
ਨਿੱਕੀ ਹੇਲੀ ’ਤੇ ਚੋਣ ਮੈਦਾਨ ’ਚੋਂ ਹਟਣ ਦਾ ਦਬਾਅ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਲਈ ਦੇਸ਼ ਭਰ ਦੇ 15 ਰਾਜਾਂ ਵਿੱਚ ਹੋਈਆਂ ਆਪੋ-ਆਪਣੀਆਂ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਜਿੱਤਣ ਵਿੱਚ ਸਫਲ ਰਹੇ ਹਨ। ਜਿਸ ਕਾਰਨ ਨਵੰਬਰ ਵਿੱਚ ਦੋਵਾਂ ਆਗੂਆਂ ਵਿਚਾਲੇ ਸਿਆਸੀ ਟੱਕਰ ਹੋਣ ਦਾ ਰਾਹ ਮੁੜ ਸਾਫ ਹੋ ਗਿਆ ਹੈ। ਨਾਲ ਹੀ ਭਾਰਤੀ-ਅਮਰੀਕੀ ਨਿੱਕੀ ਹੇਲੀ ’ਤੇ ਚੋਣ ਲੜਨ ਸਬੰਧੀ ਆਪਣਾ ਦਾਅਵਾ ਛੱਡਣ ਲਈ ਦਬਾਅ ਵਧਦਾ ਜਾ ਰਿਹਾ ਹੈ। ਡੈਮੋਕ੍ਰੇਟਿਕ ਪਾਰਟੀ ਤੋਂ ਬਾਇਡਨ ਅਤੇ ਰਿਪਬਲਿਕਨ ਪਾਰਟੀ ਤੋਂ ਟਰੰਪ ਰਾਸ਼ਟਰਪਤੀ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਹਨ। ਸੁਪਰ ਮੰਗਲਵਾਰ ਦੇ ਚੋਣ ਨਤੀਜਿਆਂ ਤੋਂ ਬਾਅਦ ਟਰੰਪ ਨੂੰ ਡੈਲੀਗੇਟਾਂ ਦੀ ਗਿਣਤੀ ਵਿਚ ਮਹੱਤਵਪੂਰਨ ਲੀਡ ਮਿਲਣ ਦੀ ਉਮੀਦ ਹੈ। ਬਾਇਡਨ, ਜੋ ਫਿਰ ਰਾਸ਼ਟਰਪਤੀ ਬਣਨ ਦੀ ਇੱਛਾ ਰੱਖਦੇ ਹਨ, ਉਹ ਕਰੀਬ ਸਾਰੇ ਡੈਮੋਕਰੇਟਿਕ ਪ੍ਰਾਇਮਰੀ ਰਾਜਾਂ ਨੂੰ ਜਿੱਤਣ ਵਿੱਚ ਕਾਮਯਾਬ ਰਹੇ।