ਸੰਸਾਰ ਭਰ ‘ਚ 2 ਲੱਖ 48 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਨਾਲ ਹੋਈ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ਭਾਰਤ ਦੀ ਤਰ੍ਹਾਂ ਫਰਾਂਸ ਤੇ ਬ੍ਰਿਟੇਨ ਵੀ ਕੋਰੋਨਾ ਵਾਇਰਸ ‘ਤੇ ਨਜ਼ਰ ਰੱਖਣ ਲਈ ਐਪ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। ਭਾਰਤ ਵਿੱਚ ਵੱਡੇ ਪੱਧਰ ‘ਤੇ ਲੋਕ ‘ਅਰੋਗਿਆ ਸੇਤੂ’ ਐਪ ਦੀ ਵਰਤੋਂ ਕਰ ਰਹੇ ਹਨ।ઠਫਰਾਂਸ ਦੇ ਸੂਚਨਾ ਤਕਨਾਲੋਜੀ ਮੰਤਰੀ, ਸੇਡਰਿਕ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਜਦੋਂ 11 ਮਈ ਤੋਂ ਲੌਕਡਾਊਨ ਦੇ ਨਿਯਮਾਂ ਵਿੱਚ ਕੁਝ ਛੋਟ ਦਿੱਤੀ ਜਾਵੇਗੀ ਤਾਂ ਉਸੇ ਹਫ਼ਤੇ ਕਰੋਨਾ ਪੀੜਤਾਂ ‘ਤੇ ਨਜ਼ਰ ਰੱਖਣ ਲਈ ‘ਸਟਾਪ ਕੋਵਿਡ’ ਐਪ ਨੂੰ ਟਰਾਇਲ ਵਜੋਂ ਸ਼ੁਰੂ ਕੀਤਾ ਜਾਵੇਗਾ। ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕਰੋਨਾ ਵਾਇਰਸ ਹੁਣ ਤੱਕ ਦੁਨੀਆ ਭਰ ਵਿਚ 2 ਲੱਖ 48 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ ਜਦਕਿ 35 ਲੱਖ 84 ਹਜ਼ਾਰ ਤੋਂ ਵੱਧ ਵਿਅਕਤੀਆਂ ਅਜੇ ਵੀ ਕਰੋਨਾ ਦੀ ਲਪੇਟ ਵਿਚ ਹਨ। ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਇਟਲੀ, ਜਰਮਨੀ, ਸਪੇਨ, ਫਰਾਂਸ, ਬ੍ਰਿਟੇਨ ਆਦਿ ਵਿਚ ਕਹਿਰ ਮਚਾਉਣ ਤੋਂ ਬਾਅਦ ਹੁਣ ਅਮਰੀਕਾ ਨੂੰ ਆਪਣੀ ਲਪੇਟ ਵਿਚ ਬੁਰੀ ਤਰ੍ਹਾਂ ਲਿਆ ਹੋਇਆ ਹੈ। ਅਮਰੀਕਾ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 68 ਹਜ਼ਾਰ ਨੂੰ ਪਾਰ ਕਰ ਚੁੱਕਿਆ ਹੈ। ਉਧਰ ਭਾਰਤ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਅਮਰਵੇਲ ਵਾਂਗ ਵਧਦਾ ਜਾ ਰਿਹਾ ਹੈ। ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 42 ਹਜ਼ਾਰ ਨੂੰ ਟੱਪ ਚੁੱਕੀ ਹੈ ਜਦਕਿ 1400 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।