ਸੁਨੀਲ ਜਾਖੜ ਵੱਲੋਂ ਕਾਂਗਰਸ ‘ਤੇ ਤਿੱਖਾ ਵਿਅੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਸਥਾਨ ਵਿਚ ਨਵੇਂ ਮੁੱਖ ਮੰਤਰੀ ਦੀ ਚੋਣ ਤੋਂ ਪਹਿਲਾਂ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ‘ਤੇ ਤਿੱਖਾ ਵਿਅੰਗ ਕਸਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਕੀਤਾ, ‘ਰਾਜਸਥਾਨ ਦਾ ਚੰਨੀ ਕੌਣ ਹੋਵੇਗਾ?’ ਜ਼ਿਕਰਯੋਗ ਹੈ ਕਿ ਵਰਤਮਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਪਾਰਟੀ ਪ੍ਰਧਾਨ ਦੀ ਚੋਣ ਲੜਨ ਕਾਰਨ ਰਾਜਸਥਾਨ ਨੂੰ ਹੁਣ ਨਵਾਂ ਮੁੱਖ ਮੰਤਰੀ ਮਿਲੇਗਾ।
ਜਾਖੜ ਜੋ ਕਿ ਹੁਣ ਭਾਜਪਾ ਵਿਚ ਹਨ, 2021 ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਲੈਣ ਦੇ ਤਕੜੇ ਦਾਅਵੇਦਾਰ ਵੀ ਸਨ, ਪਰ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਨੂੰ ਉਸ ਵੇਲੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਕਹਿ ਦਿੱਤਾ ਸੀ। ਜਾਖੜ ਨੇ ਮਗਰੋਂ ਦਾਅਵਾ ਕੀਤਾ ਸੀ ਕਿ ਸਭ ਤੋਂ ਵੱਧ ਵਿਧਾਇਕਾਂ ਦੇ ਸਮਰਥਨ ਦੇ ਬਾਵਜੂਦ ਉਨ੍ਹਾਂ ਦੀ ਥਾਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਰਾਜਸਥਾਨ ਦੇ ਸੰਦਰਭ ਵਿਚ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਉਹੀ ਘਟਨਾਕ੍ਰਮ ਚੇਤੇ ਆ ਰਿਹਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇਹ ਦੇਖਣ ਵਾਲਾ ਹੋਵੇਗਾ ਕਿ ਕੀ ਕਾਂਗਰਸ ਕਿਸੇ ਅਣਪਛਾਤੇ ਉਮੀਦਵਾਰ (ਡਾਰਕ ਹੌਰਸ) ਉਤੇ ਦਾਅ ਲਾਉਂਦੀ ਹੈ ਜਾਂ ਚੰਨੀ ਵਾਂਗ ਕਾਲੀ ਭੇਡ ਨੂੰ ਮੁੱਖ ਮੰਤਰੀ ਚੁਣਦੀ ਹੈ। ਰਾਜਸਥਾਨ ਦੇ ਵਿਧਾਇਕ ਆਖ਼ਰੀ ਫੈਸਲਾ ਸੋਨੀਆ ਉਤੇ ਹੀ ਛੱਡਣਗੇ। ਹਾਲਾਂਕਿ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਜਨਤਕ ਤੌਰ ‘ਤੇ ਮੁੱਖ ਮੰਤਰੀ ਦੀ ਸੀਟ ਉਤੇ ਦਾਅਵਾ ਕਰ ਰਹੇ ਹਨ। ਪਰ ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਵੀ ਦੌੜ ਵਿਚ ਹਨ। ਗਹਿਲੋਤ ਹਾਲਾਂਕਿ ਅਹੁਦਾ ਛੱਡਣ ਦੇ ਪੱਖ ਵਿਚ ਨਹੀਂ ਸਨ ਪਰ ਰਾਹੁਲ ਗਾਂਧੀ ਵੱਲੋਂ ‘ਇਕ ਵਿਅਕਤੀ ਇਕ ਅਹੁਦੇ’ ਦੇ ਐਲਾਨ ਤੋਂ ਬਾਅਦ ਉਹ ਸੀਟ ਛੱਡਣ ਲਈ ਰਾਜ਼ੀ ਹੋਏ ਹਨ।
Check Also
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਖੰਨਾ ’ਚ ਹੋਈ ਅਹਿਮ ਮੀਟਿੰਗ
ਪੰਧੇਰ ਬੋਲੇ : ਮੁੱਖ ਮੰਤਰੀ, ਮੰਤਰੀਆਂ ਅਤੇ ‘ਆਪ’ ਵਿਧਾਇਕਾਂ ਦਾ ਵਿਰੋਧ ਰਹੇਗਾ ਜਾਰੀ ਖੰਨਾ/ਬਿਊਰੋ ਨਿਊਜ਼ …