ਸਮਾਗਮ ਵਿੱਚ ਮੋਦੀ, ਅਮਿਤ ਸ਼ਾਹ ਤੇ ਬਾਦਲ ਸਣੇ ਕਈ ਨੇਤਾ ਹਾਜ਼ਰ
ਗੁਹਾਟੀ/ਬਿਊਰੋ ਨਿਊਜ਼
ਉੱਤਰ ਪੂਰਬ ਵਿੱਚ ਪਹਿਲੀ ਵਾਰ ਭਾਜਪਾ ਨੂੰ ਸੱਤਾ ਵਿੱਚ ਪਹੁੰਚਾਉਣ ਵਾਲੇ ਸਰਬਾਨੰਦ ਸੋਨੋਵਾਲ ਨੂੰ ਇਥੇ ਅਸਾਮ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ। ਉਹ 11 ਮੈਂਬਰੀ ਮੰਤਰੀ ਮੰਡਲ ਦੀ ਅਗਵਾਈ ਕਰ ਰਹੇ ਹਨ ਜਿਸ ਵਿੱਚ ਸਹਿਯੋਗੀ ਦਲ ਅਸਮ ਗਣ ਪ੍ਰੀਸ਼ਦ ਤੇ ਬੋਡੋ ਪੀਪਲਜ਼ ਫਰੰਟ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ।
ਇਥੇ ਖਾਨਪਾਰਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਪਾਰਟੀ ਦੇ ਸੀਨੀਅਰ ਨੇਤਾ ਐਲ ਕੇ ਅਡਵਾਨੀ, ਪਾਰਟੀ ਦੇ ਮੁੱਖ ਮੰਤਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਐਨਡੀਏ ਦੇ ਨੇਤਾਵਾਂ ਦੀ ਹਾਜ਼ਰੀ ਵਿੱਚ 54 ਸਾਲਾ ਸੋਨੋਵਾਲ ਤੇ ਉਨ੍ਹਾਂ ਤੇ ਮੰਤਰੀਆਂ ਨੂੰ ਰਾਜਪਾਲ ਪੀ. ਬਾਲਕ੍ਰਿਸ਼ਨ ਅਚਾਰੀਆ ਨੇ ਅਹੁਦੇ ਤੇ ਭੇਤ ਰੱਖਣ ਦੀ ਸਹੁੰ ਚੁਕਾਈ। ਸੋਨੋਵਾਲ ਨੇ ਅਸਾਮੀ ਭਾਸ਼ਾ ਵਿੱਚ ਹਲਫ਼ ਲਿਆ। ਭਾਜਪਾ ਦੇ ਛੇ, ਅਸਮ ਗਣ ਪ੍ਰੀਸ਼ਦ ਤੇ ਬੋਡੋ ਪੀਪਲਜ਼ ਫਰੰਟ ਦੇ ਦੋ-ਦੋ ਮੰਤਰੀਆਂ ਨੇ ਸਹੁੰ ਚੁੱਕੀ।ਸਮਾਗਮ ਵਿੱਚ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਵੀ ਹਾਜ਼ਰ ਸਨ। ਨਵੇਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਰਾਜ ਨੂੰ ਗੈਰਕਾਨੂੰਨੀ ਵਿਦੇਸ਼ੀਆਂ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣਗੇ। ਇਸ ਮੌਕੇ ਮੋਦੀ ਨੇ ਕਿਹਾ ਕਿ ਕੇਂਦਰ ਉੱਤਰ ਪੂਰਬ ਰਾਜਾਂ ਦੇ ਵਿਕਾਸ ਲਈ ਹਰ ਸੰਭਵ ਮਦਦ ਕਰੇਗਾ ਤੇ ਇਸ ਖਿੱਤੇ ਦਾ ਕੇਂਦਰ ਅਸਾਮ ਰਹੇਗਾ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …