ਕਿਹਾ : ਪਹਿਲਾਂ ਅਸਾਮ, ਫਿਰ ਪੰਜਾਬ ਅਤੇ ਹੁਣ ਉਤਰਾਖੰਡ – ਭੋਗ ਪੂਰਾ ਹੀ ਪਾਉਣਗੇ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਨੇ ਕਿਹਾ ਸੀ ਕਿ ਉਤਰਾਖੰਡ ਚੋਣਾਂ ਵਿਚ ਉਨ੍ਹਾਂ ਨੂੰ ਪਾਰਟੀ ਦੇ ਸੰਗਠਨ ਕੋਲੋਂ ਸਹਿਯੋਗ ਨਹੀਂ ਮਿਲ ਰਿਹਾ। ਰਾਵਤ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਵਿਚ ਵੀ ਬਵਾਲ ਸ਼ੁਰੂ ਹੋ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਾਂਗਰਸ ਹਾਈਕਮਾਂਡ ’ਤੇ ਸਿਆਸੀ ਹਮਲਾ ਬੋਲਿਆ ਹੈ। ਤਿਵਾੜੀ ਨੇ ਕਿਹਾ ਕਿ ਪਹਿਲਾਂ ਅਸਾਮ, ਫਿਰ ਪੰਜਾਬ ਅਤੇ ਹੁਣ ਉਤਰਾਖੰਡ, ਭੋਗ ਪੂਰਾ ਹੀ ਪਾਉਣਗੇ, ਕੋਈ ਕਸਰ ਨਾ ਰਹਿ ਜਾਏ। ਇਹ ਪਹਿਲੀ ਵਾਰ ਨਹੀਂ ਹੈ ਕਿ ਤਿਵਾੜੀ ਨੇ ਇਸ ਤਰ੍ਹਾਂ ਕਾਂਗਰਸ ਹਾਈਕਮਾਂਡ ’ਤੇ ਸਿਆਸੀ ਨਿਸ਼ਾਨੇ ਸਾਧੇ ਹਨ, ਇਸ ਤੋਂ ਪਹਿਲਾਂ ਵੀ ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਦੇ ਨਵੇਂ ਆਗੂਆਂ ’ਤੇ ਨਿਸ਼ਾਨੇ ਸਾਧਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰੀਸ਼ ਰਾਵਤ ਦੇ ਬਿਆਨ ’ਤੇ ਤਨਜ ਕਸਿਆ ਸੀ। ਉਨ੍ਹਾਂ ਰਾਵਤ ਨੂੰ ਕਿਹਾ ਸੀ ਕਿ ਜੋ ਫਸਲ ਬੀਜੀ ਹੈ, ਉਹੀ ਕੱਟਣੀ ਪੈਂਦੀ ਹੈ। ਕੈਪਟਨ ਦੀ ਇਹ ਟਿੱਪਣੀ ਇਸ ਲਈ ਅਹਿਮ ਮੰਨੀ ਜਾ ਰਹੀ ਹੈ ਕਿ ਕੈਪਟਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਹਰੀਸ਼ ਰਾਵਤ ਦਾ ਅਹਿਮ ਯੋਗਦਾਨ ਰਿਹਾ ਹੈ। ਧਿਆਨ ਰਹੇ ਕਿ ਹਰੀਸ਼ ਰਾਵਤ ਵੀ ਹੁਣ ਕਾਂਗਰਸ ਪਾਰਟੀ ਛੱਡਣ ਦੇ ਸੰਕੇਤ ਦੇ ਰਹੇ ਹਨ ਹੁਣ ਦੇਖਦੇ ਹਾਂ ਕਿ ਹਰੀਸ਼ ਰਾਵਤ ਕਿਸ ਪਾਰਟੀ ਦਾ ਰੁਖ ਕਰਦੇ ਹਨ।