ਕੈਨੇਡਾ ਦੇ ਭਵਿੱਖ ਨੂੰ ਹੋਰ ਉਜਲ ਬਣਾਓ : ਟਰੂਡੋ
ਬਰੈਂਪਟਨ/ਬਿਊਰੋ ਨਿਊਜ਼ : ਗਰਮੀਆਂ ਸਮਾਪਤ ਹੋਣ ਕੰਢੇ ਹਨ ਅਤੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਰੌਣਕ ਪਰਤ ਆਈ ਹੈ। ਅਜਿਹੇ ਖੁਸ਼ਗ਼ਆਰ ਮੌਸਮ ਵਿਚ ਬਰੈਂਪਟਨ ਫੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਸਥਾਨਿਕ ਚਿੰਗੂਆਕੂਜੀ ਪਾਰਕ ਵਿਚ ਆਯੋਜਿਤ ਕੀਤੇ ਗਏ ਸਲਾਨਾ ਬਾਰ-ਬੀ-ਕਿਊ ਵਿਚ ਬਰੈਂਪਟਨ-ਵਾਸੀ ਆਪਣੇ ਹਰਮਨ-ਪਿਆਰੇ ਪ੍ਰਧਾਨ-ਮੰਤਰੀ ਜਸਟਿਨ ਟਰੂਡੋ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਪਰਿਵਾਰਾਂ ਸਮੇਤ ਪਹੁੰਚੇ। ਉਹ ਇੱਥੇ ਆਪਣੇ ਦੋਸਤਾਂ-ਮਿੱਤਰਾਂ ਤੇ ਆਂਢੀਆਂ-ਗਵਾਂਢੀਆਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਖ਼ੂਬ ਫ਼ਨ ਕੀਤਾ। ਉਨ੍ਹਾਂ ਸੁਆਦਲੇ ਬਾਰ-ਬੀਕਿਊ ਦਾ ਅਨੰਦ ਮਾਣਿਆਂ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਬਰੈਂਪਟਨ ਦੇ ਪੰਜਾਂ ਪਾਰਲੀਮੈਂਟ ਮੈਂਬਰਾਂ ਸੋਨੀਆ ਸਿੱਧੂ, ਰੂਬੀ ਸਹੋਤਾ, ਕਮਲ ਖਹਿਰਾ, ਰਾਜ ਗਰੇਵਾਲ ਤੇ ਰਮੇਸ਼ ਸੰਘਾ ਨੂੰ ਇਕੱਠਿਆਂ ਮਿਲਣ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ।
ਮੇਲੇ ਵਾਂਗ ਚੱਲੇ ਇਸ ਭਰਪੂਰ ਸਮਾਗ਼ਮ ਦੌਰਾਨ ਪੰਜਾਂ ਪਾਰਲੀਮੈਂਟ ਮੈਬਰਾਂ ਨੇ ਪ੍ਰਧਾਨ ਮੰਤਰੀ ਨਾਲ ਮੰਚ ‘ਤੇ ਸ਼ਮੂਲੀਅਤ ਕੀਤੀ ਜਿੱਥੇ ਜਸਟਿਨ ਟਰੂਡੋ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਹੋਇਆਂ ਬਰੈਂਪਟਨ ਦੇ ਪਰਿਵਾਰਾਂ ਅਤੇ ਸਮੁੱਚੇ ਕੈਨੇਡਾ-ਵਾਸੀਆਂ ਵੱਲੋਂ ਸਖ਼ਤ ਮਿਹਨਤ ਕਰਕੇ ਦੇਸ਼ ਦੇ ਭਵਿੱਖ ਨੂੰ ਹੋਰ ਉੱਜਲ ਬਣਾਏ ਜਾਣ ‘ਤੇ ਜ਼ੋਰ ਦਿੱਤਾ।
ਇਸ ਮੌਕੇ ਪਾਰਲੀਮੈਂਟ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕਿਹਾ, ”ਹਰੇਕ ਕੈਨੇਡਾ-ਵਾਸੀ ਕੋਲ ਜੀਵਨ ਵਿਚ ਸਫ਼ਲ ਹੋਣ ਲਈ ਮੌਕੇ ਅਤੇ ਯੋਗ ਸਾਧਨ ਮੌਜੂਦ ਹਨ ਅਤੇ ਉਨ੍ਹਾਂ ਦੇ ਜੀਵਨ-ਪੱਧਰ ਨੂੰ ਹੋਰ ਬੇਹਤਰ ਬਨਾਉਣਾ ਸਾਡੀ ਪ੍ਰਾਥਮਿਕਤਾ ਹੈ। ਅਸੀਂ ਇਕ ਟੀਮ ਵਾਂਗ ਇਕੱਠੇ ਕੰਮ ਕਰਨ ਲਈ ਵਚਨਬੱਧ ਹਾਂ ਅਤੇ ਕੈਨੇਡਾ ਦੇ ਲੋਕਾਂ ਦੀ ਖ਼ੁਸ਼ਹਾਲੀ ਅਤੇ ਇਸ ਦੇ ਵੱਡਮੁੱਲੇ ਸਾਧਨਾਂ ਦੇ ਹੋਰ ਵਾਧੇ ਲਈ ਆਪਣਾ ਯੋਗਦਾਨ ਲਗਾਤਾਰ ਪਾਉਂਦੇ ਰਹਾਂਗੇ।” ਬਰੈਂਪਟਨ ਫੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਇਹ ਤੀਸਰਾ ਸਲਾਨਾ ਬਾਰ-ਬੀਕਿਊ ਸੀ ਅਤੇ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਨੂੰ ਇਸ ਵਿਚ ਲੋਕਾਂ ਦੀ ਪ੍ਰਸੰਸਾ ਕਰਨ ਦਾ ਵਧੀਆ ਅਵਸਰ ਮਿਲਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਪਿਛਲੇ ਚਾਰ ਸਾਲ ਕਮਿਊਨਿਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਸਿਹਤ ਸਬੰਧੀ ਫ਼ੈੱਡਰਲ ਸਟੈਂਡਿੰਗ ਕਮੇਟੀ ਦੇ ਮੈਂਬਰ ਤੇ ਆਲ-ਪਾਰਟੀ ਡਾਇਬੇਟੀਜ਼ ਕਾੱਕਸ ਦੇ ਚੇਅਰਪਰਸਨ ਹਨ ਅਤੇ ਸਪੈਸ਼ਲ ਕਮੇਟੀ ਆਨ ਪੇ-ਇਕੁਅਟੀ ਦੇ ਮੈਂਬਰ ਹਨ। ਬਰੈਂਪਟਨ ਵੈੱਸਟ ਦੀ ਐੱਮ.ਪੀ. ਕਮਲ ਖਹਿਰਾ ਮਨਿਸਟਰ ਆਫ਼ ਇੰਟਰਨੈਸ਼ਨਲ ਡਿਵੈੱਲਪਮੈਂਟ ਦੇ ਨਾਲ ਪਾਰਲੀਮੈਂਟ ਸੈਕਟਰੀ ਹਨ। ਉਹ ਫ਼ਾਰੱਨ ਅਫ਼ੇਅਰਜ਼ ਕਮੇਟੀ ਦੇ ਮੈਂਬਰ ਅਤੇ ਸਟੈਂਡਿੰਗ ਕਮੇਟੀ ਆਨ ਫ਼ਾਈਨਾਂਸ ਦੇ ਵੀ ਮੈਂਬਰ ਹਨ। ਬਰੈਂਪਟਨ ਨੌਰਥ ਦੀ ਐੱਮ.ਪੀ. ਰੂਬੀ ਸਹੋਤਾ ਫ਼ੈੱਡਰਲ ਲਿਬਰਲ ਓਨਟਾਰੀਓ ਕਾਕੱਸ ਦੀ ਚੇਅਰਪਰਸਨ ਅਤੇ ਆਲ-ਪਾਰਟੀ ਐਂਟਰਪ੍ਰੀਨੀਅਰ ਕਾੱਕਸ ਦੀ ਕੋ-ਚੇਅਰ ਹਨ। ਬਰੈਂਪਟਨ ਈਸਟ ਦੇ ਐੱਮ.ਪੀ. ਰਾਜ ਗਰੇਵਾਲ ਸਟੈਡਿੰਗ ਕਮੇਟੀ ਆਨ ਫ਼ਾਈਨਾਂਸ ਅਤੇ ਕਈ ਪਾਰਲੀਮੈਂਟਰੀ ਐਸੋਸੀਏਸ਼ਨਾਂ ਦੇ ਮੈਂਬਰ ਹਨ। ਏਸੇ ਤਰ੍ਹਾਂ ਬਰੈਂਪਟਨ ਸੈਂਟਰ ਦੇ ਐੱਮ.ਪੀ. ਰਮੇਸ਼ ਸੰਘਾ ਵੀ ਹਿਊਮਨ ਰਿਸੋਰਸ ਐਂਡ ਸਕਿੱਲ ਡਿਵੈੱਲਪਮੈਂਟ ਕਮੇਟੀ ਅਤੇ ਸਟੇਟੱਸ ਆਫ਼ ਪਰਸਨਜ਼ ਵਿਦ ਡਿਸਅਬਿੱਲਿਟੀਟੀਜ਼ ਦੇ ਮੈਂਬਰ ਹਨ।
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਆਯੋਜਿਤ ਸਲਾਨਾ ਬਾਰ ਬੀ ਕਿਊ ‘ਚ ਪਹੁੰਚੇ ਪ੍ਰਧਾਨ ਮੰਤਰੀ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …