Breaking News
Home / ਭਾਰਤ / ਟੈਕਸ ਵਿਭਾਗ ਨੇ ਭਗੌੜੇ ਮਾਲਿਆ ਦਾ ਲਗਜ਼ਰੀ ਜੈੱਟ 35 ਕਰੋੜ ‘ਚ ਵੇਚਿਆ

ਟੈਕਸ ਵਿਭਾਗ ਨੇ ਭਗੌੜੇ ਮਾਲਿਆ ਦਾ ਲਗਜ਼ਰੀ ਜੈੱਟ 35 ਕਰੋੜ ‘ਚ ਵੇਚਿਆ

ਮੁੰਬਈ/ਬਿਊਰੋ ਨਿਊਜ਼ : ਸਰਵਿਸ ਟੈਕਸ ਵਿਭਾਗ ਨੇ ਚਾਰ ਨਾਕਾਮ ਯਤਨਾਂ ਮਗਰੋਂ ਆਖਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਕਬਜ਼ੇ ਵਿਚ ਲਏ ਲਗ਼ਜ਼ਰੀ ਏ319 ਜੈੱਟ ਲਈ ਖਰੀਦਦਾਰ ਲੱਭ ਲਿਆ ਹੈ। ਫਲੋਰਿਡਾ ਆਧਾਰਿਤ ਏਵੀਏਸ਼ਨ ਮੈਨੇਜਮੈਂਟ ਸੇਲਜ਼ ਨੇ ਜੈੱਟ ਲਈ ਨਿਗੂਣੀ 34.8 ਕਰੋੜ ਰੁਪਏ ਦੀ ਸਫ਼ਲ ਬੋਲੀ ਲਾਈ ਹੈ। ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਇਸ ਨਿਲਾਮੀ ਦੌਰਾਨ ਇਸ ਫਰਮ ਨੇ ਸਭ ਤੋਂ ਵੱਧ ਬੋਲੀ ਦਿੱਤੀ ਸੀ। ਮਾਲਿਆ ਵੱਲੋਂ ਕਾਰੋਬਾਰੀ ਕਰਾਰਾਂ ਲਈ ਇਸੇ ਲਗਜ਼ਰੀ ਜੈੱਟ ਰਾਹੀਂ ਕੁੱਲ ਆਲਮ ਦਾ ਤੋਰਾ ਫੇਰਾ ਕੀਤਾ ਜਾਂਦਾ ਸੀ। ਸਰਵਿਸ ਟੈਕਸ ਅਥਾਰਿਟੀ ਦੇ ਟੈਕਸਾਂ ਦੇ ਰੂਪ ਵਿੱਚ ਮਾਲਿਆ ਵੱਲ ਲਗਪਗ 800 ਕਰੋੜ ਰੁਪਏ ਬਕਾਇਆ ਹਨ ਤੇ ਇਸ ਲਗਜ਼ਰੀ ਜੈੱਟ ਦੀ ਵਿਕਰੀ ਨਾਲ ਇਸੇ ਹਰਜਾਨੇ ਨੂੰ ਪੂਰਾ ਕਰਨ ਦਾ ਯਤਨ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਨਿਲਾਮੀ ਦਾ ਇਹ ਅਮਲ ਕਰਨਾਟਕ ਹਾਈ ਕੋਰਟ ਦੇ ਹੁਕਮਾਂ ਮਗਰੋਂ ਈ-ਨਿਲਾਮੀ ਰਾਹੀਂ ਸਿਰੇ ਚੜ੍ਹਿਆ ਹੈ। ਟੈਕਸ ਵਿਭਾਗ ਵੱਲੋਂ ਜੈੱਟ ਨੂੰ ਆਪਣੇ ਕਬਜ਼ੇ ਵਿਚ ਲਏ ਜਾਣ ਮਗਰੋਂ ਸਾਲ 2013 ਤੋਂ ਇਹ ਮੁੰਬਈ ਹਵਾਈ ਅੱਡੇ ਦੇ ਹੈਂਗਰ ਵਿੱਚ ਖੜ੍ਹਾ ਸੀ। ਉਂਜ ਨਿਲਾਮੀ ਦਾ ਇਹ ਅਮਲ ਬੰਬੇ ਹਾਈ ਕੋਰਟ ਦੀ ਪ੍ਰਵਾਨਗੀ ਮਗਰੋਂ ਸਿਰੇ ਚੜ੍ਹੇਗਾ। ਸੂਤਰਾਂ ਨੇ ਦੱਸਿਆ, ‘ਮਾਲਿਆ ਦੇ ਨਿੱਜੀ ਲਗਜ਼ਰੀ ਜੈੱਟ ਲਈ ਆਖਰ ਨੂੰ ਈ-ਨਿਲਾਮੀ ਜ਼ਰੀਏ ਖਰੀਦਦਾਰ ਜੁੜ ਗਿਆ ਹੈ।
ਫੋਲਰਿਡਾ ਆਧਾਰਿਤ ਫਰਮ ਏਵੀਏਸ਼ਨ ਮੈਨੇਜਮੈਂਟ ਸੇਲਜ਼ ਐਲਐਲਸੀ ਨੇ 34.8 ਕਰੋੜ ਰੁਪਏ ਦੀ ਬੋਲੀ ਨਾਲ ਇਹ ਜੈੱਟ ਖਰੀਦ ਲਿਆ ਹੈ।’ ਉਂਜ ਟੈਕਸ ਵਿਭਾਗ ਨੇ ਸ਼ੁਰੂਆਤ ਵਿੱਚ ਇਸ ਜੈੱਟ ਨੂੰ ਵੇਚਣ ਲਈ 152 ਕਰੋੜ ਰੁਪਏ ਦੀ ਰਾਖਵੀਂ ਕੀਮਤ ਮਿੱਥੀ ਸੀ। ਜੈੱਟ ਵੱਲੋਂ ਮੁੰਬਈ ਹਵਾਈ ਅੱਡੇ ‘ਤੇ ਥਾਂ ਘੇਰਨ ਦੇ ਚਲਦਿਆਂ ਇਸ ਸਾਲ ਜਨਵਰੀ ਵਿੱਚ ਬੰਬੇ ਹਾਈ ਕੋਰਟ ਨੇ ਕਰਨਾਟਕ ਹਾਈ ਕੋਰਟ ਦੇ ਅਧਿਕਾਰਤ ਲਿਕੁਇਡੇਟਰ ਨੂੰ ਜੈੱਟ ਉਥੋਂ ਹਟਾਉਣ ਲਈ ਲੋੜੀਂਦੀ ਪੇਸ਼ਕਦਮੀ ਲਈ ਕਿਹਾ ਸੀ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …