ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ 14 ਜਨਵਰੀ ਤੋਂ ਹੋਵੇਗੀ ਸ਼ੁਰੂ
ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ :
ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ 14 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ ਨਿਆ ਯਾਤਰਾ’ ਮਣੀਪੁਰ ਤੋਂ 14 ਜਨਵਰੀ 2024 ਨੂੰ ਸ਼ੁਰੂ ਕੀਤੀ ਜਾਵੇਗੀ। ਜੋ ਪੜਾਅ ਵਾਰ 15 ਸੂਬਿਆਂ ਵਿਚੋਂ ਹੁੰਦੀ ਹੋਈੇ ਮੁੰਬਈ ਪਹੁੰਚ ਕੇ ਸਮਾਪਤ ਹੋਵੇਗੀ। ਭਾਰਤ ਜੋੜੋ ਨਿਆਂ ਯਾਤਰਾ 100 ਲੋਕ ਸਭਾ ਸੀਟਾਂ ਅਤੇ 300 ਤੋਂ ਵੱਧ ਵਿਧਾਨ ਸਭਾ ਸੀਟਾਂ ਨੂੰ ਕਵਰ ਕਰੇਗੀ ਅਤੇ ਯਾਤਰਾ ਦੌਰਾਨ ਲਗਭਗ 6700 ਕਿਲੋਮੀਟਰ ਸਫ਼ਰ ਤੈਅ ਕੀਤਾ ਜਾਵੇਗਾ। ਕਾਂਗਰਸ ਪ੍ਰਧਾਨ ਖੜਗੇ ਨੇ ਅੱਗੇ ਕਿਹਾ ਕਿ ਇਹ ਯਾਤਰਾ ਜਨ ਜਾਗ੍ਰਤੀ ਦੇ ਲਈ ਕੀਤੀ ਜਾ ਰਹੀ ਹੈ ਅਤੇ ਇਸ ਯਾਤਰਾ ਰਾਹੀਂ ਅਸੀਂ ਗਰੀਬਾਂ ਅਤੇ ਸਮਾਜ ਦੇ ਵੱਖ-ਵੱਖ ਲੋਕਾਂ ਨਾਲ ਜੁੜਨ ਦਾ ਯਤਨ ਕਰਾਂਗੇ। ਕਾਂਗਰਸ ਪਾਰਟੀ ਦੇ ਸਮੂਹ ਆਗੂ ਇਸ ਯਾਤਰਾ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਗਾਉਣਗੇ। ਖੜਗੇ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਇੰਡੀਆ ਗੱਠਜੋੜ ਦੇ ਆਗੂ ਵੀ ਇਸ ਯਾਤਰਾ ਵਿਚ ਸ਼ਾਮਲ ਹੋਣ ਅਤੇ ਇਸ ਨੂੰ ਸਫ਼ਲ ਬਣਾਉਣ ਤਾਂ ਜੋ ਸਾਨੂੰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਯਾਤਰਾ ਦਾ ਫਾਇਦਾ ਮਿਲ ਸਕੇ।