Breaking News
Home / ਭਾਰਤ / ਵਿਪਾਸਨਾ ਤੋਂ ਐਸਆਈਟੀ ਨੇ ਕੀਤੀ ਪੁੱਛਗਿੱਛ

ਵਿਪਾਸਨਾ ਤੋਂ ਐਸਆਈਟੀ ਨੇ ਕੀਤੀ ਪੁੱਛਗਿੱਛ

ਉਸੇ ਰਾਤ ਡੇਰੇ ਆਈ ਸੀ ਹਨੀਪ੍ਰੀਤ, ਪਿਤਾ ਨਾਲ ਚਲੀ ਗਈ ਵਾਪਸ
ਡੇਰੇ ਦੀ ਚੇਅਰਪਰਸਨ ਕੋਲੋਂ ਸਾਢੇ ਤਿੰਨ ਘੰਟੇ ਕੀਤੀ ਪੁੱਛਗਿੱਛ, ਗੁਰੂਸਰ ਮੋਡੀਆ ਸ਼ਿਫਟ ਹੋਇਆ ਰਾਮ ਰਹੀਮ ਦਾ ਸਾਰਾ ਪਰਿਵਾਰ
ਸਿਰਸਾ : ਹਨੀਪ੍ਰੀਤ 25 ਅਗਸਤ ਦੀ ਰਾਤ ਨੂੰ ਰੋਹਤਕ ਜੇਲ੍ਹ ਤੋਂ ਸਿਰਸੇ ਆਈ ਸੀ ਤੇ ਅਗਲੇ ਦਿਨ ਉਸਦਾ ਪਿਤਾ ਉਸ ਨੂੰ ਆਪਣੇ ਨਾਲ ਲੈ ਗਿਆ ਸੀ। ਇਹ ਖੁਲਾਸਾ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੇ ਪੁੱਛਗਿੱਛ ਦੌਰਾਨ ਐਸਆਈਟੀ ਅੱਗੇ ਕੀਤਾ ਹੈ। ਉਸਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਹਨੀਪ੍ਰੀਤ ਨਾਲ ਸੰਪਰਕ ਨਹੀਂ ਹੋ ਸਕਿਆ। ਉਸ ਨੂੰ ਸਿਰਸਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਨੋਟਿਸ ਦੇ ਕੇ ਬੁਲਾਇਆ ਗਿਆ ਸੀ, ਜਿੱਥੇ ਉਸ ਕੋਲੋਂ ਕਰੀਬ ਸਾਢੇ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਸੂਤਰਾਂ ਅਨੁਸਾਰ ਐਸਆਈਟੀ ਨੇ ਚੇਅਰਪਰਸਨ ਕੋਲੋਂ ਡੇਰੇ ਵਿਚ ਲੱਗੇ ਹਜ਼ਾਰਾਂ ਸੀਸੀ ਟੀਵੀ ਕੈਮਰਿਆਂ ਦੀ ਹਾਰਡ ਡਿਸਕ ਨਸ਼ਟ ਕਰਨ ਸਬੰਧੀ ਸਵਾਲ ਪੁੱਛੇ। ਇਸ ਸਬੰਧੀ ਉਸ ਨੇ ਦੱਸਿਆ ਕਿ ਇਹ ਸਭ ਆਈਟੀ ਵਿੰਗ ਹੀ ਦੇਖਦਾ ਸੀ ਤੇ ਇਸ ਨੂੰ ਕਦੋਂ, ਕਿਉਂ ਤੇ ਕਿਸ ਨੇ ਨਸ਼ਟ ਕੀਤਾ, ਇਸ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ। ਹਿੰਸਾ ਦੀ ਯੋਜਨਾ ਬਾਰੇ ਪੁੱਛੇ ਜਾਣ ‘ਤੇ ਉਸ ਨੇ ਸਪੱਸ਼ਟ ਕੀਤਾ ਕਿ ਉਹ ਤਾਂ ਡੇਰਾ ਮੁਖੀ ਦੇ ਕਾਫਲੇ ਨਾਲ ਪੰਚਕੂਲੇ ਗਈ ਸੀ ਤੇ ਬਾਅਦ ਵਿਚ ਸਿਰਸੇ ਆਈ, ਇਸ ਲਈ ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ। ਉਸ ਕੋਲੋਂ ਡੇਰੇ ਦੇ ਪ੍ਰਮੁੱਖ ਬੰਦਿਆਂ ਬਾਰੇ ਜਾਣਕਾਰੀ ਲਈ ਗਈ। ਉਸ ਅੱਗੇ ਕਈ ਨਾਂ ਰੱਖ ਕੇ ਉਨ੍ਹਾਂ ਦੀ ਡੇਰੇ ਵਿਚ ਹੈਸੀਅਤ ਬਾਰੇ ਵੀ ਪੁੱਛਿਆ ਗਿਆ। ਡੇਰਾ ਮੁਖੀ ਦੇ ਕਾਫਲੇ ਦੀ ਮਹਿੰਗੀ ਗੱਡੀ ਸਾੜਨ ਸਬੰਧੀ ਉਸ ਦਾ ਕਹਿਣਾ ਸੀ ਕਿ ਉਸ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਤੇ ਗੱਡੀ ਬਿਨਾ ਇਜਾਜ਼ਤ ਤੋਂ ਹੀ ਲਿਜਾਈ ਗਈ ਸੀ। ਹੋਰਨਾਂ ਗੱਡੀਆਂ ਬਾਰੇ ਵੀ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਐਸਆਈਟੀ ਇੰਚਾਰਜ ਡੀਐਸਪੀ ਕੁਲਦੀਪ ਬੈਨੀਵਾਲ ਦਾ ਕਹਿਣਾ ਹੈ ਕਿ ਵਿਪਾਸਨਾ ਤੋਂ ਜ਼ਿਆਦਾਤਰ ਸਵਾਲ ਸਿਰਸੇ ਵਿਚ ਹੋਈ ਹਿੰਸਾ ਨਾਲ ਸਬੰਧਤ ਪੁੱਛੇ ਗਏ ਸਨ। ਜਵਾਬਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ, ਦਿੱਤੀ ਗਈ ਜਾਣਕਾਰੀ ਨੂੰ ਵੈਰੀਫਾਈ ਕਰਨਗੇ ਤੇ ਉਸ ਕੋਲੋਂ ਦੁਬਾਰਾ ਪੁੱਛਗਿੱਛ ਹੋਵੇਗੀ। ਡੇਰੇ ਦੇ ਬੁਲਾਰੇ ਆਦਿੱਤਿਆ ਇੰਸਾਂ ਸਬੰਧੀ ਉਸ ਨੇ ਕਿਹਾ ਕਿ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਤੇ ਨਾ ਹੀ ਪਤਾ ਹੈ ਕਿ ਉਹ ਕਿੱਥੇ ਹਨ, ਉਹ ਤਾਂ ਪਹਿਲਾਂ ਹੀ ਖੁਦ ਅਪੀਲ ਕਰ ਚੁੱਕੀ ਹੈ ਕਿ ਉਸ ਨੂੰ ਪੁਲਿਸ ਦੇ ਸਾਹਮਣੇ ਆ ਜਾਣਾ ਚਾਹੀਦਾ ਹੈ।
ਹਨਪ੍ਰੀਤ ਦੇ ਨੇਪਾਲ ਭੱਜਣ ਦੇ ਚਰਚੇ
ਜੇਲ੍ਹ ਵਿੱਚ ਬੰਦ ਬਲਾਤਕਾਰੀ ਬਾਬਾ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਬਾਰੇ ਨੇਪਾਲ ‘ਚ ਪਹੁੰਚਣ ਦੇ ਚਰਚੇ ਚੱਲ ਰਹੇ ਹਨ। ਉਹ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਰਹੀ ਹੈ। ਨੇਪਾਲ ਪੁਲਿਸ ਦੀ ਮੱਦਦ ਨਾਲ ਹਨੀਪ੍ਰੀਤ ਨੂੰ ਲੱਭਣ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਉਦੈਪੁਰ ਤੋਂ ਪੁਲਿਸ ਦੀ ਗ੍ਰਿਫਤ ਵਿੱਚ ਆਏ ਰਾਮ ਰਹੀਮ ਦੇ ਭਗਤ ਪ੍ਰਦੀਪ ਗੋਇਲ ਨੇ ਵੀ ਹਨੀਪ੍ਰੀਤ ਦੇ ਨੇਪਾਲ ਭੱਜਣ ਦਾ ਸੁਰਾਗ ਦਿੱਤਾ ਹੈ।

ਹਨੀਪ੍ਰੀਤ ਤੇ ਆਦਿੱਤਿਆ ਸਮੇਤ 43 ਮੋਸਟ ਵਾਂਟਡ ਦੀ ਸੂਚੀ ਜਾਰੀ
ਹਰਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਗਈਆਂ ਦੰਗਾਕਾਰੀਆਂ ਦੀਆਂ ਤਸਵੀਰਾਂ
ਚੰਡੀਗੜ੍ਹ : ਗੁਰਮੀਤ ਰਾਮ ਰਹੀਮ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਚਕੂਲਾ ਨੂੰ ਹਿੰਸਾ ਦੀ ਅੱਗ ‘ਚ ਸਾੜਨ ਵਾਲੇ 43 ਦਾਗਦਾਰ ਚਿਹਰੇ ਬੇਨਕਾਬ ਹੋ ਗਏ। ਹਿੰਸਾ ਤੋਂ 24 ਦਿਨ ਬਾਅਦ ਹਰਿਆਣਾ ਪੁਲਿਸ ਨੇ 43 ਮੋਸਟ ਵਾਂਟਡ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਡੇਰਾ ਮੁਖੀ ਦੀ ਮੂੰਹਬੋਲੀ ਧੀ ਹਨੀਪ੍ਰੀਤ ਟਾਪ ‘ਤੇ ਹੈ ਤੇ ਪੂਰੀ ਵਾਰਦਾਤ ਦਾ ਮਾਸਟਰ ਮਾਈਂਡ ਆਦਿੱਤਿਆ ਇੰਸਾਂ ਦੂਜੇ ਸਥਾਨ ‘ਤੇ। ਪੁਲਿਸ ਨੇ ਤਸਵੀਰਾਂ ਸਮੇਤ ਇਹ ਸੂਚੀ ਸੋਸ਼ਲ ਵੈਬਸਾਈਟਾਂ ‘ਤੇ ਵੀ ਪਾ ਦਿੱਤੀ ਹੈ। ਦੋਸ਼ੀਆਂ ਦੀਆਂ ਤਸਵੀਰਾਂ ਜਨਤਕ ਥਾਵਾਂ ‘ਤੇ ਵੀ ਲਾਈਆਂ ਜਾਣਗੀਆਂ। ਪੁਲਿਸ ਨੇ ਲੋਕਾਂ ਤੋਂ ਮੱਦਦ ਮੰਗੀ ਹੈ ਤੇ ਕਿਹਾ ਹੈ ਇਨ੍ਹਾਂ ਬਾਰੇ ਸੂਚਨਾ ਦੇਣ ਵਾਲਿਆਂ ਦੇ ਨਾਂ ਪਤੇ ਗੁਪਤ ਰੱਖੇ ਜਾਣਗੇ। ਹਨੀਪ੍ਰੀਤ ਤੇ ਆਦਿੱਤਿਆ ਤੋਂ ਇਲਾਵਾ ਹੋਰਨਾਂ ਦੋਸ਼ੀਆਂ ਬਾਰੇ ਫੁਟੇਜ਼ ‘ਚੋਂ ਮਿਲੀਆਂ ਤਸਵੀਰਾਂ ਤੋਂ ਇਲਾਵਾ ਹੋਰ ਕੋਈ ਸੁਰਾਗ ਨਹੀਂ। ਇਨ੍ਹਾਂ ਦੋਸ਼ੀਆਂ ਬਾਰੇ ਪੁਲਿਸ ਦੇ ਮੋਬਾਇਲ ਨੰਬਰ 81466-30005, 81466-30031 ਅਤੇ ਵਟਸ ਐਪ ਨੰਬਰ 81466-30011 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਨੇਪਾਲ ‘ਚ ਨਹੀਂ ਹਨੀਪ੍ਰੀਤ : ਡੀਜੀਪੀ : ਡੀਜੀਪੀ ਬੀਐਸ ਸੰਧੂ ਦਾ ਦਾਅਵਾ ਹੈ ਕਿ ਹਨੀਪ੍ਰੀਤ ਨੇਪਾਲ ਵਿਚ ਨਹੀਂ ਸਗੋਂ ਦੇਸ਼ ‘ਚ ਹੀ ਕਿਤੇ ਲੁਕੀ ਹੋਈ ਹੈ। ਉਸ ਦੀ ਭਾਲ ਲਈ ਉਤਰ ਪ੍ਰਦੇਸ਼, ਬਿਹਾਰ ਤੇ ਉਤਰਾਖੰਡ ਪੁਲਿਸ ਦੀ ਵੀ ਮੱਦਦ ਲਈ ਜਾ ਰਹੀ ਹੈ। ਪੁਲਿਸ ਨੇ ਹੁਣ ਤੱਕ ਜਿੰਨੀਆਂ ਗ੍ਰਿਫਤਾਰੀਆਂ ਕੀਤੀਆਂ ਹਨ, ਉਨ੍ਹਾਂ ਤੋਂ ਮਿਲੇ ਸੰਕੇਤ ਦੇ ਅਧਾਰ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਨੀਪ੍ਰੀਤ ਨੇਪਾਲ ਭੱਜ ਗਈ ਹੈ।

ਪੰਚਕੂਲਾ ‘ਚ ਹਿੰਸਾ ਭੜਕਾਉਣ ਵਾਲੇ ਦੋ ਹੋਰ ਗ੍ਰਿਫਤਾਰ
ਪ੍ਰਦੀਪ ਕੋਲ ਹੀ ਸੀ ਰਾਜਸਥਾਨ ਤੋਂ ਬੱਸਾਂ ਭੇਜਣ ਦੀ ਜ਼ਿੰਮੇਵਾਰੀ
ਪੰਚਕੂਲਾ : ਰਾਮ ਰਹੀਮ ਨੂੰ 25 ਅਗਸਤ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦੇਣ ਮਗਰੋਂ ਪੰਚਕੂਲਾ ਵਿੱਚ ਹੋਈ ਅੱਗਜ਼ਨੀ ਤੇ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਚਾਰ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ‘ਤੇ ਭੀੜ ਨੂੰ ਉਕਸਾਉਣ ਦਾ ਦੋਸ਼ ਹੈ। ਇਨ੍ਹਾਂ ਵਿੱਚੋਂ ਪ੍ਰਕਾਸ਼ ਉਰਫ਼ ਵਿੱਕੀ ਵਾਸੀ ਬਠਿੰਡਾ ਨੂੰ ਮੁਹਾਲੀ ਤੋਂ, ਪ੍ਰਦੀਪ ਗੋਇਲ ਨੂੰ ਉਦੈਪੁਰ ਰਾਜਸਥਾਨ ਤੋਂ ਅਤੇ ਪੰਕਜ ਤੇ ਸੁਸ਼ੀਲ ਨੂੰ ਅੰਬਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਵੇਂ ਮੁਲਜ਼ਮ ਵਿਜੈ ਨੂੰ ਪਿੰਜੌਰ ਤੋਂ ਕਾਬੂ ਕੀਤਾ ਗਿਆ ਸੀ ਜਦਕਿ ਦੋ ਮੁਲਜ਼ਮ ਪਹਿਲਾਂ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਹਨ। ਜਾਂਚ ਟੀਮ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਦੋ ਨੂੰ ਪੰਜ-ਪੰਜ ਦਿਨ ਦੇ ਪੁਲਿਸ ਰਿਮਾਂਡ ਅਤੇ ਪੰਜ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਪੁਲਿਸ ਮੁਤਾਬਕ ਰਾਮ ਰਹੀਮ ਮਾਮਲੇ ਦੀ ਸੁਣਵਾਈ ਹੋਣ ਤੋਂ ਪਹਿਲਾਂ ਹੀ ਦੰਗੇ ਭੜਕਾਉਣ ਦੀ ਯੋਜਨਾ ਤੈਅ ਸੀ। ਰਾਜਸਥਾਨ ਤੋਂ ਬੱਸਾਂ ਭੇਜਣ ਦੀ ਜ਼ਿੰਮੇਵਾਰੀ ਪ੍ਰਦੀਪ ਨੂੰ ਦਿੱਤੀ ਗਈ ਸੀ। ਪ੍ਰਦੀਪ ਨੇ ਭੀੜ ਇਕੱਠੀ ਕਰਨ ਲਈ ਆਦੀਵਾਸੀ ਖੇਤਰਾਂ ਦੇ ਲੋਕਾਂ ਨੂੰ ਇੲ ਕਹਿ ਕੇ ਇਕੱਠਾ ਕੀਤਾ ਕਿ ਹਰ ਵਿਅਕਤੀ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣਗੇ। ਦੰਗੇ ਭੜਕਣ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਬੱਸਾਂ ਹਰਿਆਣਾ ਲਈ ਰਵਾਨਾ ਹੋਈਆਂ ਸਨ।
ਰਾਜਸਥਾਨ ਦੇ ਕਈ ਡੇਰਿਆਂ ਦਾ ਪ੍ਰਬੰਧਕ ਹੈ ਪ੍ਰਦੀਪ
ਰਾਜਸਥਾਨ ਦੇ ਉਦੇਪੁਰ ਤੋਂ ਗ੍ਰਿਫ਼ਤਾਰ ਪ੍ਰਦੀਪ ਗੋਇਲ ਡੇਰਾ ਮੁਖੀ ਦਾ ਕਰੀਬੀ ਦੱਸਿਆ ਜਾਂਦਾ ਹੈ। ਪੰਚਕੂਲਾ ਵਿੱਚ ਭੜਕੀ ਹਿੰਸਾ ਵਿਚ ਉਸ ਦੀ ਅਹਿਮ ਭੂਮਿਕਾ ਸੀ। ਰਾਮ ਰਹੀਮ ਨੂੰ ਪੁਲੀਸ ਹਿਰਾਸਤ ਵਿਚੋਂ ਭਜਾ ਕੇ ਹਿਮਾਚਲ ਵਿੱਚ ਰੱਖੇ ਜਾਣ ਦਾ ਸਾਰਾ ਪ੍ਰਬੰਧ ਉਸ ਨੇ ਹੀ ਕੀਤਾ ਸੀ। ਉਹ ਸੱਚਾ ਸੌਦਾ ਦੇ ਰਾਜਸਥਾਨ ਵਿੱਚ ਚੱਲ ਰਹੇ ਸਾਰੇ ਡੇਰਿਆਂ ਦਾ ਪ੍ਰਬੰਧਕ ਅਤੇ ਹਨੀਪ੍ਰੀਤ ਤੇ ਅਦਿੱਤਿਆ ਇੰਸਾ ਦਾ ਕਰੀਬੀ ਹੋਣ ਦੇ ਨਾਲ-ਨਾਲ 45 ਮੈਂਬਰੀ ਕੋਰ ਕਮੇਟੀ ਦਾ ਮੈਂਬਰ ਵੀ ਹੈ। ਮੁਲਜ਼ਮ ਤੋਂ ਲੈਪਟਾਪ ਅਤੇ ਅਹਿਮਦਾਬਾਦ ਦੇ ਕਈ ਡੇਰਿਆਂ ਦੀ ਸੂਚੀ ਵੀ ਮਿਲੀ ਹੈ। ਮੁਲਜ਼ਮ ਉਦੇਪੁਰ ਦੇ ਕੋਟੜਾ ਵਿੱਚ ਡੇਰੇ ਦਾ ਸਕੂਲ ਵੀ ਚਲਾਉਂਦਾ ਹੈ ਅਤੇ 7 ਸਾਲ ਦੀ ਉਮਰ ਤੋਂ ਡੇਰੇ ਨਾਲ਼ ਜੁੜਿਆ ਹੈ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …