ਵੱਡੀਆਂ ਰੈਲੀਆਂ ‘ਚ ਜਾਣ ਵਾਲੇ ਅਮਰਿੰਦਰ ਸਿੰਘ ਨੁੱਕੜ ਮੀਟਿੰਗਾਂ ‘ਚ ਜਾਣ ਲੱਗੇ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਵਿਚ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਵਾਰ ਪੰਜਾਬ ਵਿਚ ਕੌਣ ਜਿੱਤੇਗਾ, ਇਸ ਦਾ ਅੰਦਾਜ਼ਾ ਲਗਾਉਣਾ ਅਜੇ ਮੁਸ਼ਕਲ ਹੈ। ਕਈ ਸੀਟਾਂ ‘ਤੇ ਮੁਕਾਬਲਾ ਬਹੁਤ ਸਖਤ ਹੈ ਅਤੇ ਮੁੱਖ ਮੰਤਰੀ ਦੀ ਕੁਰਸੀ ਗੁਆਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕੀ ਵੀ ਖੁੱਸਣ ਦਾ ਖਤਰਾ ਦਿਸ ਰਿਹਾ ਹੈ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਚੋਣ ਮਾਹੌਲ ਦੌਰਾਨ ਛੋਟੀਆਂ ਰੈਲੀਆਂ ਨੂੰ ਸੰਬੋਧਨ ਨਹੀਂ ਕੀਤਾ ਸੀ ਅਤੇ ਇਸ ਵਾਰ ਕੈਪਟਨ ਅਮਰਿੰਦਰ ਪਟਿਆਲਾ ਵਿਚ ਨੁੱਕੜ ਮੀਟਿੰਗਾਂ ਵਿਚ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ‘ਚੋਂ ਵੱਖ ਹੋ ਕੇ ਆਪਣੀ ਵੱਖਰੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਬਣਾਈ ਹੈ ਅਤੇ ਉਹ ਭਾਜਪਾ ਅਤੇ ਢੀਂਡਸਾ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਪੂਰਾ ਧਿਆਨ ਆਪਣੀ ਸੀਟ ਬਚਾਉਣ ‘ਤੇ ਲਗਾਇਆ ਹੋਇਆ ਹੈ। ਪੰਜਾਬ ਵਿਚ ਇਸ ਵਾਰ ਚਹੁੰ ਕੋਣਾ ਚੋਣ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ ਅਤੇ ਭਾਜਪਾ ਗਠਜੋੜ ਦਰਮਿਆਨ ਹੋ ਰਿਹਾ ਹੈ ਅਤੇ ਸੰਯੁਕਤ ਸਮਾਜ ਮੋਰਚਾ ਵੀ ਇਨ੍ਹਾਂ ਪਾਰਟੀਆਂ ਨੂੰ ਟੱਕਰ ਦੇ ਰਿਹਾ ਹੈ।