Breaking News
Home / ਪੰਜਾਬ / ਬਹਿਬਲ ਕਲਾਂ ਵਿਚ ਕਾਂਗਰਸ ਨੇ ਕੀਤੀ ਰੈਲੀ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ ਸਮੇਤ ਕੈਬਨਿਟ ਮੰਤਰੀ ਬੋਲੇ-ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ

ਬਹਿਬਲ ਕਲਾਂ ਵਿਚ ਕਾਂਗਰਸ ਨੇ ਕੀਤੀ ਰੈਲੀ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ ਸਮੇਤ ਕੈਬਨਿਟ ਮੰਤਰੀ ਬੋਲੇ-ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ

ਡੇਰੇ ਨਾਲ 100 ਕਰੋੜ ਦਾ ਸੌਦਾ ਕਰਨ ਵਾਲਾ ‘ਸੁਖਬੀਰ ਇੰਸਾਂ’ : ਜਾਖੜ
ਜੈਤੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰਾ ਕਰਦੇ ਹੋਏ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਆਰੋਪੀਆਂ ਨੂੰ ਸਜ਼ਾ ਦੇਣ ਲਈ ਜਸਟਿਸ ਰਣਜੀਤ ਸਿੰਘ ਅਧਾਰਿਤ ਜਾਂਚ ਕਮਿਸ਼ਨ ਨਿਯੁਕਤ ਕੀਤਾ ਸੀ। ਇਸ ਰਿਪੋਰਟ ਦੇ ਅਨੁਸਾਰ ਬੇਅਦਬੀ ਕਾਂਡ ਅਤੇ ਗੋਲੀ ਕਾਂਡ ਦੇ ਆਰੋਪੀਆਂ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾਵੇਗੀ।
ਇਹ ਗੱਲ ਬਹਿਬਲ ਕਲਾਂ ਵਿਚ ਕਾਂਗਰਸ ਦੇ ਪੰਜਾਬ ਤੋਂ ਪ੍ਰਧਾਨ ਸੁਨੀਲ ਜਾਖੜ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ। ਬਾਦਲਾਂ ਨੂੰ ਕਾਇਰ ਅਤੇ ਡੇਰਾ ਸੱਚਾ ਸੌਦਾ ਨਾਲ ਸਮਝੌਤੇ ਵਿਚ 100 ਤੋਂ 150 ਕਰੋੜ ਲੈਣ ਦਾ ਆਰੋਪ ਲਗਾਉਂਦੇ ਹੋਏ ਜਾਖੜ ਨੇ ਕਿਹਾ ਕਿ ਅਜਿਹਾ ਸੌਦਾ ਕਰਕੇ ਸੁਖਬੀਰ ਬਾਦਲ ਹੁਣ ‘ਸੁਖਬੀਰ ਇੰਸਾਂ’ ਬਣ ਗਏ ਹਨ। ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ ਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ‘ਤੇ ਲਗਾਉਣ ਵਾਲੇ ਸੱਚੇ ਸਿੱਖ ਬਾਦਲਾਂ ਨੂੰ ਕਦੇ ਵੀ ਮਾਫ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਪਿੰਡਾਂ ਵਿਚ ਕਦੀ ਵੀ ਦਾਖਲ ਨਹੀਂ ਹੋਣ ਦੇਣਗੇ। ਉਕਤ ਨੇਤਾਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਸਿੱਖ ਪੰਥ ਦੀ ਪਾਰਟੀ ਸੀ, ਪਰ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਨਿੱਜੀ ਹਿੱਤ ਲਈ ਵਰਤਿਆ ਹੈ।
ਇੱਥੋਂ ਤੱਕ ਕਿ ਸਿੱਖਾਂ ਦੇ ਸਿਰਮੌਰ ਤਖਤ ਅਕਾਲ ਤਖਤ ਸਾਹਿਬ ਅਤੇ ਐਸਜੀਪੀਸੀ ਨੂੰ ਵੀ ਆਪਣੀ ਜਗੀਰ ਬਣਾ ਲਿਆ। ਇਸ ਤੋਂ ਪਹਿਲਾਂ ਸੁਨੀਲ ਜਾਖੜ ਦੀ ਅਗਵਾਈ ਵਿਚ ਸਮੂਹ ਕੈਬਨਿਟ ਮੰਤਰੀਆਂ ਨੇ ਵਿਧਾਇਕਾਂ ਨਾਲ ਮਿਲ ਕੇ ਬੇਅਦਬੀ ਕਾਂਡ ਨਾਲ ਸਬੰਧਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਪੰਜਗਰਾਈਂ ਖੁਰਦ, ਬੁਰਜ ਜਵਾਹਰ ਸਿੰਘ ਵਾਲਾ ਅਤੇ ਬਹਿਬਲ ਕਲਾਂ ਦਾ ਦੌਰਾ ਕਰਨ ਤੋਂ ਬਾਅਦ ਬਹਿਬਲ ਕਲਾਂ ਵਿਚ ਰੈਲੀ ਨੂੰ ਸੰਬੋਧਨ ਕੀਤਾ।
ਚੋਣ ਜ਼ਾਬਤੇ ਤੋਂ ਬਾਅਦ ਪੀੜਤਾਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ
ਰੈਲੀ ਵਿਚ ਅਕਾਲੀ ਸਰਕਾਰ ਦੌਰਾਨ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਏ ਪੰਜਗਰਾਈਂ ਕਲਾਂ ਦੇ ਦੋ ਭਰਾਵਾਂ ਨੂੰ ਸਟੇਜ ‘ਤੇ ਲੋਕਾਂ ਦੇ ਰੂਬਰੂ ਕਰਦੇ ਹੋਏ ਚੋਣ ਜ਼ਾਬਤਾ ਖਤਮ ਹੋਣ ਦੇ ਬਾਅਦ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗ੍ਰੰਥੀ ਨੂੰ 5 ਲੱਖ ਅਤੇ ਪੰਜਗਰਾਈਂ ਦੇ ਨੌਜਵਾਨ ਭੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ 15 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਵਿਧਾਇਕ ਹਰਜੋਤ ਸਿੰਘ ਮੋਗਾ, ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਗੁਰਦੀਪ ਸਿੰਘ ਵੈਦ ਸਮੇਤ ਜੈਤੋਂ ਦੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਵੀ ਹਾਜ਼ਰ ਸਨ।
ਬਾਦਲ ਨੇ ਤਾਂ ਕਦੇ ਕੀੜੀ ਵੀ ਨਹੀਂ ਮਾਰੀ, ਅਜਿਹੇ ਸਖਸ਼ ‘ਤੇ ਬੇਅਦਬੀ ਦੇ ਦੋਸ਼ ਲਗਾ ਰਹੇ ਹਨ : ਸੁਖਬੀਰ
ਮੁਕਤਸਰ : ਕਾਂਗਰਸ ਇਸ ਸਮੇਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ, ਇਸ ਲਈ ਕਾਂਗਰਸ ਦੇ ਨੇਤਾ ਕੁਝ ਅਜਿਹੇ ਵਿਅਕਤੀਆਂ ਦੇ ਲਿੰਕ ਵਿਚ ਹਨ, ਜਿਨ੍ਹਾਂ ਨੇ ਪਹਿਲਾਂ ਅੱਤਵਾਦ ਨੂੰ ਹੱਲਾਸ਼ੇਰੀ ਦਿੱਤੀ। ਇਹ ਗੱਲ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪਿੰਡ ਭੁੱਲਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹੀ। ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕਦੇ ਕੀੜੀ ਵੀ ਨਹੀਂ ਮਾਰੀ, ਉਹ ਤਾਂ ਆਪਣੇ ਦੁਸ਼ਮਣ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਹਨ ਤਾਂ ਅਜਿਹੇ ਸਖਸ਼ ‘ਤੇ ਬੇਅਦਬੀ ਦੇ ਆਰੋਪ ਲਗਾ ਰਹੇ ਹਨ।
ਫਰੀਦਕੋਟ ‘ਚ ਅਕਾਲੀ ਦਲ ਅਤੇ ਪੰਥਕ ਧਿਰਾਂ ‘ਚ ਟਕਰਾਅ
ਫ਼ਰੀਦਕੋਟ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫਰੀਦਕੋਟ ਫੇਰੀ ਦਾ ਬੁੱਧਵਾਰ ਨੂੰ ਪੰਥਕ ਧਿਰਾਂ ਨੇ ਜ਼ਬਰਦਸਤ ਵਿਰੋਧ ਕੀਤਾ, ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਪੰਥਕ ਧਿਰਾਂ ਦਰਮਿਆਨ ਚਾਂਦ ਪੈਲੇਸ ਦੇ ਬਾਹਰ ਟਕਰਾਅ ਹੋ ਗਿਆ।
ਸੁਖਬੀਰ ਬਾਦਲ ਦੀ ਫੇਰੀ ਤੋਂ ਇੱਕ ਘੰਟਾ ਪਹਿਲਾਂ ਪੰਥਕ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੈਲੀ ਵਾਲੀ ਥਾਂ ਉੱਤੇ ਇਕੱਤਰ ਹੋ ਗਏ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਰੀਬ 300 ਵਰਕਰ ਵੀ ਪੂਰੀ ਤਿਆਰੀ ਨਾਲ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿੱਚ ਰੈਲੀ ਵਾਲੀ ਥਾਂ ਉੱਤੇ ਪੁੱਜ ਗਏ। ਜ਼ਿਲ੍ਹਾ ਪੁਲਿਸ ਨੂੰ ਟਕਰਾਅ ਦੀ ਸੂਚਨਾ ਪਹਿਲਾਂ ਹੀ ਮਿਲ ਚੁੱਕੀ ਸੀ, ਇਸ ਕਰਕੇ ਸੁਖਬੀਰ ਬਾਦਲ ਦੀ ਰੈਲੀ ਵਾਲੀ ਥਾਂ ਉੱਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਅਕਾਲੀ ਆਗੂਆਂ ਨੇ ਪੰਥਕ ਧਿਰਾਂ ਨਾਲ ਸਿੱਧੀ ਟੱਕਰ ਲੈਣ ਦੀ ਨੀਅਤ ਨਾਲ ਹੱਲਾ ਬੋਲ ਦਿੱਤਾ। ਪੰਥਕ ਧਿਰਾਂ ਨਾਲੋਂ ਅਕਾਲੀ ਦਲ ਦੇ ਵਰਕਰਾਂ ਦੀ ਗਿਣਤੀ ਕਰੀਬ ਤਿੰਨ ਗੁਣਾ ਜ਼ਿਆਦਾ ਸੀ। ਜ਼ਿਲ੍ਹਾ ਪੁਲਿਸ ਨੇ ਲੰਬੀ ਮੁਸ਼ੱਕਤ ਤੋਂ ਬਾਅਦ ਦੋਹਾਂ ਧਿਰਾਂ ਦਰਮਿਆਨ ਪੈਦਾ ਹੋਏ ਟਕਰਾਅ ਨੂੰ ਟਾਲ ਦਿੱਤਾ। ਕਾਫ਼ੀ ਜੱਦੋਜਹਿਦ ਤੋਂ ਬਾਅਦ ਪੰਥਕ ਧਿਰਾਂ ਦੀ ਅਗਵਾਈ ਕਰ ਰਹੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਦਵਿੰਦਰ ਸਿੰਘ ਹਰੀਏਵਾਲਾ ਆਦਿ ਮੌਕੇ ਤੋਂ ਚਲੇ ਗਏ। ਇਸ ਵਿਵਾਦ ਵਿੱਚ ਗੁਰਦੁਆਰਾ ਖਾਲਸਾ ਦੀਵਾਨ ਦੇ ਪ੍ਰਧਾਨ ਤੇ ਅਕਾਲੀ ਆਗੂ ਅਵਤਾਰ ਸਿੰਘ ਖੋਸਾ ਮਾਮੂਲੀ ਜ਼ਖ਼ਮੀ ਹੋ ਗਏ। ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਥਕ ਧਿਰਾਂ ਉਨ੍ਹਾਂ ਦੀ ਸ਼ਰਾਫ਼ਤ ਦਾ ਨਜਾਇਜ਼ ਫਾਇਦਾ ਉਠਾ ਰਹੀਆਂ ਸਨ, ਇਸ ਲਈ ਉਹ ਇਸ ਦਾ ਪ੍ਰਬੰਧ ਕਰਕੇ ਆਏ ਸਨ। ਦੂਜੇ ਪਾਸੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਅਕਾਲੀ ਦਲ ਦੀ ਸਿੱਧੀ ਸ਼ਮੂਲੀਅਤ ਹੈ, ਇਸ ਲਈ ਅਕਾਲੀ ਦਲ ਦਾ ਜਨਤਕ ਤੌਰ ਉੱਤੇ ਵਿਰੋਧ ਕੀਤਾ ਜਾਵੇਗਾ। ਵਿਵਾਦ ਸਮਾਪਤ ਹੋਣ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਰੈਲੀ ਸਥਾਨ ਉੱਤੇ ਪੁੱਜੇ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਅਤੇ ਜੱਥੇਦਾਰ ਧਿਆਨ ਸਿੰਘ ਮੰਡ ਕਾਂਗਰਸ ਦੇ ਇਸ਼ਾਰੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੁੱਝ ਪੰਥਕ ਆਗੂਆਂ ਨੂੰ ਰੋਜ਼ਾਨਾ ਲੱਖਾਂ ਰੁਪਏ ਫੰਡ ਆ ਰਿਹਾ ਹੈ ਅਤੇ ਇਸੇ ਫੰਡ ਦੇ ਲਾਲਚ ਲਈ ਉਹ ਮੋਰਚਾ ਲਾਈ ਬੈਠੇ ਹਨ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …