Breaking News
Home / ਪੰਜਾਬ / ‘ਆਪ’ ‘ਚ ਘਸਮਾਣ-ਪ੍ਰਧਾਨ ਭਗਵੰਤ ਮਾਨ

‘ਆਪ’ ‘ਚ ਘਸਮਾਣ-ਪ੍ਰਧਾਨ ਭਗਵੰਤ ਮਾਨ

‘ਆਪ’ ਦੀ ਛਤਰੀ ਤੋਂ ਉਡ ਗਈ ਘੁੱਗੀ
ਗੁਰਪ੍ਰੀਤ ਵੜੈਚ ਨੇ ਆਮ ਆਦਮੀ ਪਾਰਟੀ ਛੱਡੀ
ਖੁਲਾਸਾ : ਭਰੀ ਮੀਟਿੰਗ ‘ਚ ਭਗਵੰਤ ਨੂੰ ‘ਹੁਣ ਸ਼ਰਾਬ ਨਾ ਪੀਵੀਂ’ ਇਸ ਸ਼ਰਤ ਨਾਲ ਬਣਾਇਆ ਸੂਬਾ ਪ੍ਰਧਾਨ
ਕਿਹਾ : ਗਾਂਧੀ, ਖਹਿਰਾ ਜਾਂ ਫੂਲਕਾ ਨੂੰ ਬਣਾਉਂਦੇ ਪ੍ਰਧਾਨ
ਚੰਡੀਗੜ੍ਹ : ਦਿੱਲੀ ਤੋਂ ਬਾਅਦ ਹੁਣ ਪੰਜਾਬ ‘ਚ ਵੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਵਖਰੇਵੇਂ ਦੇ ਰਾਹ ਪੈ ਗਈ ਹੈ। ਪੰਜਾਬ ਦੇ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਮੈਂ ਭਰੇ ਮਨ ਨਾਲ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦਿੰਦਾ ਹਾਂ। ਭਗਵੰਤ ਮਾਨ ਨੂੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਘੁੱਗੀ ਨੇ ਕਿਹਾ ਕਿ ਭਗਵੰਤ ਚੰਗਾ ਕਲਾਕਾਰ ਹੈ, ਚੰਗਾ ਬੁਲਾਰਾ ਹੈ ਤੇ ਪਾਰਟੀ ਵਿਚ ਚੰਗੀ ਥਾਂ ਰੱਖਦਾ ਹੈ, ਪਰ ਜਿਸ ਪਾਰਟੀ ਦੀ ਹਾਈ ਕਮਾਂਡ ਨੂੰ ਹੀ ਉਸ ‘ਤੇ ਭਰੋਸਾ ਨਹੀਂ ਉਸ ‘ਤੇ ਪਾਰਟੀ ਜਾਂ ਵਰਕਰ ਕਿਵੇਂ ਭਰੋਸਾ ਕਰ ਸਕਦੇ ਹਨ ਕਿਉਂਕਿ ਉਸ ਨੂੰ ਦਿੱਲੀ ਵਿਚ ਭਰੀ ਬੈਠਕ ਵਿਚ ਇਹ ਕਹਿ ਕਿ ਪ੍ਰਧਾਨ ਬਣਾਇਆ ਕਿ ਹੁਣ ਤੂੰ ਦਾਰੂ ਨਹੀਂ ਪੀਵੇਂਗਾ। ਨਾਲ ਹੀ ਘੁੱਗੀ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਪਾਰਟੀ ਨੇ ਅੱਗੇ ਵਧਣਾ ਹੁੰਦਾ ਤਾਂ ਉਹ ਗਾਂਧੀ ਨੂੰ ਜਾਂ ਸੁਖਪਾਲ ਖਹਿਰਾ ਨੂੰ ਜਾਂ ਫਿਰ ਫੂਲਕਾ ਨੂੰ ਪ੍ਰਧਾਨ ਬਣਾਉਂਦੀ। ਘੁੱਗੀ ਨੇ ਸੰਕੇਤ ਦਿੱਤੇ ਹਨ ਕਿ ਛੇਤੀ ਹੀ ਉਹ ਕੋਈ ਹੋਰ ਪਾਰਟੀ ਜੁਆਇਨ ਕਰ ਸਕਦੇ ਹਨ ਤੇ ਸੰਭਾਵਨਾ ਹੈ ਕਿ ਉਹ ਕਾਂਗਰਸ ਹੋ ਸਕਦੀ ਹੈ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਦੇ ਅਹੁਦੇ ਤੋਂ ਹਟਾਏ ਗੁਰਪ੍ਰੀਤ ਸਿੰਘ ਵੜੈਚ ਨੇ ਬੁੱਧਵਾਰ ਨੂੰ ਭਰੇ ਮਨ ਨਾਲ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਉਹ ਸ਼ਰਾਬ ਨਾ ਪੀਣ ਦੀ ਸ਼ਰਤ ‘ਤੇ ਪ੍ਰਧਾਨ ਬਣਾਏ ਭਗਵੰਤ ਮਾਨ ਦੀ ਕਮਾਂਡ ਹੇਠ ਕੰਮ ਕਰਨ ਤੋਂ ਅਸਮਰੱਥ ਹਨ। ਵੜੈਚ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਬਰਖ਼ਾਸਤ ਕਰਨ ਮੌਕੇ ਪਾਰਟੀ ਵਿੱਚ ਵੱਡਾ ਖਲਾਅ ਪੈਦਾ ਹੋਇਆ ਸੀ ਤਾਂ ਉਸ ਵੇਲੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ (ਵੜੈਚ) ਨੂੰ ਕਨਵੀਨਰ ਬਣਾਇਆ ਸੀ, ਜਦੋਂਕਿ ਉਦੋਂ ਵੀ ਭਗਵੰਤ ਮਾਨ ਮੌਜੂਦ ਸਨ, ਫਿਰ ਉਸ ਵੇਲੇ ਮਾਨ ਨੂੰ ਕਨਵੀਨਰ ਕਿਉਂ ਨਹੀਂ ਬਣਾਇਆ ਗਿਆ? ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਿਨਾਂ ਵਿੱਚ ਭਗਵੰਤ ਮਾਨ ਨੇ ਜਿੱਥੇ ਆਪਣੇ ਘਰ ਲੱਗੇ ਪਾਰਟੀ ਦੇ ਪੋਸਟਰ ਗੁੱਸੇ ਵਿੱਚ ਪਾੜ ਦਿੱਤੇ ਸਨ, ਉਥੇ ਦਿੱਲੀ ਦੀ ਲੀਡਰਸ਼ਿਪ ਦੀ ਵੀ ਖੂਬ ਝਾੜ-ਝੰਬ ਕੀਤੀ ਸੀ ਅਤੇ ਅਮਰੀਕਾ ਉਡਾਰੀ ਮਾਰਨ ਦਾ ਦਾਬਾ ઠਮਾਰਿਆ ਸੀ। ਸ਼ਾਇਦ ਇਸੇ ઠਕਾਰਨ ਹੀ ਹਾਈ ਕਮਾਂਡ ਦੀ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੀ ਮਜਬੂਰੀ ਬਣ ਗਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਸ਼ਰਤ ‘ਤੇ ਪ੍ਰਧਾਨ ਬਣਾਇਆ ਹੈ ਕਿ ਉਹ ਭਵਿੱਖ ਵਿੱਚ ਸ਼ਰਾਬ ਨਹੀਂ ਪੀਣਗੇ ਤੇ ਖ਼ੁਦ ਮਾਨ ਨੇ ਵੀ ਮੀਟਿੰਗ ਦੌਰਾਨ ਵਾਅਦਾ ਕੀਤਾ ਹੈ ਕਿ ਜੇ ਉਹ ਸ਼ਰਾਬ ਪੀਣ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਵਿਧਾਇਕ ਸੁਖਪਾਲ ਸਿੰਘ ਖਹਿਰਾ ਜਾਂ ਐਚ.ਐਸ. ਫੂਲਕਾ ਨੂੰ ਪ੍ਰਧਾਨ ਬਣਾਉਣ ਵਿੱਚ ਪਾਰਟੀ ਦਾ ਭਲਾ ਸੀ। ਵੜੈਚ ਨੇ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਲਈ ਅਪਣਾਈ ਪ੍ਰਕਿਰਿਆ ਨੂੰ ਧੋਖਾ ਦੱਸਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ 20 ਵਿਧਾਇਕਾਂ ਤੋਂ ਬਿਨਾਂ 20 ਦੇ ਕਰੀਬ ਮਨਮਾਨੇ ਢੰਗ ਨਾਲ ਵਿੰਗਾਂ ਦੇ ਆਗੂ ਤੇ ਅਹੁਦੇਦਾਰ ਸੱਦੇ ਗਏ ਸਨ, ਜਿਸ ਤੋਂ ਸਪੱਸ਼ਟ ਸੀ ਕਿ ਪ੍ਰਧਾਨ ਦੀ ਮੋਹਰ ਪਹਿਲਾਂ ਹੀ ਮਾਨ ਦੇ ਨਾਂ ‘ਤੇ ਲਾਈ ਜਾ ਚੁੱਕੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਘੱਟੋ-ਘੱਟ ਚੋਣ ਲੜੇ ਸਾਰੇ ਉਮੀਦਵਾਰਾਂ ਅਤੇ ਸਰਗਰਮ ਵਲੰਟੀਅਰਾਂ ਦੀ ਰਾਇ ਨਾਲ ਕਰਨੀ ਚਾਹੀਦੀ ਸੀ। ਵੜੈਚ ਨੇ ਕਿਹਾ ਕਿ ਜੇ ਕੇਜਰੀਵਾਲ ਦੀ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੀ ਕੋਈ ਮਜਬੂਰੀ ਸੀ ਤਾਂ ਉਨ੍ਹਾਂ ਨੂੰ ਖ਼ੁਦ ਆਪਣੇ ਕੋਲ ਸੱਦ ਕੇ ਅਸਤੀਫ਼ਾ ਲੈ ਲੈਂਦੇ। ਵੜੈਚ ਨੇ ਕਿਹਾ ਕਿ ਟਿਕਟਾਂ ਵੰਡਣ ਵੇਲੇ ਉਨ੍ਹਾਂ ਨੂੰ ਕਈ ਆਗੂਆਂ ਖ਼ਿਲਾਫ਼ ਪੈਸੇ ਲੈਣ ਸਣੇ ਹੋਰ ‘ਸੰਗੀਨ’ ਸ਼ਿਕਾਇਤਾਂ ਮਿਲੀਆਂ ਸਨ ਤੇ ਉਨ੍ਹਾਂ ਨੇ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਲਈ ਹਾਈ ਕਮਾਂਡ ਨੂੰ ਲਿਖਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਸੰਜੇ ਸਿੰਘ ਬਾਰੇ ਉਨ੍ਹਾਂ ਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਪਾਰਟੀ ਨੇ ਛੋਟੇਪੁਰ ਵੱਲੋਂ ਪੈਸੇ ਲੈਣ ਦੀ ਵੀਡੀਓ ਵਾਰ-ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਮੌਜੂਦਾ ਲੀਡਰਸ਼ਿਪ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਗਿੱਲ ਅਤੇ ਫੰਡ ਰੇਜਿੰਗ ਕਮੇਟੀ ਦੇ ਆਗੂ ਮਿਹਰਬਾਨ ਸਿੰਘ ਵੀ ਹਾਜ਼ਰ ਸਨ। ਸੂਤਰਾਂ ਅਨੁਸਾਰ ਵੜੈਚ ਨੇ ਇੱਕ ਸਿਆਸੀ ਪਾਰਟੀ ਦੇ ਕੁਝ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਹੈ ਪਰ ਵੜੈਚ ਨੇ ਇਸ ਨੂੰ ਅਫ਼ਵਾਹ ਦੱਸਿਆ ਹੈ।
ਛੋਟੇਪੁਰ ਤੋਂ ਬਾਅਦ ਪਾਰਟੀ ਨੂੰ ਦੂਜਾ ਵੱਡਾ ਝਟਕਾ
ਜਦੋਂ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਿਆ ਸੀ ਤਾਂ ਪਾਰਟੀ ਦੇ ਕਈ ਨੇਤਾ ਅਤੇ ਵਰਕਰ ਉਹਨਾਂ ਦੇ ਨਾਲ ਹੀ ਪਾਰਟੀ ਛੱਡ ਗਏ ਸਨ। ਕੱਢੇ ਜਾਣ ਤੋਂ ਬਾਅਦ ਛੋਟੇਪੁਰ ਨੇ ਵੱਖਰੀ ਪਾਰਟੀ ਬਣਾ ਲਈ। ਉਸ ਸਮੇਂ ਗੁਰਪ੍ਰੀਤ ਸਿੰਘ ਘੁੱਗੀ ਨੇ ਪੰਜਾਬ ‘ਚ ਪਾਰਟੀ ਨੂੰ ਸੰਭਾਲਿਆ ਅਤੇ ਵਿਧਾਨ ਸਭਾ ਚੋਣਾਂ ਤੱਕ ਦੁਬਾਰਾ ਉਸੇ ਪੁਜੀਸ਼ਨ ਤੱਕ ਪਹੁੰਚਾਇਆ, ਜਿੱਥੇ ਪਾਰਟੀ ਪਹਿਲਾਂ ਪਹੁੰਚ ਚੁੱਕੀ ਸੀ। ਹੁਣ ਗੁਰਪ੍ਰੀਤ ਸਿੰਘ ਘੁੱਗੀ ਦਾ ਵੀ ਪੰਜਾਬ ਵਿਚ ਕਾਫੀ ਜਨ ਅਧਾਰ ਕਾਇਮ ਹੋ ਚੁੱਕਾ ਹੈ। ਅਜਿਹੇ ਵਿਚ ਘੁੱਗੀ ਦਾ ਪਾਰਟੀ ਛੱਡਣਾ, ਪਾਰਟੀ ਲਈ ਸੁੱਚਾ ਸਿੰਘ ਛੋਟੇਪੁਰ ਤੋਂ ਬਾਅਦ ਦੂਜਾ ਵੱਡਾ ਝਟਕਾ ਹੋਵੇਗਾ। ਜਿਸ ਨਾਲ ਪਾਰਟੀ ਨੂੰ ਆਉਣ ਸਮੇਂ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ।
ਗੁਰਪ੍ਰੀਤ ਵੜੈਚ ਤੋਂ ਇਹ ਆਸ ਨਹੀਂ ਸੀ: ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਪ੍ਰੀਤ ਵੜੈਚ ਤੋਂ ਅਜਿਹੀ ਆਸ ਨਹੀਂ ਸੀ, ਕਿਉਂਕਿ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਨਵੀਨਰ ਚੁਣਿਆ ਗਿਆ ਸੀ। ਮਾਨ ਨੇ ਕਿਹਾ ਕਿ ਵੜੈਚ ਹੁਣ ਕਹਿ ਰਹੇ ਨੇ ਕਿ ਉਨ੍ਹਾਂ ਨੂੰ ਕਈ ਲੀਡਰਾਂ ਵਿਰੁੱਧ ਸ਼ਿਕਾਇਤਾਂ ਮਿਲੀਆਂ ਸਨ ਪਰ ਉਸ ਵੇਲੇ ਉਹ ਚੁੱਪ ਕਿਉਂ ਰਹੇ?
ਘੁੱਗੀ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਇਆ ਸੁਖਪਾਲ ਖਹਿਰਾ ਨੇ ਵੀ ਅਸਤੀਫ਼ਾ ਫੜਾਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਸੋਮਵਾਰ ਨੂੰ ਦਿੱਲੀ ਵਿਚ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ ਵਿਚ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਨਵੀਨਰ ਦਾ ਅਹੁਦਾ ਖਤਮ ਕਰ ਦਿੱਤਾ ਅਤੇ ਸੂਬਾ ਪ੍ਰਧਾਨ ਦਾ ਨਵਾਂ ਅਹੁਦਾ ਬਣਾ ਦਿੱਤਾ। ਸੰਸਦ ਮੈਂਬਰ ਭਗਵੰਤ ਮਾਨ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਉਪ ਪ੍ਰਧਾਨ। ਕਨਵੀਨਰ ਗੁਰਪ੍ਰੀਤ ਘੁੱਗੀ ਨੂੰ ਹਟਾ ਕੇ ਇਹ ਅਹੁਦਾ ਖਤਮ ਹੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਘੁੱਗੀ ਸਮੇਤ ਕਈ ਨੇਤਾ ਨਾਰਾਜ਼ ਹਨ। ਖਹਿਰਾ ਨੇ ਚੀਫ ਵਿੱਪ੍ਹ ਅਤੇ ਬੁਲਾਰੇ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ।
ਅਹੁਦਾ ਛੱਡਿਆ ਪਾਰਟੀ ਨਹੀਂ : ਖਹਿਰਾ
ਪਾਰਟੀ ਦੇ ਚੀਫ ਵਿੱਪ੍ਹ ਤੇ ਬੁਲਾਰੇ ਸੁਖਪਾਲ ਖਹਿਰਾ ਨੇ ਆਪਣੇ ਦੋਵੇਂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵਲੰਟੀਅਰ ਦੇ ਤੌਰ ‘ਤੇ ਪਾਰਟੀ ਵਿਚ ਕੰਮ ਕਰਦਾ ਰਹਾਂਗਾ। ਮੈਂ ਸਿਰਫ ਅਹੁਦੇ ਛੱਡੇ ਹਨ, ਪਾਰਟੀ ਨਹੀਂ।
ਕੇਜਰੀਵਾਲ ਦਾ ਤਰਕ
ਭਗਵੰਤ ਮਾਨ ਪਾਰਟੀ ਦੇ ਪ੍ਰਤੀ ਪੂਰੀ ਤਰ੍ਹਾਂ ਡੈਡੀਕੇਟਿਡ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਹ ਲੋਕਾਂ ਦੇ ਚਹੇਤੇ ਨੇਤਾ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆਏ ਹਨ। ਚੋਣਾਂ ‘ਚ ਹੋਈ ਹਾਰ ਲਈ ਮੈਂ ਤੇ ਈਵੀਐਮ ਜ਼ਿੰਮੇਵਾਰ ਹਨ।
-ਅਰਵਿੰਦ ਕੇਜਰੀਵਾਲ
ਘੁੱਗੀ ਦੀ ਬਾਏ ਬਾਏ
ਗੁਰਪ੍ਰੀਤ ਘੁੱਗੀ ਨੇ ਆਮ ਆਦਮੀ ਪਾਰਟੀ ਨੂੰ ਬਾਏ ਬਾਏ ਕਰਦਿਆਂ ਕਿਹਾ ਕਿ ਮੈਨੂੰ ਪ੍ਰਧਾਨ ਬਣੇ ਵਿਅਕਤੀ ਨਾਲ ਨਾਰਾਜ਼ਗੀ ਨਹੀਂ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ ‘ਤੇ ਨਾਰਾਜ਼ਗੀ ਹੈ ਤੇ ਨਾਰਾਜ਼ਗੀ ਇਸ ਗੱਲ ਦੀ ਹੈ ਕਿ ਹਾਈ ਕਮਾਂਡ ਨੇ ਮੇਰੀਆਂ ਗੱਲਾਂ ‘ਤੇ ਕਦੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤੀ।
ਹਿੱਲਣ ਲੱਗੀਆਂ ਕੇਜਰੀਵਾਲ ਦੀ ਕੁਰਸੀ ਦੀਆਂ ਲੱਤਾਂ
ਅਰਵਿੰਦ ਕੇਜਰੀਵਾਲ ‘ਤੇ ਕਪਿਲ ਮਿਸ਼ਰਾ ਨੇ ਲਾਏ 2 ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼
ਨਵੀਂ ਦਿੱਲੀ : ਦਿੱਲੀ ਦੇ ਬਰਤਰਫ਼ ਮੰਤਰੀ ਕਪਿਲ ਮਿਸ਼ਰਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਜ਼ਮੀਨ ਸੌਦੇ ਵਿੱਚ ਸਾਥੀ ਮੰਤਰੀ ਤੋਂ ਦੋ ਕਰੋੜ ਰੁਪਏ ਲੈਣ ਦਾ ਦੋਸ਼ ਲਾਉਣ ਨਾਲ ਮੁੱਖ ਮੰਤਰੀ ਦੇ ਸਿੰਘਾਸਨ ਦੀਆਂ ਚੂਲਾਂ ਹਿੱਲ ਗਈਆਂ। ਇਨ੍ਹਾਂ ਦੋਸ਼ਾਂ ਨਾਲ ਆਮ ਆਦਮੀ ਪਾਰਟੀ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮਿਸ਼ਰਾ ਦੇ ਦੋਸ਼ਾਂ ਨੂੰ ਰੱਦ ਕੀਤਾ, ਜਦੋਂ ਕਿ ਵਿਰੋਧੀ ਧਿਰਾਂ ਨੇ ਕੇਜਰੀਵਾਲ ਤੋਂ ਨੈਤਿਕਤਾ ਦੇ ਆਧਾਰ ਉਤੇ ਅਸਤੀਫ਼ਾ ਮੰਗਿਆ। ਦਿੱਲੀ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦਾ ਵਫ਼ਦ ਉਪ ਰਾਜਪਾਲ ਅਨਿਲ ਬੈਜਲ ਨੂੰ ਮਿਲਿਆ ਤੇ ਮੰਗ ਕੀਤੀ ਕਿ ਉਹ ઠਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ઠਤੋਂ ਬਰਖ਼ਾਸਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ।

Check Also

ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ

ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …