ਜਨਵਰੀ ਮਹੀਨੇ ਹੋਣ ਵਾਲੀ ਕਵਾਡ ਸੰਮੇਲਨ ਦੀ ਮੀਟਿੰਗ ਵੀ ਹੋਈ ਕੈਂਸਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਤੀ ਜੋ ਬਾਈਡਨ ਗਣਤੰਤਰ ਦਿਵਸ 2024 ਮੌਕੇ ਭਾਰਤ ਨਹੀਂ ਆਉਣਗੇ। ਜਦਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਬਤੌਰ ਮੁੱਖ ਮਹਿਮਾਨ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਿਆ ਸੀ। ਇਸ ਤੋਂ ਪਹਿਲਾਂ 2015 ’ਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਗਣਤੰਤਰ ਦਿਵਸ ਸਮਾਰੋਹ ਵਿਚ ਸ਼ਾਮਲ ਹੋਏ ਸਨ। ਓਬਾਮਾ ਆਪਣੀ ਤਿੰਨ ਦਿਨਾਂ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਵੀ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਜਨਵਰੀ ਮਹੀਨੇ ’ਚ ਹੋਣ ਵਾਲੀ ਕਵਾਡ ਸੰਮੇਲਨ ਦੀ ਮੀਟਿੰਗ ਨੂੰ ਵੀ ਕੈਂਸਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਵਾਡ ਸੰਮੇਲਨ ਦੀ ਮੀਟਿੰਗ ਲਈ ਭਾਰਤ ਨੇ ਜੋ ਸ਼ਡਿਊਲ ਬਣਾਇਆ ਸੀ ਉਸ ਨਾਲ ਬਾਕੀ ਦੇਸ਼ ਸਹਿਮਤ ਨਹੀਂ ਹੋਏ। 2023 ’ਚ ਕਵਾਡ ਮੀਟਿੰਗ ਜੀ-7 ਦੇਸ਼ਾਂ ਦੀ ਮੀਟਿੰਗ ਦੇ ਨਾਲ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ’ਚ ਹੋਈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2024 ਦੀ ਬੈਠਕ ਭਾਰਤ ’ਚ ਹੋਣ ਦਾ ਐਲਾਨ ਕੀਤਾ ਸੀ ਅਤੇ ਸਾਰੇ ਮੈਂਬਰ ਦੇਸ਼ਾਂ ਨੂੰ ਭਾਰਤ ਆਉਣ ਲਈ ਅਪੀਲ ਵੀ ਕੀਤੀ ਸੀ।