Breaking News
Home / ਪੰਜਾਬ / ਮਲੂਕਾ ਨੂੰ ਮੌੜ ਹਲਕੇ ਤੋਂ ਪਿੱਛੇ ਕਰਕੇ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਦਿੱਤੀ ਟਿਕਟ

ਮਲੂਕਾ ਨੂੰ ਮੌੜ ਹਲਕੇ ਤੋਂ ਪਿੱਛੇ ਕਰਕੇ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਦਿੱਤੀ ਟਿਕਟ

ਸਿਕੰਦਰ ਸਿੰਘ ਮਲੂਕਾ ਦੀ ਨਰਾਜ਼ਗੀ ਦੀ ਸੁਖਬੀਰ ਨੇ ਨਹੀਂ ਕੀਤੀ ਪ੍ਰਵਾਹ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀਆਂ ਗੁੱਝੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਮੌੜ ਵਿਧਾਨ ਸਭਾ ਹਲਕੇ ਤੋਂ ਜਗਮੀਤ ਸਿੰਘ ਬਰਾੜ ਨੂੰ ਆਗਾਮੀ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ 6 ਹੋਰ ਉਮੀਦਵਾਰਾਂ ਦੇ ਨਾਮ ਐਲਾਨੇ। ਇਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਮੌੜ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਕੋਟਕਪੂਰਾ ਤੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਫਰੀਦਕੋਟ ਤੋਂ ਪਰਮਬੰਸ ਸਿੰਘ ਰੋਮਾਣਾ, ਜੈਤੋਂ (ਰਾਖਵੇਂ) ਤੋਂ ਸੂਬਾ ਸਿੰਘ ਬਾਦਲ ਅਤੇ ਮੁਕਤਸਰ ਤੋਂ ਮੌਜੂਦਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਉਮੀਦਵਾਰ ਹੋਣਗੇ। ਮਹੱਤਵਪੂਰਨ ਪਹਿਲੂ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੁੱਝ ਦਿਨ ਪਹਿਲਾਂ ਰਾਮਪੁਰਾ ਫੂਲ ਤੋਂ ਉਮੀਦਵਾਰ ਐਲਾਨੇ ਸਿਕੰਦਰ ਸਿੰਘ ਮਲੂਕਾ ਮੌੜ ਮੰਡੀ ਤੋਂ ਉਮੀਦਵਾਰੀ ਦਾ ਦਾਅਵਾ ਠੋਕ ਰਹੇ ਸਨ। ਮਲੂਕਾ ਨੇ ਪਾਰਟੀ ਪ੍ਰਧਾਨ ਦੇ ਐਲਾਨ ਨੂੰ ਚੁਣੌਤੀ ਦਿੰਦਿਆਂ ਰਾਮਪੁਰਾ ਫੂਲ ਤੋਂ ਆਪਣੇ ਪੁੱਤਰ ਲਈ ਟਿਕਟ ਮੰਗਦਿਆਂ ਖੁਦ ਇਥੋਂ ਚੋਣ ਨਾ ਲੜਨ ਦਾ ਖੁੱਲ੍ਹਮ ਖੁੱਲ੍ਹਾ ਐਲਾਨ ਕੀਤਾ ਹੋਇਆ ਹੈ।
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਦੀ ਕਾਰਜਸ਼ੈਲੀ ’ਚ ਜ਼ਮੀਨ ਅਸਮਾਨ ਦਾ ਫਰਕ: ਮਲੂਕਾ
ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਅਤੇ ਫੈਸਲੇ ਲੈਣ ਦੇ ਢੰਗ ‘ਤੇ ਸਵਾਲੀਆ ਨਿਸ਼ਾਨ ਲਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਦੀ ਕਮਾਨ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਸੀ ਤਾਂ ਸਾਰੇ ਫੈਸਲੇ ਸਮੁੱਚੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਸਹਿਮਤੀ ਨਾਲ ਲਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਸ ਤਰ੍ਹਾਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਇਸ ਸਬੰਧੀ ਪਾਰਟੀ ਵਿੱਚ ਕੋਈ ਚਰਚਾ ਨਹੀਂ ਹੋਈ। ਮਲੂਕਾ ਨੇ ਇਹ ਵੀ ਕਿਹਾ ਕਿ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਉਨ੍ਹਾਂ ਦਾ ਪੁੱਤਰ ਹੀ ਚੋਣ ਲੜੇਗਾ ਤੇ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ।
ਮਲੂਕਾ ਵੀ ਸ਼੍ਰੋਮਣੀ ਅਕਾਲੀ ਦਲ ‘ਚੋਂ ਹੋ ਸਕਦੇ ਹਨ ਬਾਗੀ!
ਸਿਕੰਦਰ ਸਿੰਘ ਮਲੂਕਾ ਵੱਲੋਂ ਰਾਮਪੁਰਾ ਫੂਲ ਤੋਂ ਚੋਣ ਲੜਨ ਤੋਂ ਨਾਂਹ
ਪੁੱਤਰ ਗੁਰਪ੍ਰੀਤ ਮਲੂਕਾ ਨੂੰ ਚੋਣ ਲੜਾਉਣ ਦਾ ਐਲਾਨ
ਬਠਿੰਡਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਸ ਤਹਿਤ ਹਲਕਾ ਰਾਮਪੁਰਾ ਫੂਲ ਤੋਂ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਬਠਿੰਡਾ ਦਿਹਾਤੀ ਤੋਂ ਪ੍ਰਕਾਸ਼ ਸਿੰਘ ਭੱਟੀ ਅਤੇ ਹਲਕਾ ਭੁੱਚੋ ਤੋਂ ਦਰਸ਼ਨ ਸਿੰਘ ਕੋਟਫੱਤਾ ਨੂੰ ਉਮੀਦਵਾਰ ਐਲਾਨਿਆ ਗਿਆ। ਇਹ ਸੂਚੀ ਜਾਰੀ ਹੋਣ ਤੋਂ ਬਾਅਦ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੀ ਟਿਕਟ ਤੋਂ ਨਾਖ਼ੁਸ਼ ਨਜ਼ਰ ਆਏ। ਮਲੂਕਾ ਨੇ ਇਸ ਹਲਕੇ ਤੋਂ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ। ਮਲੂਕਾ ਪਾਰਟੀ ਨੂੰ ਬਾਗੀ ਤੇਵਰ ਦਿਖਾਉਂਦਿਆਂ ਉਲਾਂਭਾ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਹਲਕੇ ਮੌੜ ਤੋਂ ਟਿਕਟ ਮਿਲਦੀ ਤਾਂ ਚੰਗਾ ਹੁੰਦਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਨੂੰ ਮਾਣ ਤੇ ਸਤਿਕਾਰ ਦੇਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਹਲਕਾ ਰਾਮਪੁਰਾ ਫੂਲ ਤੋਂ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਚੋਣ ਲੜਨਗੇ ਕਿਉਂਕਿ ਉਹ ਪਿਛਲੇ ਇੱਕ ਸਾਲ ਤੋਂ ਹਲਕੇ ਦੇ ਮੁੱਖ ਸੇਵਾਦਾਰ ਵਜੋਂ ਵਿਚਰ ਰਹੇ ਹਨ। ਗੁਰਪ੍ਰੀਤ ਸਿੰਘ ਮਲੂਕਾ ਨੂੰ ਰਾਮਪੁਰਾ ਹਲਕੇ ਵਿਚ ਭਾਰੀ ਸਮਰਥਨ ਮਿਲ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿੱਚ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਤਕਰੀਬਨ 600 ਤੋਂ ਵੱਧ ਪਰਿਵਾਰਾਂ ਨੇ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ।
ਪ੍ਰਧਾਨ ਆਪਣਾ ਫ਼ੈਸਲਾ ਮੁੜ ਵਿਚਾਰਨ: ਮਲੂਕਾ
ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਸਪੱਸ਼ਟ ਕੀਤਾ ਕਿ ਉਹ ਪਿਛਲੇ ਇੱਕ ਸਾਲ ਤੋਂ ਹਲਕਾ ਮੌੜ ਅੰਦਰ ਵਿਚਰ ਰਹੇ ਹਨ ਜਿਸ ਲਈ ਉਨ੍ਹਾਂ ਨੂੰ ਹਲਕਾ ਮੌੜ ਤੋਂ ਹੀ ਟਿਕਟ ਦਿੱਤੀ ਜਾਵੇ। ਮਲੂਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਵਰਕਰਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਆਪਣੇ ਫ਼ੈਸਲੇ ‘ਤੇ ਮੁੜ ਗੌਰ ਕਰੇ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਹਲਕਾ ਮੌੜ ਦੀ ਬਜਾਏ ਹਲਕਾ ਰਾਮਪੁਰਾ ਫੂਲ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਣ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਪਾਰਟੀ ਹਾਈਕਮਾਂਡ ਦੇ ਫੈਸਲੇ ਦੇ ਵਿਰੋਧ ‘ਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ।

 

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …