Breaking News
Home / ਪੰਜਾਬ / ਪਾਕਿ ਦੇ ਰੇਂਜਰਾਂ ਵੱਲੋਂ ਬੀਐੱਸਐੱਫ ਜਵਾਨਾਂ ਨੂੰ ਮਠਿਆਈ ਭੇਟ

ਪਾਕਿ ਦੇ ਰੇਂਜਰਾਂ ਵੱਲੋਂ ਬੀਐੱਸਐੱਫ ਜਵਾਨਾਂ ਨੂੰ ਮਠਿਆਈ ਭੇਟ

ਅਜ਼ਾਦੀ ਦਿਵਸ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ
ਅਟਾਰੀ : ਪਾਕਿਸਤਾਨ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ‘ਤੇ ਪਾਕਿਸਤਾਨ ਰੇਂਜਰਾਂ ਅਤੇ ਸੀਮਾ ਸੁਰੱਖਿਆ ਬਲ ਵਿਚਕਾਰ ਮਠਿਆਈਆਂ ਦਾ ਆਦਾਨ-ਪ੍ਰਦਾਨ ਹੋਇਆ। ਪਾਕਿ ਰੇਂਜਰ ਦੇ ਵਿੰਗ ਕਮਾਂਡਰ ਹਸਨ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਜਸਬੀਰ ਸਿੰਘ ਨੂੰ ਮਠਿਆਈ ਦੇ ਡੱਬੇ ਭੇਟ ਕਰਕੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਸੀਮਾ ਸੁਰੱਖਿਆ ਬਲ ਕਮਾਂਡੈਂਟ ਜਸਬੀਰ ਸਿੰਘ ਨੇ ਕਿਹਾ ਕਿ ਸੁਰੱਖਿਆ ਬਲ ਦੀਆਂ ਪਰੰਪਰਾਵਾਂ ਅਨੁਸਾਰ ਦੇਸ਼ ਦੇ ਇਤਿਹਾਸਕ ਮੌਕਿਆਂ ‘ਤੇ ਦੇਸ਼ ਦੀ ਸੁਰੱਖਿਆ ਕਰਨ ਵਾਲੇ ਜਵਾਨ ਇੱਕ-ਦੂਜੇ ਨੂੰ ਮਠਿਆਈ ਭੇਟ ਕਰਦੇ ਹਨ। ਇਹ ਖਾਸ ਮੌਕੇ ਸਰਹੱਦ ‘ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ‘ਚ ਅਹਿਮ ਯੋਗਦਾਨ ਦਿੰਦੇ ਹਨ। ਇਸ ਕੜੀ ਵਜੋਂ ਪਾਕਿ ਦੇ ਆਜ਼ਾਦੀ ਦਿਵਸ ਮੌਕੇ ਪਾਕਿ ਰੇਂਜਰਜ਼ ਨੇ ਅਟਾਰੀ ਸਰਹੱਦ ‘ਤੇ ਮਠਿਆਈ ਭੇਟ ਕੀਤੀ ਹੈ। ਗੌਰਤਲਬ ਹੈ ਕਿ ਕੌਮਾਂਤਰੀ ਸਰਹੱਦ ਅਟਾਰੀ-ਵਾਹਗਾ ਸਥਿਤ ਸਾਂਝੀ ਜਾਂਚ ਚੌਕੀ ‘ਤੇ ਤਾਇਨਾਤ ਭਾਰਤ-ਪਾਕਿ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀ ਵੱਖ-ਵੱਖ ਧਾਰਮਿਕ ਤੇ ਰਾਸ਼ਟਰੀ ਤਿਉਹਾਰਾਂ ਮੌਕੇ ਇੱਕ-ਦੂਜੇ ਨੂੰ ਮਠਿਆਈ ਦੇ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ। ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਮਗਰੋਂ ਇਹ ਪਹਿਲਾ ਮੌਕਾ ਹੈ, ਜਦੋਂ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵੱਲੋਂ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ‘ਤੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਮੌਕੇ ਰੇਂਜਰਜ਼ ਅਧਿਕਾਰੀਆਂ ਨੇ ਮਠਿਆਈ ਭੇਟ ਕਰਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਬੀਐੱਸਐੱਫ ਨੇ ਪਾਕਿਸਤਾਨੀ ਰੇਂਜਰਜ਼ ਨੂੰ ਮਠਿਆਈ ਵੰਡੀ
ਅਟਾਰੀ : ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਅਟਾਰੀ-ਵਾਹਗਾ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵੱਲੋਂ ਪਾਕਿਸਤਾਨ ਰੇਂਜਰਜ਼ ਨੂੰ ਮਠਿਆਈ ਭੇਟ ਕੀਤੀ ਗਈ। ਬੀਐੱਸਐੱਫ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਜਸਬੀਰ ਸਿੰਘ ਨੇ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਹਸਨ ਨੂੰ ਮਠਿਆਈ ਭੇਟ ਕਰਕੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਸਵੇਰੇ ਕਮਾਂਡੈਂਟ ਜਸਬੀਰ ਸਿੰਘ ਨੇ ਅਟਾਰੀ ਸਰਹੱਦ ‘ਤੇ ਸਾਂਝੀ ਜਾਂਚ ਚੌਕੀ ਨੇੜੇ ਤਿਰੰਗਾ ਲਹਿਰਾਇਆ ਅਤੇ ਜਵਾਨਾਂ ਨੇ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਦਿੱਤਾ। ਮਗਰੋਂ ਉਨ੍ਹਾਂ ਬੀਐੱਸਐੱਫ ਦੇ ਜਵਾਨਾਂ ਨੂੰ ਵੀ ਮਠਿਆਈ ਵੰਡੀ। ਇਸੇ ਦੌਰਾਨ ਅਟਾਰੀ ਸਰਹੱਦ ‘ਤੇ ਮੁਲਕ ਦਾ 75ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸੁਰਜੀਤ ਸਿੰਘ ਦੇਸਵਾਲ ਨੇ ਕਿਹਾ ਕਿ ਉਹ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ।

 

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …