Breaking News
Home / ਭਾਰਤ / ਪ੍ਰਮੋਦ ਸਾਵੰਤ ਨੇ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਪ੍ਰਮੋਦ ਸਾਵੰਤ ਨੇ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਪਾਰਟੀ ਦੇ ਸੀਨੀਅਰ ਆਗੂ ਸਮਾਗਮ ‘ਚ ਹੋਏ ਹਾਜ਼ਰ
ਪਣਜੀ/ਬਿਊਰੋ ਨਿਊਜ਼ : ਤਿੰਨ ਵਾਰ ਦੇ ਵਿਧਾਇਕ ਪ੍ਰਮੋਦ ਸਾਵੰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸੂਬੇ ਦੀ 40 ਮੈਂਬਰੀ ਵਿਧਾਨ ਸਭਾ ਲਈ ਲਈ ਹੋਈਆਂ ਚੋਣਾਂ ‘ਚ ਭਾਜਪਾ ਨੇ 20 ਸੀਟਾਂ ਹਾਸਲ ਕੀਤੀਆਂ ਹਨ।
ਪਣਜੀ ਨੇੜੇ ਬੰਬੋਲੀਮ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਗੋਆ ਦੇ ਰਾਜਪਾਲ ਪੀਐੱਸ ਸ੍ਰੀਧਰਨ ਪਿੱਲਈ ਨੇ ਸਾਵੰਤ (48) ਨੂੰ ਮੁੱਖ ਮੰਤਰੀ ਵਜੋਂ ਤੇ ਭਾਜਪਾ ਦੇ ਅੱਠ ਵਿਧਾਇਕਾਂ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਵਾਈ।
ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ, ਸ੍ਰੀਪਦ ਨਾਇਕ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਅਰਲੇਕਰ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਹਾਜ਼ਰ ਸਨ। ਇਹ ਦੂਜੀ ਵਾਰ ਹੈ ਜਦੋਂ ਗੋਆ ਦੇ ਮੁੱਖ ਮੰਤਰੀ ਨੇ ਰਾਜ ਭਵਨ ਤੋਂ ਬਾਹਰ ਸਹੁੰ ਚੁੱਕੀ ਹੋਵੇ। ਇਸ ਤੋਂ ਪਹਿਲਾਂ 2012 ਵਿੱਚ ਮਨੋਹਰ ਪਰੀਕਰ ਦਾ ਸਹੁੰ ਚੁੱਕ ਸਮਾਗਮ ਪਣਜੀ ਦੇ ਕੈਂਪਲ ਇਲਾਕੇ ਦੇ ਮੈਦਾਨ ਵਿੱਚ ਹੋਇਆ ਸੀ।
ਸਾਵੰਤ ਨੇ ਕੋਂਕਣੀ ਭਾਸ਼ਾ ਵਿੱਚ ਸਹੁੰ ਚੁੱਕੀ ਅਤੇ ਉਨ੍ਹਾਂ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਉਹ ਮਾਰਚ 2019 ਵਿੱਚ ਤਤਕਾਲੀ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਦੇਹਾਂਤ ਮਗਰੋਂ ਗੋਆ ਦੇ ਮੁੱਖ ਮੰਤਰੀ ਬਣੇ ਸਨ। ਸਾਵੰਤ ਦੇ ਨਾਲ ਹੀ ਵਿਸ਼ਵਜੀਤ ਰਾਣੇ, ਮੌਵਿਨ ਗੌਡਿਨਹੋ, ਰਵੀ ਨਾਇਕ, ਨਿਲੇਸ਼ ਕੈਬਰਾਲ, ਸੁਭਾਸ਼ ਸ਼ਿਰੋਡਕਰ, ਰੋਹਨ ਖੌਂਟੇ, ਗੋਵਿੰਦ ਗੌੜੇ ਅਤੇ ਐਤਾਨੈਸੀਓ ਮੌਂਸੇਰੈਟੇ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਗੋਆ ‘ਚ ਹਰ ਘਰ ਨੂੰ ਮਿਲਣਗੇ ਮੁਫਤ ਤਿੰਨ ਰਸੋਈ ਗੈਸ ਸਿਲੰਡਰ
ਗੋਆ ਸਰਕਾਰ ਨੇ ਕਿਹਾ ਹੈ ਕਿ ਉਹ ਸੂਬੇ ਵਿੱਚ ਹਰ ਘਰ ਨੂੰ ਤਿੰਨ ਰਸੋਈ ਗੈਸ ਸਿਲੰਡਰ ਮੁਫਤ ਮੁਹੱਈਆ ਕਰਵਾਏਗੀ। ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਵਾਅਦਾ ਕੀਤਾ ਸੀ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਨਵੀਂ ਕੈਬਨਿਟ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਹ ਐਲਾਨ ਕੀਤਾ, ਜਿਸ ਵਿੱਚ ਮੁੱਖ ਮੰਤਰੀ ਖੁਦ ਅਤੇ ਅੱਠ ਹੋਰ ਮੰਤਰੀ ਸ਼ਾਮਲ ਹੋਏ।

 

 

Check Also

ਹਰਿਆਣਾ ’ਚ ਅੱਜ ਚੋਣ ਪ੍ਰਚਾਰ ਹੋ ਜਾਵੇਗਾ ਬੰਦ-ਵੋਟਾਂ 5 ਨੂੰ

ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ’ਚ ਸਖਤ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਪਰਸੋਂ ਯਾਨੀ …