Breaking News
Home / ਭਾਰਤ / ਦੇਸ਼ ਨੂੰ ਸਾਫ ਰੱਖਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ : ਮੋਦੀ

ਦੇਸ਼ ਨੂੰ ਸਾਫ ਰੱਖਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ : ਮੋਦੀ

ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸ਼ਤਰੀ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਹੋਰ ਸੀਨੀਅਰ ਆਗੂਆਂ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ 148ਵੇਂ ਜਨਮ ਦਿਨ ‘ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਲੋਕਾਂ ਨੂੰ ਰਾਸ਼ਟਰ ਪਿਤਾ ਦੀ ਸੋਚ ‘ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਇੱਕ ਵੱਖਰੇ ਸਮਾਗਮ ਦੌਰਾਨ ਮੋਦੀ ਨੇ ਕਿਹਾ ਕਿ ਲੋਕਾਂ ਬਿਨਾਂ ਇੱਕ ਹਜ਼ਾਰ ਗਾਂਧੀ ਵੀ ਰਲ਼ ਕੇ ਦੇਸ਼ ਨੂੰ ਸਵੱਛ ਨਹੀਂ ਬਣਾ ਸਕਦੇ। ਮੋਦੀ ਨੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੀਆਂ ਸਮਾਧੀਆਂ ਰਾਜ ਘਾਟ ਅਤੇ ਵਿਜੈ ਘਾਟ ਵਿਖੇ ਸ਼ਰਧਾਂਜਲੀਆਂ ਦਿੱਤੀਆਂ। ਰਾਸ਼ਟਰਪਤੀ ਕੋਵਿੰਦ ਨੇ ਵੀ ਇਨ੍ਹਾਂ ਸਮਾਧੀਆਂ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਬਾਪੂ ਨੂੰ ਸਲਾਮ, ਉਨ੍ਹਾਂ ਦੀ ਸੋਚ ਦੁਨੀਆ ਵਿੱਚ ਲੱਖਾਂ ਨੂੰ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਨੇ ਸ਼ਾਸਤਰੀ ਨੂੰ ਕਿਸਾਨਾਂ ਤੇ ਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਿਆ। ਇਸ ਤੋਂ ਬਾਅਦ ਸਵੱਛ ਭਾਰਤ ਮਿਸ਼ਨ ਦੇ ਤਿੰਨ ਸਾਲ ਪੂਰੇ ਹੋਣ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਫ਼ਾਈ ਤੇ ਸਵੱਛਤਾ ਵਰਗੇ ਮਸਲਿਆਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ । ਉਨ੍ਹਾਂ ਕਿਹਾ ਕਿ 125 ਕਰੋੜ ਭਾਰਤੀਆਂ ਦੇ ਸਹਿਯੋਗ ਤੋਂ ਬਿਨਾਂ ਇੱਕ ਹਜ਼ਾਰ ਮਹਾਤਮਾ ਗਾਂਧੀ ਵੀ ‘ਕੱਠੇ ਹੋ ਕੇ ‘ਸਵੱਛ ਭਾਰਤ’ ਦਾ ਟੀਚਾ ਸਰ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਨਰਿੰਦਰ ਮੋਦੀ ਨੂੰ ਭੰਡਣਾ ਹੈ ਤਾਂ ਹਜ਼ਾਰਾਂ ਮਸਲੇ ਹਨ ਪਰ ਉਨ੍ਹਾਂ ਮਸਲਿਆਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਜਿਹੜੇ ਸਮਾਜਕ ਤਬਦੀਲੀ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਜੇ ਇਸ ਮੁਹਿੰਮ ਨੂੂੰ ਲੋੜੀਂਦਾ ਹੁੰਗਾਰਾ ਨਹੀਂ ਮਿਲਿਆ ਹੈ ਤਾਂ ਉਸ ਸਬੰਧੀ ਸਵੈ-ਪੜਚੋਲ ਦੀ ਲੋੜ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਸ਼ਰਧਾਂਜਲੀਆਂ ਦਿੱਤੀਆਂ।

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …