Breaking News
Home / ਕੈਨੇਡਾ / Front / ਬਰਸੀ ’ਤੇ ਵਿਸ਼ੇਸ਼ – ਬਹੁ-ਪੱਖੀ ਸਖਸ਼ੀਅਤ : ਜਥੇਦਾਰ ਸੇਵਾ ਸਿੰਘ ਸੇਖਵਾਂ  

ਬਰਸੀ ’ਤੇ ਵਿਸ਼ੇਸ਼ – ਬਹੁ-ਪੱਖੀ ਸਖਸ਼ੀਅਤ : ਜਥੇਦਾਰ ਸੇਵਾ ਸਿੰਘ ਸੇਖਵਾਂ  

ਜਥੇਦਾਰ ਸੇਵਾ ਸਿੰਘ ਸੇਖਵਾਂ ਬੇਸ਼ੱਕ ਇੱਕ ਨਾਮਵਰ ਅਕਾਲੀ ਆਗੂ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੇ ਇਕਲੌਤੇ ਪੁੱਤਰ ਸਨ, ਪ੍ਰੰਤੂ ਫਿਰ ਵੀ ਰਾਜਨੀਤੀ ਦੇ ਖੇਤਰ ’ਚ ਉਹ ਕਾਫ਼ੀ ਸਮਾਂ ਗੁਜ਼ਰ ਜਾਣ ਮਗਰੋਂ ਹੀ ਉਤਰੇ। ਇਸ ਖੇਤਰ ’ਚ ਦੇਰ ਨਾਲ ਉਤਰਨ ਦੇ ਬਾਵਜੂਦ ਉਨ੍ਹਾਂ ਦੇ ਅਥਾਹ ਅਤੇ ਅਤਿ ਮੁੱਲਵਾਨ ਕਾਰਜ ਕਰਕੇ ਇਹ ਦਰਸਾ ਦਿੱਤਾ ਕਿ ਉਹ ਵੀ ਆਪਣੀਆਂ ਪੈੜਾਂ ਛੱਡਣਗੇ । ਉਹ ਪੱਕੇ ਪੈਰੀਂ ਆਪਣੇ ਪਿਤਾ ਦੁਆਰਾ ਪੈੜਾਂ ਦਾ ਪੂਰੀ ਸੁਹਿਰਦਤਾ ਨਾਲ ਅਨੁਸਰਣ ਕਰਦੇ ਹੋਏ ਇੱਕ ਬਹੁਤ ਉਚੇਰੇ ਮੁਕਾਮ ’ਤੇ ਪੁੱਜੇ । ਸ. ਸੇਵਾ ਸਿੰਘ ਸੇਖਵਾਂ ਆਪਣੇ ਪਿਤਾ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੀ ਜਾਇਦਾਦ ਦੇ ਵੀ ਉਤਰਾਧਿਕਾਰੀ ਨਹੀਂ ਸਨ ਬਲਕਿ ਉਹ ਪਿਤਾ ਦੇ ਵਿਅਕਤੀਤਵ ਤੇ ਵਿਚਾਰਧਾਰਾ ਦੇ ਸਹੀ ਅਰਥਾਂ ’ਚ ਉਤਰਾਧਿਕਾਰੀ ਸਿੱਧ ਹੋਏ ਜੋ ਕਿ ਵਧੇਰੇ ਮਾਣ ਕਰਨ ਯੋਗ ਗੱਲ ਹੈ। ਸ. ਸੇਵਾ ਸਿੰਘ ਸੇਖਵਾਂ ਦਾ ਜਨਮ ਪਿਤਾ ਸ. ਉਜਾਗਰ ਸਿੰਘ ਸੇਖਵਾਂ ਦੇ ਘਰ ਮਾਤਾ ਤੇਜ ਕੌਰ ਦੀ ਕੁੱਖੋਂ ਪਿੰਡ ਸੇਖਵਾਂ ਵਿੱਚ 10 ਅਪ੍ਰੈਲ 1950 ਨੂੰ ਹੋਇਆ। ਇਨ੍ਹਾਂ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਸੇਖਵਾਂ ਤੋਂ ਹਾਸਲ ਕੀਤੀ। ਨੌਵੀਂ ਜਮਾਤ ਤੱਕ ਦੀ ਪੜ੍ਹਾਈ ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿੱਚ ਕਰਕੇ ਦਸਵੀਂ ਜਮਾਤ ਸਰਕਾਰੀ ਹਾਈ ਸਕੂਲ ਸਤਕੋਹਾ ਤੋਂ ਪੜ੍ਹਦਿਆਂ ਪਾਸ ਕੀਤੀ । ਆਪ ਨੇ ਸਿੱਖ ਨੈਸ਼ਨਲ ਕਾਲਜ ਕਾਦੀਆਂ ’ਚ ਦਾਖਲਾ ਤਾਂ ਜ਼ਰੂਰ ਲਿਆ ਪਰ ਗਰੈਜੂਏਸ਼ਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਕਰਨ ਦਾ ਸਮਾਂ ਤੇ ਸਬੱਬ ਕੁਦਰਤ ਅਤੇ ਜੀਵਨ ਹਾਲਾਤ ਨੇ ਬਣਾਇਆ। ਇਸ ਤੋਂ ਬਾਅਦ ਇਨ੍ਹਾਂ ਨੇ ਭਾਸ਼ਾ ਟੀਚਰ ਟਰੇਨਿੰਗ ਕੋਰਸ ਮਿੰਟਗੁਮਰੀ ਗੁਰੂ ਨਾਨਕ ਕਾਲਜ ਜਲੰਧਰ ਤੋਂ ਕੀਤਾ । ਸ. ਸੇਵਾ ਸਿੰਘ ਸੇਖਵਾਂ ਦੀ ਪਹਿਲੀ ਨਿਯੁਕਤੀ ਸਰਕਾਰੀ ਹਾਈ ਸਕੂਲ ਜੰਡਵਾਲ ਗੁਰਦਾਸਪੁਰ ਵਿਖੇ 20.12.1976 ਨੂੰ ਬਤੌਰ ਪੰਜਾਬੀ ਅਧਿਆਪਕ ਵਜੋਂ ਹੋਈ। ਇੱਥੇ ਲਗਭਗ ਇੱਕ ਸਾਲ ਪੜ੍ਹਾਇਆ ਜਿਸ ਮਗਰੋਂ ਸਰਕਾਰੀ ਹਾਈ ਸਕੂਲ ਗੋਦਰਪੁਰ ਵਿਖੇ ਅਧਿਆਪਨ ਕਾਰਜ ਪੂਰੀ ਤਨਦੇਹੀ ਨਾਲ ਨਿਭਾਇਆ। ਆਪ ਨੇ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ’ਚ ਕਾਫੀ ਲੰਮਾ ਸਮਾਂ ਅਦੁੱਤੀ ਈਮਾਨਦਾਰੀ, ਸਮਰਪਣ ਭਾਵਨਾ ਤੇ ਤਨੋ-ਮਨੋ ਜੁੜ ਕੇ ਪੜ੍ਹਾਉਂਦਿਆਂ ਪਿੰਡ ਤੋਂ ਜਿੰਨਾ ਕੁਝ ਲਿਆ ਸੀ, ਉਸ ਦਾ ਕੁਝ ਕੁ ਇਵਜ਼ਾਨਾ ਮੋੜ ਸਕਣ ਦੀ ਨਿਰਮਾਣ ਭਾਵਨਾ ਨੂੰ ਦਿਲ ’ਚ ਪਾਲਦਿਆਂ ਹੋਇਆਂ ਹੀ ਪੜ੍ਹਾਇਆ। ਇਸ ਨੌਕਰੀ ਨੂੰ ਮੁਲਾਜ਼ਮਤ ਤੱਕ ਸੀਮਿਤ ਨਾ ਰੱਖਦਿਆਂ ਇੱਕ ਮਿਸ਼ਨ ਤੇ ਸੇਵਾ ਭਾਵਨਾ ਹੀ ਸਮਝਿਆ। ਆਪ ਰੋਜ਼ਾਨਾ ਘਰੋਂ ਸਕੂਲ ’ਚ ਪੜ੍ਹਾਇਆ ਜਾਣ ਵਾਲਾ ਵਿਸ਼ਾ ਪੜ੍ਹ-ਗੁੜ੍ਹ ਕੇ ਚੰਗੀ ਤਰ੍ਹਾਂ ਵਿਚਾਰ ਕੇ ਜਾਂਦੇ । ਦਰਅਸਲ ਇਹੋ ਇੱਕੋ-ਇੱਕ ਸਹੀ ਢੰਗ ਅਧਿਆਪਨ ਦਾ ਹੋਇਆ ਕਰਦਾ ਹੈ। ਇਸੇ ਸਾਧਨਾ ਤੇ ਡੂੰਘੇਰੀ ਮਿਹਨਤ ਦੇ ਬਲਬੂਤੇ ਆਪ ਇੱਕ ਪ੍ਰਭਾਵਸ਼ਾਲੀ ਅਧਿਆਪਕ ਦੇ ਤੌਰ ’ਤੇ ਸਿੱਧ ਹੋਏ ਜਿਨ੍ਹਾਂ ਨੂੰ ਕਿ ਆਪਣੇ ਵਿਸ਼ੇ ਉੱਪਰ ਮੁਕੰਮਲ ਮੁਹਾਰਤ ਹਾਸਲ ਸੀ। ਸ. ਸੇਖਵਾਂ ਕਦੇ ਵੀ ਜਮਾਤ ਤੋਂ ਗੈਰ ਹਾਜ਼ਰ ਨਾ ਹੋਏ । ਉਨ੍ਹਾਂ ਬੱਚਿਆਂ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਇਆ । ਸੁਭਾਵਿਕ ਸੀ ਕਿ ਬੱਚੇ ਵੀ ਆਪ ਦਾ ਬੇਹੱਦ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਇਸ ਜ਼ੋਰਦਾਰ ਉਮੰਗ ਤੇ ਸੁੱਚੀ ਰੀਝ ਸੀ ਕਿ ਉਨ੍ਹਾਂ ਦੁਆਰਾ ਪੜ੍ਹਾਇਆ ਹਰ ਬੱਚਾ ਦੇਸ਼-ਕੌਮ ਦਾ ਇੱਕ ਚੰਗਾ ਨਾਗਰਿਕ ਸਿੱਧ ਹੋਏ ਤੇ ਉਹ ਆਪਣੇ ਪੈਰ੍ਹਾਂ ’ਤੇ ਖਲੋ ਕੇ ਆਪਣੇ ਮਾਤਾ-ਪਿਤਾ ਦੀ ਜੀਵਨ ਘਾਲਣਾ ਦਾ ਕੁਝ ਕੁ ਸਿਲਾ ਮੋੜ ਕੇ ਉਨ੍ਹਾਂ ਨੂੰ ਸੱਚੀ ਖੁਸ਼ੀ ਦੇ ਸਕੇ ਅਤੇ ਆਪਣੇ ਸਕੂਲ ਅਤੇ ਆਪਣੇ ਪਿੰਡ ਦਾ ਨਾਂ ਹੋਰ ਉੱਚਾ ਕਰ ਸਕੇ। ਉਨ੍ਹਾਂ ਦੇ ਨਿੱਗਰ ਅਧਿਆਪਨ ਦੇ ਦਮ ’ਤੇ ਬੋਰਡ ਦੇ ਸਾਰੇ ਇਮਤਿਹਾਨਾਂ ਦੇ ਨਤੀਜੇ ਅਤਿ ਸ਼ਾਨਦਾਰ ਰਹੇ । ਪੜ੍ਹਾਈ ਦੇ ਨਾਲ-ਨਾਲ ਸੇਖਵਾਂ ਜੀ ਨੇ ਸਕੂਲ ਦੀ ਖੇਡ ਦੇ ਪੱਧਰ ਨੂੰ ਹੋਰ ਉਚਿਆਉਣ ਦਾ ਹਰ ਸੰਭਵ ਹੀਲਾ-ਵਸੀਲਾ ਕੀਤਾ ਤੇ ਜੁਟਾਇਆ। ਬੋਰਡ ਦੁਆਰਾ ਲਏ ਜਾਂਦੇ ਇਮਤਿਹਾਨਾਂ ਦੇ ਆਪ ਦੁਆਰਾ ਪੜ੍ਹਾਏ ਵਿਦਿਆਰਥੀਆਂ ਦੇ ਨਤੀਜੇ 100 ਫੀਸਦੀ

ਰਹੇ। 8 ਸਾਲ ਦੇ ਅਰਸੇ ਤੱਕ ਸੇਖਵਾਂ ਜੀ ਲਗਾਤਾਰ ਜ਼ਿਲ੍ਹੇ ਦੀ ਫੁੱਟਬਾਲ ਟੀਮ ਦੇ ਕੋਚ ਅਤੇ ਮੈਨੇਜਰ ਵੀ ਰਹੇ। ਸ. ਸੇਖਵਾਂ ਇੱਕ ਨਿਰਮਾਣ ਅਤੇ ਸ਼ੁਭ ਗੁਣਾਂ ਦੀ ਖਾਣ ਰੂਪੀ ਇੱਕ ਚੁੰਬਕੀ ਵਿਅਕਤੀਤਵ ਦੇ ਧਾਰਨੀ ਰਹੇ। ਇੱਕ ਐਮ.ਐਲ.ਏ. ਦੇ ਪੁੱਤਰ ਹੁੰਦੇ ਹੋਇਆਂ ਵੀ ਦਿਲ ’ਚ ਉਨ੍ਹਾਂ ਨੇ ਰੰਚਕ ਮਾਤਰ ਵੀ ਮਾਣ ਜਾਂ ਗਰੂਰ ਨਾ ਉਪਜਣ ਦਿੱਤਾ । ਘਰ ’ਚ ਲੋਕਾਂ ਦਾ ਸਦਾ ਹੀ ਆਉਣ ਜਾਣ ਰਹਿੰਦਾ । ਪਿਤਾ ਜੀ ਨੂੰ ਮਿਲਣ ਆਏ ਵਿਅਕਤੀਆਂ ਦੀ ਚਾਹ ਤੇ ਲੰਗਰ ਛਕਾਉਣ ਦੀ ਸੇਵਾ ਕਰਕੇ ਉਨ੍ਹਾਂ ਨੂੰ ਡੂੰਘੀ ਖੁਸ਼ੀ ਤੇ ਤਸੱਲੀ ਮਹਿਸੂਸ ਹੁੰਦੀ ਸੀ। ਉਹ ਆਪਣੇ ਅਤਿ ਗੁਣਵਾਨ ਪਿਤਾ ਦੇ ਗੁਣਾਂ ਨੂੰ ਅਚੇਤ ਸੁਚੇਤ ਦੋਹਾਂ ਤਰ੍ਹਾਂ ਗ੍ਰਹਿਣ ਕਰਦੇ ਰਹੇ ਤੇ ਗੁਣਾਂ ਦੀ ਰਾਸ ਸਦਾ ਹੀ ਹੋਰ ਵਧਾਉਣ ਲਈ ਸੁਚੇਤ ਰਹੇ।

ਸ. ਸੇਵਾ ਸਿੰਘ ਸੇਖਵਾਂ ਦਾ ਰਾਜਨੀਤਿਕ ਜੀਵਨ ਕਾਫ਼ੀ ਦੇਰ ਨਾਲ ਸ਼ੁਰੂ ਹੋ ਸਕਿਆ । ਕਿਉਂ ਜੋ ਪਿਤਾ ਜਥੇਦਾਰ ਉਜਾਗਰ ਸਿੰਘ ਸੇਖਵਾਂ ਹੋਰੀਂ ਪ੍ਰਾਂਤ ਦੀ ਸਿਆਸਤ ’ਚ ਭਰਪੂਰ ਰੂਪ ’ਚ ਕਿ੍ਰਆਸ਼ੀਲ ਰਹੇ ਸਨ, ਉਨ੍ਹਾਂ ਦਾ ਸਾਫ਼ ਸਪੱਸ਼ਟ ਉੱਚਾ-ਸੁੱਚਾ ਕਿਰਦਾਰ ਇੱਕ ਉਘੜਵੀਂ ਮਿਸਾਲ ਬਣ ਕੇ ਸਾਰੇ ਜੱਗ ’ਚ ਜ਼ਾਹਰ ਸੀ । ਇਹੀ ਉਹ ਮੂਲ ਦੇ ਵਾਜਿਬ ਆਧਾਰ ਇਨ੍ਹਾਂ ਦੇ ਰਾਜਨੀਤੀ ’ਚ ਪ੍ਰਵੇਸ਼ ਦਾ ਕਾਰਨ ਬਣਿਆ। 1990 ’ਚ ਪਿਤਾ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਨ੍ਹਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ। ਉਸ ਵਕਤ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਨੇ ਵੀ ਸ. ਸੇਵਾ ਸਿੰਘ ਸੇਖਵਾਂ ਨੂੰ ਇਸ ਕਾਰਜ ਲਈ ਪ੍ਰੇਰਨਾ ਕੀਤੀ । ਜਿਸ ਦੇ ਸਿੱਟੇ ਵਜੋਂ ਇਨ੍ਹਾਂ ਨੇ ਇਸ ਖੇਤਰ ’ਚ ਉਤਰਨ ਦਾ ਮਨ ਬਣਾਇਆ । 1991 ’ਚ ਇਨ੍ਹਾਂ ਨੇ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਅਤੇ ਸਰਗਰਮ ਸਿਆਸਤ ’ਚ

ਕੁੱਦ ਪਏ। ਆਪ ਨੂੰ ਵਿਧੀਵਤ ਰੂਪ ’ਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਗਿਆ।

ਅਕਾਲੀ ਦਲ ਦੇ ਉਮੀਦਵਾਰ ਵਜੋਂ ਆਪ ਨੇ ਪਹਿਲੀ ਚੋਣ 1991 ’ਚ ਲੜੀ। ਪਰੰਤੂ ਇਲੈਕਬਨ ਦਾ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕਰ ਦਿੱਤਾ। ਇਸ ਦਾ ਅਣਉਚਿਤ ਲਾਭ ਤਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਹੋਣਾ ਹੀ ਸੀ । ਇਸ ਤਰ੍ਹਾਂ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ। 1997 ਵਿੱਚ ਜਦੋਂ ਇਲੈਕਸ਼ਨ ਹੋਈ ਤਾਂ ਸੇਖਵਾਂ ਜੀ ਕਾਂਗਰਸ ਦੇ ਉਸ ਸਮੇਂ ਤੱਕ ਚਲੇ ਆ ਰਹੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰ. ਪ੍ਰਤਾਪ ਸਿੰਘ ਬਾਜਵਾ ਨੂੰ ਮਾਤ ਦੇ ਕੇ ਪਹਿਲੀ ਵਾਰ ਐਮ.ਐਲ.ਏ. ਬਣੇ । ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਹੁਮਤ ਹਾਸਲ ਕਰ ਲਿਆ । ਆਪ ਨੇ ਇਸ ਸਰਕਾਰ ’ਚ ਪਹਿਲਾ ਰਾਜ ਮੰਤਰੀ ਦੇ ਤੌਰ ’ਤੇ ਕਾਰਜ ਕੀਤਾ ਅਤੇ ਫਿਰ ਕੈਬਨਿਟ ਮੰਤਰੀ ਵਜੋਂ ਆਨ-ਸ਼ਾਨ ਨਾਲ ਆਪਣੀ ਭੂਮਿਕਾ ਨਿਭਾਈ। ਉਨ੍ਹਾਂ ਨੂੰ ਰੈਵੀਨਿਊ ਵਿਭਾਗ ਦਾ ਚਾਰਜ ਦਿੱਤਾ ਗਿਆ। ਸ. ਸੇਵਾ ਸਿੰਘ ਸੇਖਵਾਂ ਪਾਰਟੀ ਦੇ ਸਕੱਤਰ ਅਤੇ ਵਰਕਿੰਗ ਕਮੇਟੀ ਦੇ ਮੈਂਬਰ ਰਹੇ। ਆਪ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਅਤੇ ਕੋਰ ਕਮੇਟੀ ਦੇ ਵੀ ਮੈਂਬਰ ਬਣਦੇ ਰਹੇ । ਸੇਖਵਾਂ ਜੀ ਦੇ ਸਿੱਖਿਆ ਮੰਤਰੀ ਬਣਨ ਤੋਂ ਬਾਅਦ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਮੈਰਿਟ ਦੇ ਆਧਾਰ ’ਤੇ ਹੋਣੀ ਸ਼ੁਰੂ ਹੋਈ ਅਤੇ ਇਸ ਮਗਰੋਂ ਇਹ ਸਿਲਸਿਲਾ ਚਲਦਾ ਹੀ ਰਿਹਾ। ਇਹ ਗੱਲ ਇੱਥੇ ਖਾਸ ਤੌਰ ’ਤੇ ਉਲੇਖਯੋਗ ਹੈ ਕਿ 1992-1997 ਅਤੇ ਫਿਰ 1997 ਤੋਂ 2002

ਤੱਕ ਅਧਿਆਪਕਾਂ ਦੀ ਸਰਕਾਰੀ ਸਕੂਲਾਂ ’ਚ ਭਰਤੀ ਉੱਪਰ ਰਿਸ਼ਵਤਖੋਰੀ, ਭਾਈ-ਭਤੀਜਾਵਾਦ ਅਤੇ ਇਲਾਕਾਵਾਦ ਦੇ ਦੋਸ਼ ਸ਼ਰੇਆਮ ਲੱਗੇ ਸਨ। ਪਰੰਤੂ ਸ. ਸੇਵਾ ਸਿੰਘ ਸੇਖਵਾਂ ਦੇ ਸਮੇਂ ਨੂੰ ਇਸ ਪੱਖੋਂ ਸ਼ਬਦ ਦੇ ਸਹੀ ਅਰਥਾਂ ’ਚ ਸੁਨਹਿਰੀ ਯੁੱਗ ਕਿਹਾ ਜਾ ਸਕਦਾ ਹੈ। ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਮੰਤਰੀ ਦੇ ਅਹੁਦੇ ’ਤੇ ਹੁੰਦਿਆਂ ਜਿਹੜਾ ਵਿਭਾਗ ਵੀ ਸੰਭਾਲਿਆ, ਉਸ ਵਿੱਚ ਨਿਵੇਕਲੀਆਂ ਪੈੜਾਂ ਪਈਆਂ । ਉਨ੍ਹਾਂ ਦੁਆਰਾ ਉਠਾਏ ਯਾਦਗਾਰੀ ਤੇ ਨਿਵੇਕਲੇ ਕਦਮਾਂ ਕਰਕੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੇ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ । ਦਰਅਸਲ ਸੇਖਵਾਂ ਜੀ ਦੇ ਮਨ ’ਚ ਅਕਾਲੀ ਦਲ ਦਾ ਬੋਲਬਾਲਾ ਹੋਣ ਦੀ ਤੜਪ ਸੀ। 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਹਾਰ ਅਤੇ ਇਸ ਸੱਚੀ-ਸੁੱਚੀ ਰਾਜਨੀਤਿਕ ਪਾਰਟੀ ’ਚ ਰਾਜਨੀਤਿਕ ਉਤਰਾਅ ਅਤੇ ਨਿਘਾਰ ਦੀ ਸਥਿਤੀ ਤੋਂ ਉਹ ਬੇਹੱਦ

ਚਿੰਤਤ ਤੇ ਪਰੇਸ਼ਾਨ ਰਹੇ । ਸੇਖਵਾਂ ਜੀ ਚਾਹੁੰਦੇ ਸਨ ਕਿ ਇਸ ਨਮੋਸ਼ੀ ਭਰੀ ਹਾਰ ਦਾ ਠੀਕ-ਠਾਕ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਜਿਹੜੀਆਂ ਵੀ ਕਮਜ਼ੋਰੀਆਂ ਅਤੇ ਦੁਸ਼ਵਾਰੀਆਂ ਪਾਰਟੀ ’ਚ ਆ ਗਈਆਂ ਸਨ ਉਨ੍ਹਾਂ ਦਾ ਨਿਰਪੱਖ ਤੇ ਡੂੰਘੇਰਾ ਵਿਸ਼ਲੇਸ਼ਣ ਕੀਤਾ ਜਾਵੇ। ਇਸ ਤੋਂ ਬਗੈਰ ਹੋਰ ਕੋਈ ਰਾਹ ਹੀ ਨਹੀਂ ਦਿਸ ਰਿਹਾ ਸੀ । ਇੱਥੇ ਸੁਰਜੀਤ ਪਾਤਰ ਦਾ ਸ਼ੇਅਰ ਪੂਰੀ ਤਰ੍ਹਾਂ ਢੁੱਕਦਾ ਮਹਿਸੂਸ ਹੁੰਦਾ ਹੈ ਕਿ :

ਦੂਰ ਜੇਕਰ ਅਜੇ ਸਵੇਰਾ ਹੈ,

ਇਸ ਵਿੱਚ ਕਾਫੀ ਕਸੂਰ ਮੇਰਾ ਹੈ।

ਜਥੇਦਾਰ ਸੇਖਵਾਂ ਜੀ ਨੇ ਇਸ ਸੰਬੰਧੀ ਆਪਣੇ ਦਿਲ ਦੀ ਗੱਲ ਬੇਖੌਫ ਹੋ ਕੇ ਪ੍ਰਗਟ ਕਰ ਦਿੱਤੀ। ਇਹ ਪੰਥ ਦੇ ਸਹੀ ਸੱਚੇ ਹਿੱਤ ਦੀ ਗੱਲ ਸੀ ਪਰੰਤੂ ਹਾਰ ਤੋਂ ਅਜੇ ਵੀ ਸਬਕ ਨਾ ਸਿੱਖਣ ਵਾਲੇ ਉਨ੍ਹਾਂ ਦੀ ਸਾਫਗੋਈ ਵਾਲੀ ਖ਼ਰੀ ਗੱਲ ਨੂੰ ਸੁਣਨ ਤੇ ਜਰਨ ਦਾ ਮਾਦਾ ਨਹੀਂ ਰੱਖਦੇ ਸਨ। ਜਦੋਂ ਜਥੇਦਾਰ ਸੇਖਵਾਂ ਹੋਰਾਂ ਦੇਖਿਆ ਕਿ ਨਗਾਰਖਾਨੇ ’ਚ ਤੂਤੀ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਕਿਉਂਕਿ ਉਸਾਰੂ ਅਮਲ ਤਾਂ ਰੰਚਕ ਮਾਤਰ ਵੀ ਨਜ਼ਰ ਨਹੀਂ ਆ ਰਿਹਾ ਸੀ । ਇਸੇ ਸਥਿਤੀ ਦੇ ਨਤੀਜੇ ਵਜੋਂ ਉਹ ਅਕਾਲੀ ਦਲ ਬਾਦਲ ਤੋਂ ਨਾਰਾਜ਼ ਹੋ ਕੇ ਸ. ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਬਣਾਏ ਟਕਸਾਲੀ ਅਕਾਲੀ ਦਲ ’ਚ ਚਲੇ ਗਏ । ਇਸ ਮਗਰੋਂ ਉਹ ਸ. ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਨਾਲ ਵੀ ਰਲੇ ਅਤੇ ਅਖੀਰ 26 ਅਗਸਤ 2021 ਨੂੰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ । ਸੇਖਵਾਂ ਜੀ ਦੇ ਮਨ ਦੀ ਉਸ ਵਕਤ ਹਾਲਤ ਕੀ ਸੀ ਇਹ ਕੋਈ ਸੰਵੇਦਨਸ਼ੀਲ ਵਿਅਕਤੀ ਹੀ ਮਹਿਸੂਸ ਕਰ ਸਕਦਾ ਸੀ । ਇਸ ਸਮੇਂ ਸੇਖਵਾਂ ਨੇ ਆਪਣੇ ਵੱਡੇ ਪੁੱਤਰ ਸ. ਜਗਰੂਪ ਸਿੰਘ ਸੇਖਵਾਂ ਦੀ ਬਾਂਹ (ਆਪ) ਕੇਜਰੀਵਾਲ ਹੋਰਾਂ ਨੂੰ ਫੜਾ ਦਿੱਤੀ । ਅਜਿਹਾ ਕਰਕੇ ਉਹ ਖੁਦ ਨੂੰ ਕਾਫੀ ਹੱਦ ਤੱਕ ਸੁਰਖਰੂ ਮਹਿਸੂਸ ਕਰ ਰਹੇ ਸਨ । ਇਹ ਸੇਖਵਾਂ ਜੀ ਦੀ ਦੂਰਅੰਦੇਸ਼ੀ ਦਾ ਹੀ ਪ੍ਰਮਾਣ ਸੀ ਕਿ ਅੱਜ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਨ-ਸ਼ਾਨ ਨਾਲ ਸੱਤਧਾਰੀ ਹੋਈ ਹੈ । ਭਾਵੇਂ ਕਿ ਸ. ਜਗਰੂਪ ਸਿੰਘ ਸੇਖਵਾਂ ਕਾਦੀਆਂ ਹਲਕੇ ਤੋਂ ਅਸੈਂਬਲੀ ਚੋਣ ਇਸ ਵਾਰ ਜਿੱਤ ਨਹੀਂ ਸਕੇ ਪ੍ਰੰਤੂ ਉਨ੍ਹਾਂ ਦੀ ਇਸ ਪਾਰਟੀ ਵਿੱਚ ਸਾਖ਼ ਕਾਫ਼ੀ ਮਜ਼ਬੂਤ ਹੋਈ ਹੈ । ਜਗਰੂਪ ਸਿੰਘ ਸੇਖਵਾਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਸਮਰਪਨ ਭਾਵਨਾ ਨੂੰ ਵੇਖਦਿਆਂ ਜ਼ਿਲ੍ਹਾ ਯੋਜਨਾ ਬੋਰਡ, ਗੁਰਦਾਸਪੁਰ ਦਾ ਮੁਖੀ ਅਤੇ ਆਪ ਦੀ ਪੰਜਾਬ ਰਾਜ ਕਮੇਟੀ ਦਾ ਜਨਰਲ ਸਕੱਤਰ ਥਾਪਿਆ ਗਿਆ ਹੈ। ਜਥੇਦਾਰ ਸੇਵਾ ਸਿੰਘ ਸੇਖਵਾਂ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਅਖੀਰ 6

ਅਕਤੂਬਰ 2021 ਦਿਨ ਬੁੱਧਵਾਰ ਨੂੰ ਗੁਰੂ-ਚਰਨਾਂ ਵਿੱਚ ਜਾ ਬਿਰਾਜੇ । ਉਨ੍ਹਾਂ ਦੀ ਬਰਸੀ ’ਤੇ ਇਹ ਲੇਖ ਲਿਖਣ ਦਾ ਮੇਰਾ ਮਕਸਦ ਸਿਰਫ਼ ਤੇ ਸਿਰਫ਼ ਇਹ ਹੈ ਕਿ ਸ਼ਾਇਦ ਅਸੀਂ ਅੱਜ ਸਾਫ਼-ਸੁਥਰੀ ਰਾਜਨੀਤੀ ਵੱਲ ਦੁਬਾਰਾ ਪਰਤ ਸਕੀਏ ।

 

ਪ੍ਰੋ.  ਹਰਭਜਨ ਸਿੰਘ ਸੇਖੋਂੋ

81466-50460

Check Also

ਭਾਰਤ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ

ਫਾਈਨਲ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ ਹਰਾਇਆ ਬਿ੍ਰਜਟਾਊਨ/ਬਿਊਰੋ ਨਿਊਜ਼ : ਭਾਰਤ ਨੇ ਕ੍ਰਿਕਟ ਟੀ-20 ਵਿਸ਼ਵ …