ਕੈਪਟਨ ਅਮਰਿੰਦਰ ਨੇ ਵਿਧਾਇਕ ਰਾਜਿੰਦਰ ਕੌਰ ਭਾਗੀਕੇ ਅਤੇ ਮਹੇਸ਼ਇੰਦਰ ਸਿੰਘ ਦਾ ਕੀਤਾ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਇਕ ਵੱਡਾ ਝਟਕਾ ਲੱਗਿਆ, ਜਦੋਂ ਉਸਦੇ ਦੋ ਮੌਜੂਦਾ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਪੂਰੀ ਤਰ੍ਹਾਂ ਭਰੋਸਾ ਪ੍ਰਗਟਾਉਂਦਿਆਂ ਕਾਂਗਰਸ ‘ਚ ਸ਼ਾਮਿਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਾਜਿੰਦਰ ਕੌਰ ਭਾਗੀਕੇ ਤੇ ਬਾਘਾਪੁਰਾਣਾ ਤੋਂ ਵਿਧਾਇਕ ਮਹੇਸ਼ ਇੰਦਰ ਸਿੰਘ ਦਾ ਅਕਾਲੀ ਆਗੂਆਂ ਪ੍ਰੀਤਮ ਸਿੰਘ ਕੋਟਭਾਈ ਤੇ ਫਿਲੌਰ ਤੋਂ ਸਮਾਜ ਸੇਵੀ ਅਜੈ ਸ਼ਰਮਾ ਸਮੇਤ ਨਵੀਂ ਦਿੱਲੀ ਵਿਖੇ ਕਾਂਗਰਸ ਪਾਰਟੀ ‘ਚ ਸਵਾਗਤ ਕੀਤਾ। ਕੈਪਟਨ ਅਮਰਿੰਦਰ ਨੇ ਉਨ੍ਹਾਂ ਦਾ ਬਗੈਰ ਕਿਸੇ ਸ਼ਰਤ ਪਾਰਟੀ ‘ਚ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸ਼ਮੂਲੀਅਤ ਨਾਲ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ। ਅਕਾਲੀ ਦਲ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰਕ ਮੈਂਬਰਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਮੀਡੀਆ ਪਹਿਲਾਂ ਇਹ ਗੱਲਾਂ ਲਿਖਦਾ ਹੈ ਤੇ ਫਿਰ ਉਨ੍ਹਾਂ ‘ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਮੀਡੀਆ ਨੂੰ ਭਰੋਸਾ ਦਿੱਤਾ ਕਿ ਨਵੀਂ ਸ਼ਮੂਲੀਅਤ ਹੋਣ ‘ਤੇ ਉਨ੍ਹਾਂ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅੱਜ ਮੀਡੀਆ ਜਗਤ ਵਿਚ ਚਰਚਾ ਸੀ ਕਿ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਆਪਣੇ ਪਰਿਵਾਰ ਅਤੇ ਸਮਰਥਕਾਂ ਸਮੇਤ ਕਾਂਗਰਸ ‘ਚ ਸ਼ਾਮਲ ਹੋਣਗੇ।
Check Also
‘ਇਕ ਦੇਸ਼, ਇਕ ਚੋਣ’ ਬਿੱਲ ’ਤੇ ਲੋਕ ਸਭਾ ’ਚ ਵੋਟਿੰਗ
ਬਿੱਲ ਦੇ ਹੱਕ ਵਿਚ 269 ਅਤੇ ਵਿਰੋਧ ’ਚ 198 ਵੋਟਾਂ ਪਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ …