਾਲੀਆ ਨਿਸ਼ਾਨ ਲਾਇਆ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਪਿਛਲੇ ਦੋ ਸਾਲਾਂ ਤੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ‘ਤੇ ਪੁਲਿਸ ਕਾਰਗੁਜ਼ਾਰੀ ਜ਼ੀਰੋ ਸਾਬਤ ਹੋ ਰਹੀ ਹੈ।
ਚੋਣਵੇਂ ਵਿਅਕਤੀਆਂ ਦੇ ਕਤਲ ਦਾ ਕੇਂਦਰ ਹੁਣ ਤੱਕ ਲੁਧਿਆਣਾ ਹੀ ਮੰਨਿਆ ਜਾਂਦਾ ਸੀ। ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਹਮਲਾਵਰ ਕਿਸੇ ਵੀ ਖੇਤਰ ਵਿੱਚ ਘਟਨਾ ਨੂੰ ਅੰਜਾਮ ਦੇਣ ਦੇ ਸਮਰੱਥ ਹਨ। ਸੂਬੇ ਵਿੱਚ ਹੁਣ ਤੱਕ 8 ਵਾਰਦਾਤਾਂ ਹੋ ਚੁੱਕੀਆਂ ਹਨ ਤੇ 10 ਦੇ ਕਰੀਬ ਵਿਅਕਤੀਆਂ ਦੇ ਕਤਲ ਹੋ ਚੁੱਕੇ ਹਨ। ਸੂਬਾਈ ਪੁਲਿਸ ਦੀ ਬੇਵੱਸੀ ਇਸ ਤੱਥ ਤੋਂ ਉਜਾਗਰ ਹੁੰਦੀ ਹੈ ਕਿ ਆਰਐਸਐਸ ਦੇ ਦੋ ਆਗੂਆਂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈਂ ਤੇ ਨਾਮਧਾਰੀ ਸੰਪਰਦਾਇ ਨਾਲ ਸਬੰਧਤ ਮਾਤਾ ਚੰਦ ਕੌਰ ਦੇ ਕਤਲਾਂ ਦੀ ਜਾਂਚ ਕੇਂਦਰੀ ਜਾਂਚ ਏਜੰਸੀਆਂ ਸੀਬੀਆਈ ਅਤੇ ਐਨਆਈਏ ਨੂੰ ਸੌਂਪੀ ਜਾ ਚੁੱਕੀ ਹੈ। ਇਨ੍ਹਾਂ ਵਾਰਦਾਤਾਂ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਕੇਂਦਰੀ ਏਜੰਸੀਆਂ ਵੀ ਕਤਲਾਂ ਦੇ ਭੇਤ ਖੋਲ੍ਹਣ ਵਿੱਚ ਸਫ਼ਲ ਨਹੀਂ ਹੋ ਰਹੀਆਂ। ਪੰਜਾਬ ਵਿੱਚ ਇਸ ਸਮੇਂ 10 ਡੀਜੀਪੀ, ਏਨੇ ਹੀ ਏਡੀਜੀਪੀ ਤੇ 35 ਦੇ ਕਰੀਬ ਆਈਜੀ ਰੈਂਕ ਦੇ ਅਧਿਕਾਰੀਆਂ ਦੀ ਵੱਡੀ ਫ਼ੌਜ ਹੈ।
ਨਾ ਸਿਰਫ਼ ਚੋਣਵੇਂ ਕਤਲਾਂ ਦਾ ਸਿਲਸਿਲਾ ਵਧ ਰਿਹਾ ਹੈ, ਸਗੋਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਵੀ ਵਧ ਰਹੀਆਂ ਹਨ। ਪੰਜਾਬ ਵਿੱਚ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਵੱਲੋਂ ਝੱਟ ਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾ ਦਿੱਤੀ ਜਾਂਦੀ ਹੈ। ਪੁਲਿਸ ਵੱਲੋਂ ਤਿੰਨ ਸਾਲਾਂ ਦੇ ਵਕਫ਼ੇ ਦੌਰਾਨ 30 ਦੇ ਕਰੀਬ ਵਿਸ਼ੇਸ਼ ਜਾਂਚ ਟੀਮਾਂ ਕਾਇਮ ਕੀਤੀਆਂ ਗਈਆਂ ਤੇ ਪੁਲਿਸ ਦਾ ਇਹ ਫਾਰਮੂਲਾ ਫੇਲ੍ਹ ਸਾਬਤ ਹੋ ਰਿਹਾ ਹੈ। ਪੁਲਿਸ ਨੇ ਚੌਕਸੀ ਵਰਤਦਿਆਂ ਪੰਜਾਬ ਵਿੱਚ ਹਿੰਦੂ ਜਥੇਬੰਦੀਆਂ ਦੇ ਨੇਤਾਵਾਂ ਖ਼ਾਸ ਕਰ ਆਰਐਸਐਸ ਨਾਲ ਸਬੰਧਤ ਆਗੂਆਂ ਦੀ ਸੁਰੱਖਿਆ ਵੀ ਸਖ਼ਤ ਕੀਤੀ ਹੋਈ ਹੈ।
ਪੰਜਾਬ ਵਿੱਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਦਾ ਕੋਈ ਸੁਰਾਗ ਨਾ ਲੱਗਣ ਕਾਰਨ ਪੁਲਿਸ ਵਿੱਚ ਪੇਸ਼ੇਵਾਰਾਨਾ ਪਹੁੰਚ ਦੀ ਘਾਟ ਰੜਕਣ ਲੱਗੀ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੁਲਿਸ ਦਾ ਰਾਜਸੀਕਰਨ ਇਸ ਹੱਦ ਤੱਕ ਹੋ ਗਿਆ ਹੈ ਕਿ ਐਸਐਚਓ ਤੋਂ ਡੀਜੀਪੀ ਤੱਕ ਸਿਆਸੀ ਸਰਪ੍ਰਸਤੀ ਨਾਲ ਹੀ ਤਾਇਨਾਤੀਆਂ ਹੁੰਦੀਆਂ ਹਨ। ਅਗਸਤ 2016 ਵਿੱਚ ਆਰਐਸਐਸ ਨੇਤਾ ਬ੍ਰਿਗੇਡੀਅਰ ਗਗਨੇਜਾ ਦੀ ਹੱਤਿਆ ਕੀਤੀ ਗਈ ਤਾਂ ਪੁਲਿਸ ਨੇ ਇਸ ਮਾਮਲੇ ਨੂੂੰ ਸਰਸਰੀ ਲਿਆ। ਉਸ ਤੋਂ ਬਾਅਦ ਵਿਸ਼ੇਸ਼ ਵਿਅਕਤੀਆਂ ਨੂੰ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਵਧਣ ਲੱਗੀਆਂ।
ਲੁਧਿਆਣਾ ਵਿੱਚ ਹੀ ਆਰਐਸਐਸ ਦੇ ਦਫ਼ਤਰ ‘ਤੇ ਹਮਲਾ, ਨਾਮਧਾਰੀ ਆਗੂ ਮਾਤਾ ਚੰਦ ਕੌਰ, ਹਿੰਦੂ ਨੇਤਾ ਦੁਰਗਾ ਦਾਸ, ਅਮਿਤ ਕੁਮਾਰ, ਡੇਰਾ ਸਿਰਸਾ ਦੇ ਸ਼ਰਧਾਲੂ ਸਤਪਾਲ ਤੇ ਉਸ ਦਾ ਪੁੱਤਰ ਰਮੇਸ਼ ਕੁਮਾਰ ਤੇ ਹਾਲ ਹੀ ਵਿੱਚ ਪਾਦਰੀ ਸੁਲਤਾਨ ਮਸੀਹ ਨੂੰ ਕਤਲ ਕਰ ਦਿੱਤਾ ਸੀ। ਇਨ੍ਹਾਂ ਮਾਮਲਿਆਂ ਦੀ ਜਾਂਚ ਨਾਲ ਜੁੜੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਇੱਕ ਛੋਟੇ ਗਰੁੱਪ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਅਕਸਰ ਅਜਿਹੇ ਅਪਰਾਧਕ ਮਾਮਲੇ ਹੀ ਹੱਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਫੋਨ ਦੀ ਵਰਤੋਂ ઠਹੋਈ, ਜਿਸ ਅਪਰਾਧ ਵਿੱਚ ਮੋਬਾਈਲ ਫੋਨ ਦੀ ਵਰਤੋਂ ਨਹੀਂ ਕੀਤੀ ਜਾਂਦੀ, ਉਹ ਹੱਲ ਕਰਨਾ ਪੰਜਾਬ ਪੁਲਿਸ ਲਈ ਅਸੰਭਵ ਹੋ ਜਾਂਦਾ ਹੈ।

 

Check Also

ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ

ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …