Breaking News
Home / ਮੁੱਖ ਲੇਖ / ਆਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਤੱਕ ਸ਼ਹੀਦੀਆਂ ਦਾ ਸਫ਼ਰ

ਆਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਤੱਕ ਸ਼ਹੀਦੀਆਂ ਦਾ ਸਫ਼ਰ

ਡਾ. ਰਣਜੀਤ ਸਿੰਘ
ਜਦੋਂ ਵੀ ਜਬਰ ਜ਼ੁਲਮ ਵਿਰੁੱਧ ਆਵਾਜ਼ ਉਠਦੀ ਹੈ, ਸਥਾਪਤੀ ਇਸ ਨੂੰ ਆਪਣਾ ਵਿਰੋਧ ਸਮਝਦੀ ਹੈ ਅਤੇ ਉਸ ਵਲੋਂ ਇਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਕਰਕੇ ਜਦੋਂ ਵੀ ਕੋਈ ਨਵੀਂ ਲਹਿਰ ਹੋਂਦ ਵਿਚ ਆਉਂਦੀ ਹੈ, ਤਾਂ ਉਸ ਵਿਚ ਕੁਰਬਾਨੀਆਂ ਅਤੇ ਸ਼ਹਾਦਤਾਂ ਦੇਣੀਆਂ ਪੈਂਦੀਆਂ ਹਨ ਪਰ ਸਿੱਖ ਧਰਮ ਇਸ ਪੱਖੋਂ ਬਿਲਕੁਲ ਨਿਵੇਕਲਾ ਹੈ। ਗੁਰੂ ਦਾ ਸਿੰਘ ਸਜਣ ਲਈ ਪਹਿਲਾਂ ਆਪਣੇ ਆਪ ਦੀ ਸ਼ਹਾਦਤ ਦੇਣੀ ਪੈਂਦੀ ਹੈ। ਦਸਮੇਸ਼ ਪਿਤਾ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਸੀ ਤਾਂ ਅੰਮ੍ਰਿਤ ਦੀ ਦਾਤ ਸਿਰ ਭੇਟ ਕਰਨ ਵਾਲਿਆਂ ਨੂੰ ਹੀ ਪ੍ਰਾਪਤ ਹੋਈ ਸੀ। ਇਸੇ ਕਰਕੇ ਗੁਰੂ ਦੇ ਸਿੱਖ ਆਪਾ ਵਾਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਅਸਲ ਵਿਚ ਸਿੱਖ ਧਰਮ ਤਾਂ ਹੈ ਹੀ ਸ਼ਹੀਦੀਆਂ ਦੀ ਗਾਥਾ।
ਖਾਲਸਾ ਪੰਥ ਦੇ ਸਿਰਜਕ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਸਰਬੰਸਦਾਨੀ ਵੀ ਆਖਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸਿੰਘਾਂ ਨੂੰ ਹੀ ਸਿਰ ਤਲੀ ‘ਤੇ ਰੱਖਣ ਲਈ ਨਹੀਂ ਆਖਿਆ ਸਗੋਂ ਸਾਰੇ ਪਰਿਵਾਰ ਦੀ ਆਪ ਵੀ ਕੁਰਬਾਨੀ ਦਿੱਤੀ। ਸਿੱਖੀ ਵਿਚ ਸਭ ਤੋਂ ਪਹਿਲੀ ਸ਼ਹਾਦਤ ਦਸਮੇਸ਼ ਪਿਤਾ ਦੇ ਪੜਦਾਦਾ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਹੈ। ਉਨ੍ਹਾਂ ਪਿੱਛੋਂ ਗੁਰੂ ਗੋਬਿੰਦ ਸਾਹਿਬ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਦੀ ਹੈ। ਗੁਰੂ ਸਾਹਿਬ ਨੇ ਜਦੋਂ ਖ਼ਾਲਸੇ ਦੀ ਸਿਰਜਣਾ ਕੀਤੀ, ਤਾਂ ਇਹੋ ਆਖਿਆ ਸੀ ਕਿ ਜਿਸ ਨੇ ਸਿੰਘ ਸਜਣਾ ਹੈ ਅਰਥਾਤ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਸ ਨੂੰ ਪਹਿਲਾਂ ਆਪਣਾ ਸੀਸ ਭੇਟ ਕਰਨਾ ਪਵੇਗਾ।
ਗੁਰੂ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਰੇ ਦੀਵਾਨ ਵਿਚ ਮਿਆਨ ਵਿਚੋਂ ਕਿਰਪਾਨ ਕੱਢ ਕੇ ਸਿਰ ਦੀ ਮੰਗ ਕੀਤੀ, ਜਿਹੜਾ ਉਨ੍ਹਾਂ ਦੀ ਕਿਰਪਾਨ ਦੀ ਆਪਣੇ ਖੂਨ ਨਾਲ ਪਿਆਸ ਮਿਟਾਵੇ। ਇੰਝ ਉਨ੍ਹਾਂ ਨੇ ਪੰਜ ਜਿੰਦਾ ਸ਼ਹੀਦਾਂ ਦੀ ਚੋਣ ਕੀਤੀ, ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਨਾਲ ਸਿੰਘ ਸਜਾ ਕੇ ਪੰਜ ਪਿਆਰਿਆਂ ਦਾ ਨਾਮ ਦਿੱਤਾ। ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਆਪਣੇ ਆਪ ਨੂੰ ਉਸੇ ਪੰਗਤੀ ਵਿਚ ਖੜਾ ਕਰ ਦਿੱਤਾ। ਗੁਰੂ ਸਾਹਿਬ ਨੇ ਸਮਾਜ ਵਿਚੋਂ ਊਚ-ਨੀਚ ਤੇ ਜਾਤ ਪਾਤ ਦੇ ਫ਼ਰਕ ਨੂੰ ਮੇਟ ਸਭਨਾਂ ਨੂੰ ਬਰਾਬਰ ਰੱਖਿਆ। ਗੁਰੂ ਦਾ ਸਿੰਘ ਕੇਵਲ ਆਪਣੇ ਹੱਕਾਂ ਦੀ ਰਾਖੀ ਨਹੀਂ ਕਰਦਾ ਸਗੋਂ ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਕਰਦਾ ਹੈ।
ਇਸ ਇਨਕਲਾਬੀ ਤਬਦੀਲੀ ਨੇ ਮੌਕੇ ਦੇ ਸ਼ਾਸਕਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਭੈਭੀਤ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਇਹ ਚੰਗਿਆੜੀ ਭਾਂਬੜ ਦਾ ਰੂਪ ਧਾਰ ਲਵੇ, ਸ਼ਾਸਕਾਂ ਨੇ ਇਸ ਨੂੰ ਬੁਝਾਉਣ ਲਈ ਭਾਰੀ ਫ਼ੌਜਾਂ ਨਾਲ ਦਸਮੇਸ਼ ਦੇ ਗੜ੍ਹ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਸ਼ਾਹੀ ਫੌਜਾਂ ਨੇ 1701 ਤੋਂ 1704 ਈ. ਤਕ ਆਨੰਦਪੁਰ ਸਾਹਿਬ ‘ਤੇ ਪੰਜ ਵਾਰ ਹਮਲਾ ਕੀਤਾ। ਚਾਰ ਲੜਾਈਆਂ ਵਿਚ ਸਿੰਘਾਂ ਨੇ ਵੈਰੀ ਦੇ ਦੰਦ ਖੱਟੇ ਕੀਤੇ। ਪੰਜਵੀਂ ਵਾਰ ਭਾਰੀ ਫ਼ੌਜ ਨਾਲ ਸ਼ਾਹੀ ਫੌਜਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਇਹ ਘੇਰਾ ਛੇ ਮਹੀਨੇ ਚਲਦਾ ਰਿਹਾ। ਸ਼ਾਹੀ ਫੌਜਾਂ ਨੇ ਗੁਰੂ ਜੀ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਉਹ ਲੜਾਈ ਬੰਦ ਕਰਕੇ ਆਨੰਦਪੁਰ ਸਾਹਿਬ ਨੂੰ ਛੱਡ ਜਾਣ ਤਾਂ ਘੇਰਾ ਚੁੱਕ ਲਿਆ ਜਾਵੇਗਾ। ਆਪਣੇ ਸਿੰਘਾਂ ਦੇ ਫੈਸਲੇ ਦੀ ਕਦਰ ਕਰਦੇ ਹੋਏ ਗੁਰੂ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਕੀਰਤਪੁਰ ਵੱਲ ਤੁਰ ਪਏ। ਦੁਸ਼ਮਣ ਆਪਣੇ ਵਾਅਦੇ ਤੋਂ ਮੁੱਕਰ ਗਏ ਤੇ ਉਨ੍ਹਾਂ ਨੇ ਗੁਰੂ ਜੀ ‘ਤੇ ਹਮਲਾ ਬੋਲ ਦਿੱਤਾ। ਗੁਰੂ ਜੀ ਉਦੋਂ ਅੰਮ੍ਰਿਤ ਵੇਲੇ ਨਿਤਨੇਮ ਕਰ ਰਹੇ ਸਨ। ਅੱਗੇ ਸਿਰਸਾ ਨਦੀ ਸੀ, ਜਿਸ ਵਿਚ ਹੜ੍ਹ ਆਇਆ ਹੋਇਆ ਸੀ। ਵੈਰੀ ਨੂੰ ਰੋਕ ਕੇ ਰੱਖਣ ਲਈ ਸਿੰਘਾਂ ਦੇ ਛੋਟੇ ਜਥੇ ਬਣਾਏ ਗਏ, ਤਾਂ ਜੋ ਗੁਰੂ ਜੀ ਨਿਤਨੇਮ ਪੂਰਾ ਕਰ ਲੈਣ। ਪਿਛੋਂ ਵੈਰੀ ਦਾ ਹਮਲਾ, ਅੱਗੇ ਹੜ੍ਹ, ਸਾਰੀ ਵਹੀਰ ਨਿੱਖੜ ਗਈ। ਗੁਰੂ ਜੀ ਦਾ ਪਰਿਵਾਰ ਵੀ ਨਿੱਖੜ ਗਿਆ। ਜਦੋਂ ਗੁਰੂ ਜੀ ਨੇ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ ਡੇਢ ਸੌ ਦੇ ਕਰੀਬ ਸਿੰਘ ਰਹਿ ਗਏ। ਗੁਰੂ ਜੀ ਜਦੋਂ ਰੋਪੜ ਪਹੁੰਚੇ ਤਾਂ ਉਨ੍ਹਾਂ ‘ਤੇ ਮੁੜ ਹਮਲਾ ਹੋ ਗਿਆ। ਗੁਰੂ ਜੀ ਬਹਾਦਰੀ ਨਾਲ ਲੜੇ ਅਤੇ ਵੈਰੀ ਨੂੰ ਪਛਾੜਿਆ। ਇਥੋਂ ਚਲ ਕੇ ਗੁਰੂ ਜੀ ਚਮਕੌਰ ਪਹੁੰਚੇ। ਹੁਣ ਉਨ੍ਹਾਂ ਨਾਲ ਕੇਵਲ 40 ਸਿੰਘ ਹੀ ਰਹਿ ਗਏ ਬਾਕੀ ਸ਼ਹੀਦੀਆਂ ਪਾ ਗਏ। ਉਸ ਦਿਨ ਸੱਤ ਪੋਹ ਸੀ ਤੇ ਕੜਾਕੇ ਦੀ ਠੰਡ ਪੈ ਰਹੀ ਸੀ। ਇਥੇ ਗੁਰੂ ਜੀ ਨੇ ਹਵੇਲੀ ਵਿਚ ਟਿਕਾਣਾ ਕੀਤਾ, ਜਿਸ ਨੂੰ ਗੜ੍ਹੀ ਆਖਿਆ ਜਾਂਦਾ ਹੈ। ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇਥੇ ਵੀ ਪੁੱਜ ਗਈਆਂ ਅਤੇ ਗੜ੍ਹੀ ਨੂੰ ਘੇਰਾ ਪਾ ਲਿਆ। ਸਿੰਘਾਂ ਨੇ ਇਸ ਹਮਲੇ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਦੁਪਹਿਰ ਤੀਕ ਸਿੰਘਾਂ ਦੇ ਤੀਰ ਅਤੇ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਤਲਵਾਰਾਂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ। ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ ਜਿਨ੍ਹਾਂ ਗੜ੍ਹੀ ਵਿਚੋਂ ਬਾਹਰ ਜਾ ਕੇ ਵੈਰੀ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਨੀ ਸੀ। ਦੋ ਜਥਿਆਂ ਦੇ ਸਰਦਾਰ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਥਾਪੇ ਗਏ। ਬਾਬਾ ਅਜੀਤ ਸਿੰਘ ਦੀ ਉਸ ਵੇਲੇ ਉਮਰ 17 ਸਾਲ ਅਤੇ ਬਾਬਾ ਜੁਝਾਰ ਸਿੰਘ ਦੀ ਉਮਰ 15 ਸਾਲ ਸੀ। ਸਿੰਘਾਂ ਦਾ ਜਥਾ ਜੈਕਾਰੇ ਬੁਲਾਉਂਦਾ ਬਿਜਲੀ ਵਾਂਗ ਵੈਰੀ ਉੱਤੇ ਟੁੱਟ ਪੈਂਦਾ ਅਤੇ ਅਨੇਕਾਂ ਵੈਰੀਆਂ ਦੇ ਆਹੂ ਲਾਹੁੰਦਾ ਹੋਇਆ ਸ਼ਹੀਦੀ ਦਾ ਜਾਮ ਪੀ ਲੈਂਦਾ। ਵਾਰੀ ਆਉਣ ‘ਤੇ ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਅਸ਼ੀਰਵਾਦ ਦੇ ਕੇ ਸ਼ਹੀਦੀ ਦੇਣ ਲਈ ਤੋਰਿਆ। ਪੁੱਤਰ ਦੀ ਬਹਾਦਰੀ ਨੂੰ ਗੁਰੂ ਸਾਹਿਬ ਗੜ੍ਹੀ ਦੀ ਕੰਧ ‘ਤੇ ਖੜ੍ਹੇ ਹੋ ਕੇ ਵੇਖ ਰਹੇ ਸਨ। ਜਦੋਂ ਸਾਹਿਬਜ਼ਾਦੇ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਆਪ ਨੇ ਰੋਸ ਪ੍ਰਗਟ ਕਰਨ ਦੀ ਥਾਂ ਰੱਬ ਦਾ ਸ਼ੁਕਰ ਕੀਤਾ ਅਤੇ ਛੋਟੇ ਸਾਹਿਬਜ਼ਾਦੇ ਨੂੰ ਯੁੱਧ ਵਿਚ ਭੇਜ ਦਿੱਤਾ। ਜਿਸ ਫੁਰਤੀ ਅਤੇ ਸਿਆਣਪ ਨਾਲ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਯੁੱਧ ਕੀਤਾ, ਉਸ ਨੇ ਵੈਰੀਆਂ ਨੂੰ ਵੀ ਦੰਗ ਕਰ ਦਿੱਤਾ। ਰਾਤ ਪੈਣ ਤੀਕ ਛੋਟੇ ਸਾਹਿਬਜ਼ਾਦੇ ਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ।
ਸੰਸਾਰ ਵਿਚ ਕੋਈ ਵੀ ਗੁਰੂ, ਰਹਿਬਰ, ਬਾਦਸ਼ਾਹ ਅਜਿਹਾ ਨਹੀਂ ਹੋਇਆ ਜਿਸ ਨੇ ਮਜ਼ਲੂਮਾਂ ਦੀ ਰਾਖੀ ਖਾਤਰ ਆਪਣੇ ਹੱਥੀਂ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ। ਰਾਤ ਨੂੰ ਖਾਲਸੇ ਦਾ ਹੁਕਮ ਮੰਨ ਕੇ ਗੁਰੂ ਜੀ ਤਿੰਨ ਸਿੰਘਾਂ ਦੇ ਨਾਲ ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਗਏ। ਬਾਕੀ ਸਿੰਘਾਂ ਨੇ ਸ਼ਾਹੀ ਫੌਜਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਰਾਹ ਦੀਆਂ ਦੁੱਖਾਂ-ਤਕਲੀਫ਼ਾਂ ਨੂੰ ਝੱਲਦੇ ਹੋਏ ਖਿਦਰਾਣੇ ਦੀ ਢਾਬ, ਜਿਸ ਨੂੰ ਹੁਣ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪੁੱਜੇ, ਉਦੋਂ ਤੀਕ ਵਿਛੜੇ ਕੁਝ ਸਾਥੀ ਅਤੇ ਇਲਾਕੇ ਦੀ ਸੰਗਤ ਉਨ੍ਹਾਂ ਦੇ ਨਾਲ ਹੋ ਗਈ। ਜ਼ਾਲਮ ਫੌਜ ਵੀ ਪਿੱਛਾ ਕਰਦੀ ਇਥੇ ਪੁੱਜ ਗਈ। ਘਮਸਾਣ ਦਾ ਯੁੱਧ ਹੋਇਆ। ਮਜ਼ਲੂਮ ਸਮਝੀਆਂ ਜਾਂਦੀਆਂ ਚਿੜੀਆਂ ਨੇ ਜ਼ਾਲਮ ਬਾਜਾਂ ਦਾ ਡੱਟ ਕੇ ਮੁਕਾਬਲਾ ਕੀਤਾ। ਮਰਜੀਵੜਿਆਂ ਦੀ ਇਸ ਥੋੜ੍ਹੀ ਜਿਹੀ ਗਿਣਤੀ ਨੇ ਸ਼ਾਹੀ ਫੌਜਾਂ ਨੂੰ ਮੁੜਨ ਲਈ ਮਜਬੂਰ ਕਰ ਦਿੱਤਾ। ਮੁੜ ਸ਼ਾਹੀ ਫੌਜ ਦਾ ਗੁਰੂ ਜੀ ‘ਤੇ ਹਮਲਾ ਕਰਨ ਦਾ ਕਦੇ ਵੀ ਹੌਂਸਲਾ ਨਹੀਂ ਹੋਇਆ। ਇਸ ਯੁੱਧ ਵਿਚ ਉਨ੍ਹਾਂ ਚਾਲੀ ਸਿੰਘਾਂ ਨੇ ਵੀ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ, ਜਿਹੜੇ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ।
ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਉਮਰ ਸੱਤ ਸਾਲ ਤੇ ਬਾਬਾ ਫ਼ਤਹਿ ਸਿੰਘ ਆਪਣੀ ਦਾਦੀ ਮਾਤਾ ਗੁਜਰੀ ਨਾਲ ਸਿਰਸਾ ਨਦੀ ਪਾਰ ਕਰਦੇ ਹੋਏ ਗੁਰੂ ਜੀ ਤੋਂ ਵਿਛੜ ਗਏ ਸਨ। ਉਨ੍ਹਾਂ ਨਾਲ ਕੇਵਲ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਸੀ। ਉਹ ਇਨ੍ਹਾਂ ਨੂੰ ਮੋਰਿੰਡੇ ਲਾਗੇ ਪੈਂਦੇ ਆਪਣੇ ਪਿੰਡ ਸਹੇੜੀ ਲੈ ਗਿਆ। ਕੁਝ ਸ਼ਾਹੀ ਫੌਜ ਦਾ ਡਰ ਅਤੇ ਕੁਝ ਇਨਾਮ ਮਿਲਣ ਦੇ ਲਾਲਚ ਨਾਲ ਉਸਦੀ ਨੀਅਤ ਵਿਗੜ ਗਈ। ਉਸ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਕ ਬਜ਼ੁਰਗ ਔਰਤ ਤੇ ਦੋ ਮਾਸੂਮ ਬੱਚੇ ਮੁਲਜ਼ਮਾਂ ਦੇ ਰੂਪ ਵਿਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤੇ ਗਏ। ਇਸਲਾਮ ਕਬੂਲਣ ਲਈ ਡਰਾਇਆ ਤੇ ਧਮਕਾਇਆ ਗਿਆ। ਜਦੋਂ ਡਰ ਇਨ੍ਹਾਂ ਮਹਾਨ ਰੂਹਾਂ ਨੂੰ ਡਰਾ ਨਾ ਸਕਿਆ ਤਾਂ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦੇ ਅਟੱਲ ਰਹੇ। ਇਸ ਤੋਂ ਵੱਡੀ ਸਿਰੜ ਤੇ ਸਿਦਕ ਦੀ ਕੋਈ ਹੋਰ ਮਿਸਾਲ ਨਹੀਂ ਹੋ ਸਕਦੀ। ਸੂਬੇਦਾਰ ਨੇ ਗੁੱਸੇ ਵਿਚ ਆ ਕੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਵਾਉਣ ਦਾ ਹੁਕਮ ਸੁਣਾ ਦਿੱਤਾ।
ਸੂਬੇਦਾਰ ਨੂੰ ਉਮੀਦ ਸੀ ਕਿ ਸਜ਼ਾ ਸੁਣ ਕੇ ਬੱਚੇ ਡੋਲ ਜਾਣਗੇ ਅਤੇ ਇਸਲਾਮ ਕਬੂਲ ਕਰ ਲੈਣਗੇ ਪਰ ਬੱਚਿਆਂਂ ਦੇ ਮੁੱਖ ਉੱਤੇ ਇਕ ਇਲਾਹੀ ਨੂਰ ਸੀ, ਉਹ ਚੜ੍ਹਦੀ ਕਲਾ ਵਿਚ ਸਨ ਤੇ ਸ਼ਹੀਦੀ ਦਾ ਜਾਮ ਪੀਣ ਲਈ ਤਿਆਰ ਸਨ। ਬੱਚੇ ਅਡੋਲ ਖੜ੍ਹੇ ਸਨ ਤੇ ਰਾਜ ਇੱਟਾਂ ਚਿਣ ਰਿਹਾ ਸੀ। ਇਸ ਤੋਂ ਵੱਡਾ ਸ਼ਾਇਦ ਕੋਈ ਹੋਰ ਜ਼ੁਲਮ ਹੋ ਹੀ ਨਹੀਂ ਸਕਦਾ। ਜਦੋਂ ਇਹ ਖਬਰ ਮਾਤਾ ਗੁਜਰੀ ਜੀ ਕੋਲ ਪੁੱਜੀ ਤਾਂ ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰ ਕਰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ। ਕੁਝ ਇਤਿਹਾਸਕਾਰ ਆਖਦੇ ਹਨ ਕਿ ਮਾਤਾ ਜੀ ਬੁਰਜ ਦੇ ਬਾਹਰ ਖੜੇ ਪੋਤਰਿਆਂ ਨੂੰ ਜਾਂਦੇ ਵੇਖ ਰਹੇ ਸਨ। ਜ਼ਾਲਮ ਸਿਪਾਹੀਆਂ ਨੇ ਉਨ੍ਹਾਂ ਨੂੰ ਬੁਰਜ ਤੋਂ ਧੱਕਾ ਦੇ ਦਿੱਤਾ। ਹੇਠ ਡਿਗਦਿਆਂ ਹੀ ਬਜ਼ੁਰਗ ਸਰੀਰ ਨੇ ਪ੍ਰਾਣ ਤਿਆਗ ਦਿੱਤੇ। ਇਸ ਖਬਰ ਨੂੰ ਸੁਣ ਕੇ ਗੁਰੂ ਜੀ ਨੇ ਆਖਿਆ, “ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਜ਼ਬਰ ਤੇ ਜ਼ੁਲਮ ਦਾ ਬੂਟਾ ਪੁੱਟਿਆ ਜਾਵੇਗਾ।
ਇੰਝ ਦਸਮੇਸ਼ ਪਿਤਾ ਨੇ ਖਾਲਸੇ ਦੀ ਸਿਰਜਣਾ ਸ਼ਹੀਦੀ ਰੂਪੀ ਇੱਟਾਂ ਨਾਲ ਕੀਤੀ। ਗੁਰੂ ਜੀ ਦੇ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਆਪਣੇ ਸਿਰਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਪੰਜ ਸਾਲਾਂ ਪਿਛੋਂ ਹੀ ਸਰਹੰਦ ਦੀ ਇੱਟ ਨਾਲ ਇੱਟ ਵਜਾ ਕੇ ਜ਼ਾਲਮ ਰਾਜ ਦਾ ਅੰਤ ਕਰ ਦਿੱਤਾ ਤੇ ਖਾਲਸਾ ਰਾਜ ਦੀ ਨੀਂਹ ਰੱਖੀ। ਸੰਸਾਰ ਵਿਚ ਪਹਿਲੀ ਵਾਰ ਲੋਕ ਰਾਜ ਸਥਾਪਿਤ ਹੋਇਆ। ਕੁਝ ਸਮੇਂ ਵਿਚ ਹੀ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਾ ਦਿੱਤਾ ਸੀ। ਇਕ ਸਦੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਪਰ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੀ ਹੁੰਦਾ ਰਿਹਾ।
ਏਨਾ ਮਹਾਨ ਵਿਰਸਾ ਹੋਣ ਦੇ ਬਾਵਜੂਦ ਸਾਡੀ ਨਵੀਂ ਪੀੜ੍ਹੀ ਨਿਰਾਸ਼ਤਾ ਦੇ ਘੇਰੇ ਵਿਚ ਹੈ ਕਿਉਂਕਿ ਅਸੀਂ ਇਸ ਇਤਿਹਾਸ ਨਾਲ ਉਨ੍ਹਾਂ ਨੂੰ ਜੋੜਿਆ ਹੀ ਨਹੀਂ ਹੈ। ਪੋਹ ਦੇ ਮਹੀਨੇ ਚਮਕੌਰ ਸਾਹਿਬ, ਫ਼ਤਿਹਗੜ੍ਹ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਮਨਾਏ ਜਾਣ ਵਾਲੇ ਸ਼ਹੀਦੀ ਦਿਹਾੜਿਆਂ ਨੂੰ ਮੇਲੇ ਦਾ ਨਾਮ ਨਾ ਦਿੱਤਾ ਜਾਵੇ। ਇਥੇ ਸੰਜੀਦਗੀ ਦੀ ਲੋੜ ਹੈ।
ਫ਼ਤਹਿਗੜ੍ਹ ਸਾਹਿਬ ਇਲਾਕੇ ਦੇ ਲੋਕ ਇਨ੍ਹਾਂ ਦਿਨਾਂ ਵਿਚ ਚੁੱਲ੍ਹੇ ਅੱਗ ਨਹੀਂ ਪਾਉਂਦੇ ਸਨ ਤੇ ਧਰਤੀ ‘ਤੇ ਸੌਂਦੇ ਸਨ। ਅਜਿਹਾ ਹੀ ਮਾਹੌਲ ਸਿਰਜਣ ਦੀ ਲੋੜ ਹੈ। ਸਾਡੀ ਨਵੀਂ ਪੀੜ੍ਹੀ ਨੂੰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਤੇ ਹਜ਼ਾਰਾਂ ਸਿੰਘਾਂ ਦੀ ਬਹਾਦਰੀ ਅਤੇ ਸ਼ਹੀਦੀ ਦੀਆਂ ਕਹਾਣੀਆਂ ਸੁਣਾਈਆਂ ਜਾਣ ਤਾਂ ਜੋ ਉਹ ਚੜ੍ਹਦੀਕਲਾ ਵਿਚ ਆਉਣ, ਕਿਰਤ ਕਰਨਾ ਸ਼ੁਰੂ ਕਰਨ ਅਤੇ ਆਪਣੀ ਕੌਮ ਦੇ ਭਲੇ ਲਈ ਹਮੇਸ਼ਾਂ ਯਤਨਸ਼ੀਲ ਰਹਿਣ।
ਅੱਲ੍ਹਾ ਯਾਰ ਖ਼ਾਂ ਜੋਗੀ (ਸ਼ਹੀਦਾਨ-ਏ-ਵਫ਼ਾ)
ਜਿਸ ਦਮ ਅਨੰਦਪੁਰ ਮੇਂ ਸਤਿਗੁਰ ਮੁਕੀਮ ਥੇ।
ਹਮਗਾਹ ਘਰ ਕੇ ਲੋਗ ਥੇ ਔਰ ਕੁਛ ਨਦੀਮ ਥੇ।
ਚਾਰੋਂ ਤਰਫ਼ ਸੇ ਕਿਲੇ ਕੋ ਘੇਰੇ ਗ਼ਨੀਮ ਥੇ।
ਟੋਟੇ ਸੇ ਰਿਜ਼ਕ ਕੇ ਦਿਲ-ਏ-ਸਿੰਘਾਂ ਦੋ-ਨੀਮ ਥੇ।
ਪਯਾਸੇ ਥੇ ਔਰ ਭੂਖ ਕੀ ਸ਼ਿੱਦਤ ਕਮਾਲ ਥੀ।
ਥੀ ਮੁਖ਼ਤਸਰ ਸੀ ਫ਼ੌਜ ਸੋ ਵੁਹ ਭੀ ਨਿਢਾਲ ਥੀ।
(ਨਦੀਮ=ਸਾਥੀ, ਗ਼ਨੀਮ=ਦੁਸ਼ਮਣ, ਦੋ-ਨੀਮ=ਦੋ ਟੋਟੇ)
ਆਦਾ ਕੀ ਫ਼ੌਜ ਕੇ ਨ ਸ਼ੁਮਾਰ-ਓ-ਹਿਸਾਬ ਥੇ ।
ਸਰਦਾਰ-ਏ-ਫ਼ੌਜ ਏਕ ਨਹੀਂ ਦੋ ਨਵਾਬ ਥੇ ।
ਰਾਜੇ ਕਈ ਪਹਾੜ ਕੇ ਭੀ ਹਮਰਕਾਬ ਥੇ ।
ਸਿੰਘੋਂ ਸੇ ਬਿਸਤ-ਚੰਦ ਯਿਹ ਸਬ ਸ਼ੈਖ਼-ਓ-ਸ਼ਾਬ ਥੇ।
ਸਿੱਖੋਂ ਕੀ ਆਰਜ਼ੂ ਥੀ ਕਿ ਲੜ ਕਰ ਸ਼ਹੀਦ ਹੋਂ ।
ਸਤਗੁਰ ਯਿਹ ਸੋਚਤੇ ਥੇ ਨ ਜ਼ਾਇਅ ਮੁਰੀਦ ਹੋਂ ।
(ਬਿਸਤ-ਚੰਦ=ਵੀਹ ਗੁਣਾ, ਸ਼ੈਖ਼-ਓ-ਸ਼ਾਬ= ਬੁੱਢੇ ਤੇ ਜਵਾਨ)
ਬੋਲੇ ਕਿ ਅਪਨੀ ਫ਼ੌਜ ਨਿਹਾਯਤ ਹੈ ਮੁਖ਼ਤਸਰ।
ਘੇਰੇ ਹੂਏ ਹੈਂ ਹਮ ਕੋ ਹਜ਼ਾਰੋਂ ਹੀ ਅਹਲ-ਏ-ਸ਼ਰ।
ਛੋੜੇਂਗੇ ਅਪਨੇ ਆਪ ਕੋ ਦੁਸ਼ਮਨ ਕੇ ਰਹਮ ਪਰ।
ਉਸ ਮੇਂ ਭੀ ਅਪਨੀ ਇੱਜ਼ਤ-ਓ-ਅਜ਼ਮਤ ਕਾ
ਹੈ ਖ਼ਤਰ।
ਚਿੜੀਯੋਂ ਕੋ ਆਜ ਭੀ ਮੈਂ ਲੜਾ ਦੂੰਗਾ ਬਾਜ਼ ਸੇ।
ਕੁਛ ਫ਼ਾਯਦਾ ਨਹੀਂ ਹੈ ਮਗਰ ਤਰਕ-ਓ-ਤਾਜ਼ ਸੇ।
(ਸ਼ਰ=ਸ਼ਰਾਰਤੀ, ਅਜ਼ਮਤ=ਵਡਿਆਈ)

Check Also

ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਵੀ ਅਗਨੀ ਪ੍ਰੀਖਿਆ

ਤਲਵਿੰਦਰ ਸਿੰਘ ਬੁੱਟਰ ਸਿੱਖ ਗੁਰਦੁਆਰਾ ਐਕਟ-1925 ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 5 ਸਾਲ ਬਾਅਦ …