19.4 C
Toronto
Friday, May 29, 2026
spot_img
Homeਸੰਪਾਦਕੀਮਨੋਰੰਜਨ ਲਈ ਵਧ ਰਹੀ ਅਸ਼ਲੀਲਤਾ ਚਿੰਤਾਜਨਕ

ਮਨੋਰੰਜਨ ਲਈ ਵਧ ਰਹੀ ਅਸ਼ਲੀਲਤਾ ਚਿੰਤਾਜਨਕ

ਸੰਗੀਤ ਰੂਹ ਦੀ ਖ਼ੁਰਾਕ ਹੈ। ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕੋਈ ਸੰਗੀਤ ਦਾ ਮੁਰੀਦ ਹੈ। ਕੋਈ ਸੂਫੀ ਸੰਗੀਤ ਦਾ ਸ਼ੌਕੀਨ, ਕੋਈ ਰਾਕਸਟਾਰ, ਕੋਈ ਪੰਜਾਬੀ ਅਤੇ ਕੋਈ ਹਿੰਦੀ ਦਾ। ਸੰਗੀਤ ਸੁਣਨ ਦੇ ਨਾਲ-ਨਾਲ ਮਨੁੱਖ ਨੇ ਆਪਣੇ ਮਨੋਰੰਜਨ ਲਈ ਹੋਰ ਵੀ ਤਮਾਮ ਵਸੀਲੇ ਉਸਾਰੇ, ਕੋਈ ਖੇਡਦਾ ਹੈ, ਕੋਈ ਪੜ੍ਹਦਾ ਹੈ, ਕੋਈ ਯਾਤਰਾ ਕਰਦਾ ਹੈ, ਕੋਈ ਬਾਗਬਾਨੀ ਦਾ ਸਹਾਰਾ ਲੈਂਦਾ ਹੈ ਹੋਰ ਅਗੈਰਾ-ਬਗੈਰਾ ਅਣਗਿਣਤ ਤਰੀਕੇ ਹਨ ਜਿਨ੍ਹਾਂ ਦੀ ਵਰਤੋਂ ਮਨੁੱਖ ਆਪਣੇ ਮਨੋਰੰਜਨ ਲਈ ਵਰਤਦਾ ਹੈ। ਸੰਗੀਤ ਫਿਲਮਾਂ ਦਾ ਵੀ ਮਹੱਤਵਪੂਰਨ ਹਿੱਸਾ ਹਨ। ਕੋਈ ਸਮਾਂ ਸੀ ਜਦੋਂ ਫਿਲਮਾਂ ਵਿੱਚ ਬਹੁਤ ਘੱਟ ਗੀਤ ਹੁੰਦੇ ਸਨ ਪ੍ਰੰਤੂ ਅਜੋਕੀਆਂ ਫਿਲਮਾਂ ਗੀਤ-ਸੰਗੀਤ ਬਿਨਾਂ ਅਧੂਰੀਆਂ ਮੰਨੀਆਂ ਜਾਂਦੀਆਂ ਹਨ। ਜਦੋਂ ਕੋਈ ਫਿਲਮ ਰਿਲੀਜ਼ ਹੋਣੀ ਹੁੰਦੀ ਹੈ ਉਸਦੇ ਪੋਸਟਰ ਰਿਲੀਜ਼ ਤੋਂ ਬਾਅਦ, ਟੀਜਰ, ਉਸ ਦੇ ਗੀਤ ਅਤੇ ਫਿਲਮ ਟ੍ਰੇਲਰ ਆਉਣੇ ਸ਼ੁਰੂ ਹੋ ਜਾਂਦੇ ਹਨ। ਫਿਲਮ ਹਿੱਟ ਹੋਵੇਗੀ ਜਾਂ ਫਲੌਪ ਇਸਦਾ ਅੰਦਾਜ਼ਾ ਫਿਲਮ ਨਿਰਮਾਤਾ ਫਿਲਮ ਦੇ ਗੀਤ ਅਤੇ ਸੰਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਹੇ ਹੁੰਗਾਰੇ ਤੋਂ ਪਤਾ ਲਗਾ ਲੈਂਦੇ ਹਨ। ਕਈ ਵਾਰ ਉਲਟ ਵੀ ਹੋ ਜਾਂਦਾ ਹੈ ਫਿਲਮ ਫਲੌਪ ਹੋ ਜਾਂਦੀ ਜਦਕਿ ਗੀਤ ਹਿੱਟ ਹੋ ਜਾਂਦੇ ਹਨ। ਫਿਲਮੀ ਦੁਨੀਆਂ ਵੀ ਕ੍ਰਿਕਟ ਨਾਲ ਮੇਲ-ਜੋਲ ਖਾਂਦੀ ਹੈ ਕਦੋਂ ਕੀ ਹੋ ਜਾਵੇ ਕੁੱਝ ਪਤਾ ਨਹੀਂ ਲੱਗਦਾ। ਫਿਲਮੀ ਖ਼ੇਤਰ ਕਰੋੜਾਂ ਅਰਬਾਂ ਦਾ ਖ਼ੇਤਰ ਹੈ। ਫਿਲਮਾਂ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ। ਜਦੋਂ ਫਿਲਮ ਬਣ ਜਾਂਦੀ ਹੈ ਉਸ ਤੋਂ ਬਾਅਦ ਫਿਲਮ ਨਿਰਮਾਤਾ ਨੂੰ ਇਹ ਫਿਕਰ ਵੀ ਰਹਿੰਦੀ ਹੈ ਕਿ ਉਹ ਵੱਧ ਤੋਂ ਵੱਧ ਮੁਨਾਫਾ ਕਮਾਵੇ ਪ੍ਰੰਤੂ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਫਿਲਮ ਦੀ ਪਟਕਥਾ ਜਾਂ ਕਹਾਣੀ ਨੂੰ ਚੰਗੀ ਤਰ੍ਹਾਂ ਪਰਦੇ ‘ਤੇ ਫਿਲਮਾਉਣ ਦੀ ਬਜਾਏ ਅਸ਼ਲੀਲਤਾ ਦਾ ਵੱਧ ਤੋਂ ਵੱਧ ਸਹਾਰਾ ਲੈਣਾ ਸਮਾਜ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਵੇਗਾ ਇਸ ਬਾਰੇ ਵੀ ਚਿੰਤਨ ਕਰਨਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਚਲ ਰਹੀਆਂ ਜਾਂ ਰਿਲੀਜ਼ ਹੋ ਰਹੀਆਂ ਫਿਲਮਾਂ ਦੇ ਸ਼ੁਰੂ ਵਿੱਚ ਇਹ ਚਿਤਾਵਨੀ ਜ਼ਰੂਰ ਦਿੱਤੀ ਜਾਂਦੀ ਹੈ ਕਿ ਇਹ ਫਿਲਮ ਅਠਾਰਾਂ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੈ ਜਾਂ ਮਾਂ-ਬਾਪ ਦੀ ਹਾਜ਼ਰੀ ਵਿੱਚ ਬੱਚੇ ਫਿਲਮ ਨੂੰ ਦੇਖਣ। ਫਿਲਮ ਨਿਰਮਾਤਾਵਾਂ ਨੂੰ ਇਹ ਸਵਾਲ ਪੁੱਛਦਾ ਬਣਦਾ ਹੈ ਕਿ ਤੁਸੀਂ ਅਜਿਹੀ ਫਿਲਮ ਬਣਾਉਂਦੇ ਹੀ ਕਿਉਂ ਹੋ ਜਿਸਨੂੰ ਸਾਰੇ ਪਰਿਵਾਰਕ ਮੈਂਬਰ ਇਕੱਠੇ ਬੈਠ ਕੇ ਦੇਖ ਨਹੀਂ ਸਕਦੇ, ਸਿਰਫ਼ ਪੈਸਿਆਂ ਦੇ ਲਾਲਚ ਵਿੱਚ ਅਸ਼ਲੀਲਤਾ ਅਤੇ ਭੱਦੀ ਸ਼ਬਦਾਵਲੀ ਲੋਕਾਂ ਨੂੰ ਪਰੋਸਣਾ ਕਿੱਥੋਂ ਤੱਕ ਜਾਇਜ਼ ਹੈ? ਤਾਜ਼ੀ ਘਟਨਾ ਅਨੁਸਾਰ ਸੰਜੇ ਦੱਤ ਅਤੇ ਨੋਰਾ ਫਤਿਹੀ ਦੇ ਗੀਤ ਸਰਕੇ ਚੁਨਰ ਤੇਰੀ ਸਰਕੇ ਅਤੇ ਬਾਦਸ਼ਾਹ ਦੇ ਗੀਤ ਟਟੀਰੀ ਵਿੱਚ ਵਰਤੀ ਸ਼ਬਦਾਵਲੀ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਸੈਂਸਰ ਬੋਰਡ ਨੂੰ ਅੰਗੂਠਾ ਦਿਖਾਉਂਦੀ ਨਜ਼ਰ ਆਉਂਦੀ ਹੈ। ਵਾਇਰਲ ਹੋਣ ਤੋਂ ਬਾਅਦ ਭਾਵੇਂ ਇਹਨਾਂ ਨੂੰ ਯੂ ਟਿਊਬ ਤੋਂ ਹਟਾ ਦਿੱਤਾ ਗਿਆ ਪਰੰਤੂ ਜੇਕਰ ਇਹਨਾਂ ਗੀਤਾਂ ਦੀ ਸ਼ਬਦਾਵਲੀ ਸੁਣਨ ਵਾਲੀ ਨਹੀਂ ਸੀ, ਫਿਲਮ ਇਹਨਾਂ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ, ਕਿਤੇ ਇਹ ਤਾਂ ਨਹੀਂ ਕਿ ਸੈਂਸਰ ਬੋਰਡ ਵੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕਾ ਹੈ। ਜਦੋਂ ਕੋਈ ਘਟਨਾ ਵਾਪਰਦੀ ਹੈ ਉਦੋਂ ਰੌਲਾ ਰੱਪਾ ਪੈਂਦਾ ਹੈ ਪਰੰਤੂ ਬਾਅਦ ਵਿੱਚ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਪੈਸੇ ਦੀ ਦੌੜ ਵਿੱਚ ਸਮਾਜ ਨੂੰ ਕੁਰਾਹੇ ਪਾਉਣਾ ਕਿਥੋਂ ਦੀ ਨੈਤਿਕਤਾ ਹੈ। ਭਾਰਤੀ ਸੱਭਿਅਤਾ ਅਨਮੋਲ ਹੈ, ਅਸੀਂ ਸੱਭਿਅਤਾ ਤੇ ਫਿਲਮਾਂ ਬਣਾਈਏ, ਵੀਰ ਨਾਇਕਾ ਤੇ ਫਿਲਮਾਂ ਬਣਾਈਏ ਜੇਕਰ ਕਹਾਣੀ ਵਧੀਆ ਹੋਵੇਗੀ ਤਾਂ ਦਰਸ਼ਕ ਜ਼ਰੂਰ ਪਸੰਦ ਕਰਨਗੇ ਹਿੱਟ ਹੋਣ ਲਈ ਕੋਈ ਅਸ਼ਲੀਲਤਾ ਦਿਖਾਉਣੀ ਜ਼ਰੂਰੀ ਨਹੀਂ। ਫਿਲਮ ਨਿਰਮਾਤਾਵਾਂ, ਸੰਗੀਤਕਾਰ, ਗੀਤਕਾਰ, ਗਾਇਕਾਂ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਤਮਾਮ ਬਾਸ਼ਿੰਦਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਬੱਚੇ ਵੀ ਇਸੇ ਸਮਾਜ ਵਿੱਚ ਹਨ, ਉਹ ਸਮਾਜ ਅੱਗੇ ਉਹ ਚੀਜ਼ ਪੇਸ਼ ਕਰਨ ਜੋ ਉਹ ਆਪ ਵੀ ਪਰਿਵਾਰ ਵਿੱਚ ਬੈਠ ਕੇ ਦੇਖ ਸਕਣ। ਪੈਸੇ ਕਮਾਉਣ ਲਈ ਲਿਆ ਗਿਆ ਅਸ਼ਲੀਲਤਾ ਅਤੇ ਭੱਦੀ ਸ਼ਬਦਾਵਲੀ ਦਾ ਸਹਾਰਾ ਉਹਨਾਂ ਦਾ ਭਵਿੱਖ ਵੀ ਦਾਅ ‘ਤੇ ਲਾ ਸਕਦਾ ਹੈ। ਸੈਂਸਰ ਬੈਰਡ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਥੋੜ੍ਹੀ ਜਿਹੀ ਸਖ਼ਤੀ ਦਿਖਾਵੇ, ਜੋ ਵੀ ਰਿਲੀਜ਼ ਹੁੰਦਾ ਹੈ ਉਸਦੀ ਪਹਿਲਾਂ ਜਾਂਚ ਪੜਤਾਲ ਕਰੇ, ਉਸਦਾ ਸਮਾਜ ‘ਤੇ ਕੀ ਪ੍ਰਭਾਵ ਪੈ ਸਕਦਾ ਹੈ ਇਸ ਬਾਰੇ ਜ਼ਰੂਰ ਸੋਚੇ, ਜੇਕਰ ਕੋਈ ਗ਼ਲਤ ਸਮੱਗਰੀ ਪੇਸ਼ ਹੀ ਨਹੀਂ ਹੋਵੇਗੀ ਤਾਂ ਲੋਕ ਵੇਖਣਗੇ ਕਿੱਥੋਂ, ਇਸ ਕਰਕੇ ਅਸ਼ਲੀਲਤਾ ਨੂੰ ਰੋਕਣ ਲਈ ਚੂੜੀ ਉੱਪਰੋਂ ਹੀ ਕੱਸ ਕੇ ਰੱਖਣੀ ਹੋਵੇਗੀ ਤਾਂ ਜੋ ਦਰਸ਼ਕਾਂ ਤੱਕ ਅਸ਼ਲੀਲਤਾ ਪਹੁੰਚੇ ਹੀ ਨਾ ਸਕੇ।
-ਰਜਵਿੰਦਰ ਪਾਲ ਸ਼ਰਮਾ

RELATED ARTICLES
POPULAR POSTS