HomeਕੈਨੇਡਾFrontਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ 12 ਪਿੰਡਾਂ ਨੂੰ ਦਿੱਤੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ 12 ਪਿੰਡਾਂ ਨੂੰ ਦਿੱਤੀ ਲਾਇਬਰੇਰੀ ਦੀ ਸੌਗਾਤ
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ 12 ਪਿੰਡਾਂ ਨੂੰ ਦਿੱਤੀ ਲਾਇਬਰੇਰੀ ਦੀ ਸੌਗਾਤ
ਕਿਹਾ : ਪਿੰਡਾਂ ’ਚ ਤਿਆਰ ਹੋਣਗੀਆਂ ਸਕੂਲੀ ਬੱਚਿਆਂ ਦੀਆਂ ਵਰਦੀਆਂ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ 12 ਪਿੰਡਾਂ ਨੂੰ ਲਾਇਬਰੇਰੀ ਦੀ ਸੌਗਾਤ ਦਿੱਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਧੂਰੀ ਦੇ ਪਿੰਡ ਘਨੌਰੀ ਕਲਾਂ ’ਚ ਲਾਇਬਰੇਰੀ ਦਾ ਉਦਘਾਟਨ ਕੀਤਾ ਅਤੇ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਨਵੀਆਂ ਲਾਇਬਰੇਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ ਜਦਕਿ ਸੰਗਰੂਰ ਜ਼ਿਲ੍ਹੇ ’ਚ ਕੁੱਲ 28 ਲਾਇਬਰੇਰੀਆਂ ਖੋਲ੍ਹੀਆਂ ਜਾਣਗੀਆਂ ਜਿਨ੍ਹਾਂ ’ਤੇ 8 ਕਰੋੜ ਰੁਪਏ ਦੀ ਲਾਗਤ ਆਵੇਗੀ। ਪਿੰਡਾਂ ’ਚ ਲਾਇਬਰੇਰੀਆਂ ਦੀ ਸ਼ੁਰੂਆਤ ਦਾ ਇਹ ਪਹਿਲਾ ਚਰਨ ਸੀ ਜਦਕਿ ਪੰਜਾਬ ਸਰਕਾਰ ਵੱਖ-ਵੱਖ ਚਰਨਾਂ ’ਚ ਵੱਖ-ਵੱਖ ਜ਼ਿਲ੍ਹਿਆਂ ਦੇ ਪਿੰਡਾਂ ’ਚ ਲਾਇਬਰੇਰੀਆਂ ਖੋਲ੍ਹਣ ’ਤੇ ਵਿਚਾਰ ਕਰ ਰਹੀ ਹੈ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਸਕੂਲ ਵਿਚ ਬੱਚਿਆਂ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਸਿਲਾਈ ਵੀ ਪਿੰਡਾਂ ਦੀਆਂ ਸੁਆਣੀਆਂ ਕੋਲੋਂ ਕਰਵਾਈ ਜਾਵੇਗੀ, ਇਸ ਸਬੰਧੀ ਸਿੱਖਿਆ ਮੰਤਰੀ ਨੂੰ ਕਹਿ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ’ਚ ਮਾਵਾਂ-ਭੈਣਾਂ ਸਿਲਾਈ ਕਰਨਾ ਜਾਣਦੀਆਂ ਹਨ ਉਨ੍ਹਾਂ ਵੱਲੋਂ ਵਰਦੀਆਂ ਤਿਆਰ ਕਰਕੇ ਸਕੂਲਾਂ ਵਿਚ ਭੇਜੀਆਂ ਜਾਣਗੀਆਂ ਤਾਂ ਜੋ ਪਿੰਡਾਂ ਦੀਆਂ ਬੀਬੀਆਂ ਨੂੰ ਵੀ ਰੁਜ਼ਗਾਰ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਪੁਲਿਸ ਮਹਿਕਮੇ ਵਿਚ ਵੀ ਲਾਗੂ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ ਕਰਨ ਨਾਲ ਸਰਕਾਰ ਨੂੰ ਵੀ ਮਾਣ ਮਹਿਸੂਸ ਹੋਵੇਗਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੀਆਂ ਮਾਵਾਂ-ਭੈਣਾਂ ਵੀ ਰੁਜ਼ਗਾਰ ਮਿਲੇਗਾ।