ਕਰਮਚਾਰੀਆਂ ਦੀ ਡਾਈਟ ’ਚ ਸ਼ਾਮਲ ਹੋਵੇਗਾ ਮੋਟਾ ਅਨਾਜ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਫਿੱਟ ਰੱਖਣ ਅਤੇ ਉਨ੍ਹਾਂ ਦੀ ਇਮਿੳੂਨਿਟੀ ਮਜ਼ਬੂਤ ਕਰਨ ਲਈ ਪੰਜਾਬ ਪੁਲਿਸ ਹੁਣ ਮੋਟੇ ਅਨਾਜ ਦਾ ਸਹਾਰਾ ਲਵੇਗੀ। ਡੀਜੀਪੀ ਦਫਤਰ ਨੇ ਪਿਛਲੇ ਦਿਨੀਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਇਕ ਪੱਤਰ ਭੇਜਿਆ ਹੈ। ਉਸ ਵਿਚ ਕਿਹਾ ਗਿਆ ਹੈ ਕਿ ਮੋਟਾ ਅਨਾਜ ਪੁਲਿਸ ਕਰਮਚਾਰੀਆਂ ਦੀ ਇਮਿੳੂਨਿਟੀ ਵਧਾਉਣ ਵਿਚ ਬਹੁਤ ਅਹਿਮ ਯੋਗਦਾਨ ਪਾ ਸਕਦਾ ਹੈ। ਇਸ ਲਈ ਰੋਜ਼ਾਨਾ ਦੀ ਡਾਈਟ ਅਤੇ ਖੁਰਾਕ ਵਿਚ ਮੋਟੇ ਅਨਾਜ ਦਾ ਇਸਤੇਮਾਲ ਕੀਤਾ ਜਾਵੇ। ਇਸੇ ਮਕਸਦ ਨਾਲ ਜ਼ਿਲ੍ਹਿਆਂ ਦੇ ਐਸਐਸਪੀ ਪੁਲਿਸ ਕਰਮਚਾਰੀਆਂ ਨੂੰ ਇਮਿੳੂਨਿਟੀ ਵਧਾਉਣ ਲਈ ਜਾਗਰੂਕ ਵੀ ਕਰਨਗੇ। ਸਿਹਤ ਦੇ ਲਿਹਾਜ ਨਾਲ ਪੌਸ਼ਟਿਕ, ਨੈਚੁਰਲ ਫਾਈਬਰ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਮੋਟਾ ਅਨਾਜ ਯਾਨੀ ਕੇ ਕੰਗਨੀ, ਕੋਦਰਾ, ਹਰੀ ਕੰਗਨੀ, ਸਵਾਂਕ ਅਤੇ ਕੁਟਕੀ ਕਰੋਨਾ ਕਾਲ ਤੋਂ ਬਾਅਦ ਇਮਿੳੂਨਿਟੀ ਬੂਸਟਰ ਦੇ ਰੂਪ ਵਿਚ ਪ੍ਰਸਿੱਧ ਹੋ ਚੁੱਕੇ ਹਨ। ਉਧਰ ਦੂਜੇ ਪਾਸੇ ਕਿਸਾਨਾਂ ਲਈ ਇਸ ਅਨਾਜ ਨੂੰ ਉਗਾਉਣਾ ਫਾਇਦੇਮੰਦ ਹੋ ਗਿਆ ਹੈ। ਇਹ ਅਨਾਜ ਪਾਣੀ ਅਤੇ ਘੱਟ ਉਪਜਾੳੂ ਜ਼ਮੀਨ ਵਿਚ ਵੀ ਉਗਾਏ ਜਾ ਸਕਦੇ ਹਨ। ਇਹ ਵੀ ਦੱਸਿਆ ਗਿਆ ਕਿ ਸ਼ੁੱਧ ਅਤੇ ਸੰਤੁਲਿਤ ਖੁਰਾਕ ਨਾ ਲੈਣ ਕਾਰਨ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਘੱਟ ਹੋਣ ਲੱਗਦੀ ਹੈ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪੁਲਿਸ ਕਰਮਚਾਰੀਆਂ ਦੇ ਡਿੳੂਟੀ ਆਵਰ ਜ਼ਿਆਦਾ ਹੋਣ, ਕੰਮ ਦਾ ਬੋਝ ਜ਼ਿਆਦਾ ਹੋਣ ਅਤੇ ਪਰਿਵਾਰ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਨੂੰ ਘਰੇਲੂ, ਡਿੳੂਟੀ ਅਤੇ ਨਿੱਜੀ ਕੰਮ-ਕਾਜ ਦੌਰਾਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।