18.8 C
Toronto
Tuesday, October 7, 2025
spot_img
Homeਪੰਜਾਬਚੰਡੀਗੜ੍ਹ ਅਤੇ ਪਾਣੀਆਂ ਦੇ ਮਾਮਲੇ 'ਤੇ ਉਲਝੇ ਕੈਪਟਨ ਅਮਰਿੰਦਰ ਤੇ ਖੱਟਰ

ਚੰਡੀਗੜ੍ਹ ਅਤੇ ਪਾਣੀਆਂ ਦੇ ਮਾਮਲੇ ‘ਤੇ ਉਲਝੇ ਕੈਪਟਨ ਅਮਰਿੰਦਰ ਤੇ ਖੱਟਰ

ਚੰਡੀਗੜ੍ਹ/ਬਿਊਰੋ ਨਿਊਜ਼ : ਪਾਣੀ ਅਤੇ ਚੰਡੀਗੜ੍ਹ ਉਤੇ ਦਾਅਵੇ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੀ ਤਲਖੀ ਮੁੜ ਸਾਹਮਣੇ ਆ ਗਈ। ਮੌਕਾ ਸੀ ਟਰਾਈ ਸਿਟੀ ਦੇ ਢਾਂਚਾਗਤ ਵਿਕਾਸ ‘ਤੇ ਮੰਥਨ ਦਾ, ਪਰ ਪਾਣੀ ਤੇ ਵੱਖਰੀ ਰਾਜਧਾਨੀ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਆਹਮੋ ਸਾਹਮਣੇ ਹੋ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸਰੋਤਾਂ ਤੇ ਚੰਡੀਗੜ੍ਹ ਉਤੇ ਪੰਜਾਬ ਦਾ ਹੱਕ ਜਤਾਇਆ, ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਸ ਨੂੰ ਹੱਕਮਾਰੀ ਤੋਂ ਬਾਜ਼ ਆਉਣ ਦੀ ਨਸੀਹਤ ਦੇ ਦਿੱਤੀ। ਮੰਗਲਵਾਰ ਨੂੰ ਚੰਡੀਗੜ੍ਹ ਵਿਚ ਲੰਬੇ ਅਰਸੇ ਬਾਅਦ ਇਕ ਮੰਚ ‘ਤੇ ਆਏ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿਚ ਖੂਬ ਤਨਜ਼ ਕਸੇ। ਇਕ ‘ਪੈਨਲ ਡਿਸਕਸ਼ਨ’ ਵਿਚ ਸ਼ਾਮਲ ਕੈਪਟਨ ਨੇ ਕਿਹਾ ਕਿ ਟਰਾਈ ਸਿਟੀ ਦੇ ਢਾਂਚਾਗਤ ਵਿਕਾਸ ‘ਤੇ ਗੱਲਬਾਤ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਦੋਵਾਂ ਸੂਬਿਆਂ ਵਿਚਾਲੇ ਪਾਣੀ ਤੇ ਚੰਡੀਗੜ੍ਹ ਦਾ ਮਸਲਾ ਸੁਲਝਾਇਆ ਜਾਣਾ ਚਾਹੀਦਾ ਹੈ।
ਖੱਟਰ ਨੇ ਚੰਡੀਗੜ੍ਹ ‘ਤੇ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਨਵਾਂ ਚੰਡੀਗੜ੍ਹ ਵਸਾ ਰਿਹਾ ਹੈ। ਉਸ ਨੂੰ ਨਵੇਂ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲੈਣੀ ਚਾਹੀਦੀ ਹੈ ਤੇ ਚੰਡੀਗੜ੍ਹ ਹਰਿਆਣੇ ਨੂੰ ਦੇ ਦੇਣਾ ਚਾਹੀਦਾ ਹੈ।
ਪਾਣੀ ਦਾ ਮੁੱਦਾ ਉਠਾਉਂਦਿਆਂ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣੇ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 1500 ਫੁੱਟ ਤੱਕ ਜਾ ਚੁੱਕਾ ਹੈ, ਜਦਕਿ ਪੰਜਾਬ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ 200 ਤੋਂ 250 ਫੁੱਟ ਤੱਕ ਹੈ। ਪੰਜਾਬ ਦੇ ਮੁਕਾਬਲੇ ਹਰਿਆਣੇ ਦਾ ਜ਼ਿਆਦਾਤਰ ਖੇਤਰ ‘ਡਾਰਕ ਜ਼ੋਨ’ ਵਿਚ ਜਾ ਚੁੱਕਾ ਹੈ ਤੇ ਸਾਨੂੰ ਪਾਣੀ ਦੀ ਜ਼ਿਆਦਾ ਲੋੜ ਹੈ। ਇਸ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਪਾਕਿਸਤਾਨ ਜਾ ਰਹੇ ਵਿਅਰਥ ਪਾਣੀ ਦੇ ਪ੍ਰਬੰਧਨ ਦੀ ਬੇਨਤੀ ਕੀਤੀ ਸੀ, ਪਰ ਉਨ੍ਹਾਂ ਨੇ ਨਹੀਂ ਮੰਨਿਆ।

RELATED ARTICLES
POPULAR POSTS