Breaking News
Home / ਭਾਰਤ / ਛੇ ਸਾਲ ਬਾਅਦ ਪਾਕਿ ਨੇ ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਦੀ ਕੀਤੀ ਰਿਹਾਈ

ਛੇ ਸਾਲ ਬਾਅਦ ਪਾਕਿ ਨੇ ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਦੀ ਕੀਤੀ ਰਿਹਾਈ

ਫੇਸਬੁੱਕ ‘ਤੇ ਹੋਏ ਪਿਆਰ ਸਦਕਾ ਪਹੁੰਚ ਗਿਆ ਸੀ ਪਾਕਿਸਤਾਨ
ਮੁੰਬਈ/ਬਿਊਰੋ ਨਿਊਜ਼ : ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਛੇ ਸਾਲ ਬਾਅਦ ਪਾਕਿਸਤਾਨ ਤੋਂ ਭਾਰਤ ਵਾਪਸ ਪਰਤ ਆਇਆ ਹੈ। ਹਾਮਿਦ ਪਾਕਿਸਤਾਨੀ ਲੜਕੀ ਨਾਲ ਫੇਸਬੁੱਕ ਦੇ ਜ਼ਰੀਏ ਹੋਏ ਪਿਆਰ ਤੋਂ ਬਾਅਦ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਸੀ।
ਉਸ ਨੂੰ 2012 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿ ਦੀ ਸੈਨਿਕ ਅਦਾਲਤ ਨੇ ਫਰਜ਼ੀ ਪਾਕਿਸਤਾਨੀ ਪਹਿਚਾਣ ਪੱਤਰ ਰੱਖਣ ਦੇ ਆਰੋਪ ਵਿਚ 15 ਦਸੰਬਰ 2015 ਨੂੰ ਹਾਮਿਦ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਅਟਾਰੀ ਸਰਹੱਦ ‘ਤੇ ਹਾਮਿਦ ਨੂੰ ਲੈਣ ਲਈ ਉਸਦੇ ਮਾਤਾ-ਪਿਤਾ ਤੇ ਭਰਾ ਪਹੁੰਚੇ ਸਨ। ਹਾਮਿਦ ਦੀ ਮਾਂ ਮੁੰਬਈ ਦੇ ਇਕ ਕਾਲਜ ਵਿਚ ਵਾਈਸ ਪ੍ਰਿੰਸੀਪਲ ਹੈ। ਜ਼ਿਕਰਯੋਗ ਹੈ ਕਿ ਕਾਬੁਲ ਤੋਂ ਨੌਕਰੀ ਦਾ ਆਫਰ ਆਉਣ ਦੀ ਗੱਲ ਕਹਿ ਕੇ ਹਾਮਿਦ 2012 ਵਿਚ ਮੁੰਬਈ ਤੋਂ ਅਫਗਾਨਿਸਤਾਨ ਗਿਆ ਸੀ। ਇਸ ਤੋਂ ਬਾਅਦ ਉਹ ਫਰਜ਼ੀ ਪਹਿਚਾਣ ਪੱਤਰ ਦਿਖਾ ਕੇ ਪਾਕਿਸਤਾਨ ਪਹੁੰਚ ਗਿਆ ਸੀ ਅਤੇ ਉਸਦੀ ਗਰਲਫਰੈਂਡ ਨੇ ਉਸ ਦੇ ਠਹਿਰਣ ਦਾ ਪ੍ਰਬੰਧ ਕੀਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਫਰਜ਼ੀ ਪਹਿਚਾਣ ਪੱਤਰ ਵੀ ਉਸਦੀ ਗਰਲਫਰੈਂਡ ਨੇ ਹੀ ਬਣਾ ਕੇ ਭੇਜੇ ਸਨ।
ਹਾਮਿਦ ਅਨਸਾਰੀ ਵੱਲੋਂ ਸੁਸ਼ਮਾ ਨਾਲ ਮੁਲਾਕਾਤ
ਨਵੀਂ ਦਿੱਲੀ : ਪਾਕਿਸਤਾਨ ਦੀ ਪਿਸ਼ਾਵਰ ਜੇਲ੍ਹ ਵਿੱਚ ਛੇ ਸਾਲ ਕੱਟਣ ਮਗਰੋਂ ਅਟਾਰੀ ਵਾਹਗਾ ਸਰਹੱਦ ਰਸਤੇ ਵਤਨ ਪਰਤੇ ਸਾਫ਼ਟਵੇਅਰ ਇੰਜਨੀਅਰ ਹਾਮਿਦ ਨਿਹਾਲ ਅਨਸਾਰੀ ਨੇ ਇਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਭਾਵੁਕ ਹੋਏ ਅੰਸਾਰੀ ਨੇ ਵਿਦੇਸ਼ ਮੰਤਰੀ ਨੂੰ ਹੱਡਬੀਤੀ ਦੱਸੀ। ਇਸ ਮੌਕੇ ਅੰਸਾਰੀ ਨਾਲ ਉਸ ਦੀ ਮਾਂ ਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਅਨਸਾਰੀ (33) ਪਾਕਿਸਤਾਨ ਵਿੱਚ ਬਿਤਾਏ ਮੁਸ਼ਕਲ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਗਿਆ ਸੀ। ਅਨਸਾਰੀ ਤੇ ਉਸ ਦੇ ਪਰਿਵਾਰ ਨੇ ਜੇਲ੍ਹ ਵਿੱਚੋਂ ਉਹਦੀ ਰਿਹਾਈ ਸੰਭਵ ਬਣਾਉਣ ਤੇ ਮਾਮਲਾ ਇਸਲਾਮਾਬਾਦ ਨਾਲ ਵਿਚਾਰਨ ਲਈ ਬੀਬੀ ਸਵਰਾਜ ਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …