ਹਿਊਸਟਨ/ਬਿਊਰੋ ਨਿਊਜ਼
ਅਮਰੀਕਾ ਦੇ ਸ਼ਹਿਰ ਕੈਨਸਾਸ ਦੇ ਇਕ ਭੀੜ ਭੜੱਕੇ ਵਾਲੇ ਬਾਰ ਵਿੱਚ ਸਾਬਕਾ ਜਲ ਸੈਨਾ ਅਧਿਕਾਰੀ ਨੇ ਗੋਲੀ ਮਾਰ ਕੇ ਇਕ ਭਾਰਤੀ ਇੰਜਨੀਅਰ ਦੀ ਹੱਤਿਆ ਕਰ ਦਿੱਤੀ ਅਤੇ ਦੋ ਵਿਅਕਤੀਆਂ ਨੂੰ ਫੱਟੜ ਕਰ ਦਿੱਤਾ। ਹਮਲੇ ਸਮੇਂ ਉਹ ਉੱਚੀ-ਉੱਚੀ ਕਹਿ ਰਿਹਾ ਸੀ ‘ਅੱਤਵਾਦੀ’ ਤੇ ‘ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ’। ਓਲੇਥ ਵਿੱਚ ਆਸਟਿਨਜ਼ ਬਾਰ ਐਂਡ ਗਰਿੱਲ ਵਿੱਚ ਖਹਿਬੜਨ ਬਾਅਦ 51 ਸਾਲਾ ਸਾਬਕਾ ਜਲ ਸੈਨਾ ਅਧਿਕਾਰੀ ਨੇ ਗੋਲੀਆਂ ਵਰ੍ਹਾ ਦਿੱਤੀਆਂ, ਜਿਸ ਵਿੱਚ ਸ੍ਰੀਨਿਵਾਸ ਕੁਚੀਭੋਤਲਾ (32) ਦੀ ਮੌਤ ਹੋ ਗਈ। ਭਾਰਤੀ ਇੰਜੀਨੀਅਰ ਸ੍ਰੀਨਿਵਾਸ ਦੀ ਹੋਈ ਹੱਤਿਆ ਤੋਂ ਬਾਅਦ ਇਕ ਵਾਰ ਫਿਰ ਜਿੱਥੇ ਅਮਰੀਕੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲੱਗਾ ਹੈ, ਉਥੇ ਲਗਾਤਾਰ ਹੋ ਰਹੇ ਨਸਲੀ ਹਮਲਿਆਂ ਨੇ ਭਾਰਤੀਆਂ ਸਮੇਤ ਹੋਰ ਵੱਖੋ-ਵੱਖ ਦੇਸ਼ਾਂ ਦੇ ਲੋਕਾਂ ਨੂੰ ਵੀ ਖੌਫ ਵਿਚ ਪਾ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸਰਬ ਧਰਮ ਦੇ ਲੋਕ ਇਕ ਮੰਚ ‘ਤੇ ਇਕੱਠੇ ਹੋਏ ਅਤੇ ਉਨ੍ਹਾਂ ਨਫ਼ਰਤ ਫੈਲਾਉਣ ਵਾਲਿਆਂ ਨੂੰ ਏਕਤਾ ਅਤੇ ਪਿਆਰ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਅਸੀਂ ਇਨਸਾਨੀਅਤ ਦੀ ਕਦਰ ਕਰਨ ਵਾਲੇ ਲੋਕ ਹਾਂ, ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਹਾਂ ਇਸ ਲਈ ਨਫ਼ਰਤ ਫੈਲਾਉਣਾ ਬੰਦ ਕਰੋ।
‘ਸਿੱਖ ਕੁਲੀਸ਼ਨ’ ਵੱਲੋਂ ਭਾਈਚਾਰੇ ਨੂੰ ਚੌਕਸ ਰਹਿਣ ਦੀ ਅਪੀਲ
ਨਿਊਯਾਰਕ: ਸਿੱਖਾਂ ਦੇ ਨਾਗਰਿਕ ਅਧਿਕਾਰਾਂ ਬਾਰੇ ਜਥੇਬੰਦੀ ‘ਸਿੱਖ ਕੁਲੀਸ਼ਨ’ ਨੇ ਕੈਨਸਾਸ ਸਿਟੀ ਵਿਚ ਭਾਰਤੀ ਇੰਜਨੀਅਰ ਦੀ ਹੱਤਿਆ ਬਾਅਦ ਅਮਰੀਕੀ ਸਿੱਖ ਭਾਈਚਾਰੇ ਨੂੰ ਹੋਰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਸਿੱਖ ਕੁਲੀਸ਼ਨ ਨੇ ਕਿਹਾ ਕਿ ਉਹ ਸ੍ਰੀਨਿਵਾਸ ਕੁਚੀਭੋਤਲਾ ਦੇ ਪਰਿਵਾਰ ਲਈ ਅਰਦਾਸ ਕਰਦੇ ਹਨ।
ਅਮਰੀਕੀ ਨੌਜਵਾਨ ਬਣਿਆ ਹੀਰੋ : ਹਮਲੇ ਦੌਰਾਨ ਐਡਮ ਖ਼ਿਲਾਫ਼ ਡਟਣ ਵਾਲਾ 24 ਸਾਲਾ ਅਮਰੀਕੀ ਨੌਜਵਾਨ ਇਆਨ ਗ੍ਰਿੱਲਟ ਹੀਰੋ ਬਣ ਗਿਆ ਹੈ। ਐਡਮ ਨੇ ਜਦੋਂ ਗੋਲੀਬਾਰੀ ਕੀਤੀ ਤਾਂ ਉਹ ਟੇਬਲ ਓਹਲੇ ਲੁਕ ਗਿਆ। ਉਹ ਬੈਠਾ ਗੋਲੀਆਂ ਗਿਣਦਾ ਰਿਹਾ ਜਦੋਂ ਉਸ ਨੂੰ ਲੱਗਾ ਕਿ ਗੋਲੀਆਂ ਮੁੱਕ ਗਈਆਂ ਹਨ ਤਾਂ ਉਹ ਹਮਲਾਵਰ ‘ਤੇ ਟੁੱਟ ਪਿਆ ਪਰ ਐਡਮ ਕੋਲ ਹਾਲੇ ਇਕ ਗੋਲੀ ਸੀ ਜੋ ਉਸ ਨੇ ਇਆਨ ‘ਤੇ ਦਾਗ ਦਿੱਤੀ, ਜੋ ਉਸ ਦੇ ਹੱਥ ਵਿੱਚੋਂ ਲੰਘ ਕੇ ਛਾਤੀ ਵਿੱਚ ਵੱਜੀ। ਹਸਪਤਾਲ ਵਿੱਚ ਜ਼ੇਰੇ ਇਲਾਜ ਇਆਨ ਨੇ ਕਿਹਾ, ‘ਮੈਂ ਉਹ ਕਰ ਰਿਹਾ ਸੀ ਜੋ ਮੈਨੂੰ ਦੂਜੇ ਇਨਸਾਨ ਲਈ ਕਰਨਾ ਚਾਹੀਦਾ ਹੈ। ਇਸ ਦਾ ਕੋਈ ਅਰਥ ਨਹੀਂ ਉਹ (ਪੀੜਤ) ਕਿੱਥੋਂ ਦਾ ਹੈ ਜਾਂ ਕਿਸ ਮੂਲ ਦਾ ਹੈ। ਅਸੀਂ ਸਾਰੇ ਇਨਸਾਨ ਹਾਂ। ਇਸ ਲਈ ਮੈਂ ਉਹੀ ਕੀਤਾ ਜੋ ਠੀਕ ਸੀ।’
ਸੁਸ਼ਮਾ ਸਵਰਾਜ ਵੱਲੋਂ ਦੁਖ ਪ੍ਰਗਟ : ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਵਿਚ ‘ਨਸਲੀ ਹਮਲੇ’ ਵਿਚ ਇਕ ਭਾਰਤੀ ਮੂਲ ਦੇ ਇੰਜੀਨੀਅਰ ਦੀ ਹੱਤਿਆ ਅਤੇ ਇਕ ਹੋਰ ਨੂੰ ਜ਼ਖ਼ਮੀ ਕੀਤੇ ਜਾਣ ਦੀ ਘਟਨਾ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਨੂੰ ‘ਮੱਧ ਪੂਰਬ’ ਦਾ ਨਾਗਰਿਕ ਸਮਝ ਕੇ ਗੋਲੀ ਮਾਰੀ ਗਈ। ਸ਼ੁਸ਼ਮਾ ਨੇ ਟਵੀਟ ਕਰਕੇ ਕਿਹਾ ਕਿ ਮੈਂ ਕੈਨਸਾਸ ਵਿਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਸਦਮੇ ਵਿਚ ਹਾਂ।
Home / ਹਫ਼ਤਾਵਾਰੀ ਫੇਰੀ / ਨਸਲੀ ਹਿੰਸਾ ਦਾ ਸ਼ਿਕਾਰ ਹੋਏ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਦੀ ਮੌਤ ਤੋਂ ਬਾਅਦ ਅਮਰੀਕਾ ਦੀ ਕਾਰਗੁਜ਼ਾਰੀ ‘ਤੇ ਲੱਗਾ ਪ੍ਰਸ਼ਨ ਚਿੰਨ ਨਫ਼ਰਤ ਦੇ ਪਾਂਧੀਓ, ਅਸੀਂ ਏਕਤਾ ਦੇ ਰਾਹੀ…
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …