-4 C
Toronto
Monday, December 22, 2025
spot_img
Homeਪੰਜਾਬਪੰਜਾਬ 'ਚ ਪੜ੍ਹਦੇ ਕਸ਼ਮੀਰੀਆਂ ਬਾਰੇ ਪੜਤਾਲ ਸ਼ੁਰੂ

ਪੰਜਾਬ ‘ਚ ਪੜ੍ਹਦੇ ਕਸ਼ਮੀਰੀਆਂ ਬਾਰੇ ਪੜਤਾਲ ਸ਼ੁਰੂ

ਕੇਂਦਰੀ ਗ੍ਰਹਿ ਮੰਤਰਾਲਾ ਕਸ਼ਮੀਰੀ ਨੌਜਵਾਨਾਂ ਦੇ ਰਿਹਾਇਸ਼ੀ ਟਿਕਾਣਿਆਂ ਦੇ ਇਕੱਠੇ ਕਰਨ ਲੱਗਾ ਵੇਰਵੇ
ਬਠਿੰਡਾ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿਚ ਪੜ੍ਹਦੇ ਕਸ਼ਮੀਰੀ ਨੌਜਵਾਨਾਂ ਦੀ ਪੜਤਾਲ ਵਿੱਢ ਦਿੱਤੀ ਹੈ। ਕਸ਼ਮੀਰੀ ਨੌਜਵਾਨਾਂ ਦੇ ਵਿੱਦਿਅਕ ਅਦਾਰਿਆਂ ਵਿਚਲੇ ਦਾਖ਼ਲੇ ਅਤੇ ਉਨ੍ਹਾਂ ਦੇ ਰਿਹਾਇਸ਼ੀ ਟਿਕਾਣਿਆਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਅਦਾਰਿਆਂ ਤੋਂ ਸੂਚਨਾਵਾਂ ਇਕੱਤਰ ਕਰਨ ਮਗਰੋਂ ਗ੍ਰਹਿ ਵਿਭਾਗ ਨੇ ਕਰੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਸਾਂਂਝਾ ਅਪਰੇਸ਼ਨ ਕਰਕੇ ਜਲੰਧਰ ਤੋਂ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਖ਼ਦਸ਼ਾ ਹੈ ਕਿ ਹੋਰਨਾਂ ਕਸ਼ਮੀਰੀ ਨੌਜਵਾਨਾਂ ਦੇ ਟਿਕਾਣਿਆਂ ਨੂੰ ਕਸ਼ਮੀਰ ਦੇ ਸ਼ੱਕੀ ਵਰਤਦੇ ਹੋਣ। ਗ੍ਰਹਿ ਮੰਤਰਾਲੇ ਨੇ ਉਸ ਮਗਰੋਂ ਹੀ ਨਵੀਂ ਮੁਹਿੰਮ ਚੁੱਪ ਚੁਪੀਤੇ ਵਿੱਢੀ ਹੈ। ਪੰਜਾਬ ਵਿਚ ਇਸ ਵੇਲੇ ਕੁੱਲ 29 ਯੂਨੀਵਰਸਿਟੀਆਂ ਹਨ, ਜਿਨ੍ਹਾਂ ਵਿਚੋਂ 11 ਸਰਕਾਰੀ ਯੂਨੀਵਰਸਿਟੀਆਂ, 16 ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਦੋ ਡੀਮਡ ਯੂਨੀਵਰਸਿਟੀਆਂ ਹਨ। ਪ੍ਰਾਈਵੇਟ ਯੂਨੀਵਰਸਿਟੀਆਂਂ ‘ਤੇ ਖ਼ਾਸ ਕਰਕੇ ਹੁਣ ਨਜ਼ਰ ਰੱਖਣੀ ਸ਼ੁਰੂ ਕੀਤੀ ਗਈ ਹੈ। ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਵਿਚ ਕਰੀਬ 26 ਸੂਬਿਆਂ ਦੇ ਕਰੀਬ 594 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 78 ਵਿਦਿਆਰਥੀ ਜੰਮੂ ਕਸ਼ਮੀਰ ਦੇ ਹਨ। ਦੂਸਰੇ ਨੰਬਰ ‘ਤੇ ਯੂ.ਪੀ ਦੇ 63 ਵਿਦਿਆਰਥੀ, ਕੇਰਲਾ ਦੇ 50 ਅਤੇ ਉਡੀਸਾ ਦੇ ਕਰੀਬ 35 ਵਿਦਿਆਰਥੀ ਪੜ੍ਹਦੇ ਹਨ। ਪੰਜਾਬ ਵਿਚ ਕੇਂਦਰੀ ਯੂਨੀਵਰਸਿਟੀ ਵਿਚ ਸਿਰਫ਼ 14 ਫ਼ੀਸਦੀ ਵਿਦਿਆਰਥੀ ਹੀ ਹਨ। ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਜ਼ਿਲ੍ਹੇ ਦੀਆਂ ਕਈ ਯੂਨੀਵਰਸਿਟੀ ਵਿਚ ਦੂਸਰੇ ਸੂਬਿਆਂ ਦੇ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਜ਼ਿਲ੍ਹਾ ਪੁਲਿਸ ਤਰਫ਼ੋਂ ਸਾਰੇ ਹੀ ਵਿਦਿਆਰਥੀਆਂ ‘ਤੇ ਨਜ਼ਰ ਰੱਖੀ ਜਾਂਦੀ ਹੈ।
ਵੇਰਵਿਆਂ ਅਨੁਸਾਰ ਆਦੇਸ਼ ਯੂਨੀਵਰਸਿਟੀ ਬਠਿੰਡਾ ਵਿਚ ਦਰਜਨਾਂ ਕਸ਼ਮੀਰੀ ਨੌਜਵਾਨ ਬੀਡੀਐੱਸ ਦੀ ਪੜ੍ਹਾਈ ਕਰ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ ਪ੍ਰਾਈਵੇਟ ਕਲੋਨੀਆਂ ਵਿਚ ਰਹਿ ਰਹੇ ਹਨ। ਇਸੇ ਤਰ੍ਹਾਂ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਵੀ ਕਸ਼ਮੀਰ ਦੇ ਵਿਦਿਆਰਥੀ ਪੜ੍ਹ ਰਹੇ ਹਨ। ਸੂਤਰ ਦੱਸਦੇ ਹਨ ਕਿ ਚੰਡੀਗੜ੍ਹ ਨੇੜੇ ਪੈਂਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਕਸ਼ਮੀਰੀ ਨੌਜਵਾਨਾਂ ਦੀ ਪੈੜ ਵੀ ਨੱਪੀ ਜਾ ਰਹੀ ਹੈ।

RELATED ARTICLES
POPULAR POSTS