ਭਰ ਗਰਮੀ ਵਿੱਚ ਹੋਈਆਂ ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਦੇ ਨਤੀਜੇ ਕਿਸੇ ਲਈ ਮੌਨਸੂਨ ਦੀਆਂ ਫੁਹਾਰਾਂ ਵਾਂਗ ਨੇ ਅਤੇ ਕਿਸੇ ਲਈ ਜੇਠ ਹਾੜ੍ਹ ਵਿੱਚ ਵਗਦੀ ਲੂ ਵਾਂਗ। ਇਨ੍ਹਾਂ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਮੌਸਮ ਭਾਵੇਂ ਖੁਸ਼ਗਵਾਰ ਹੋ ਗਿਆ ਹੈ, ਪਰ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੀ ਰਹੇਗਾ।
ਨਿਸ਼ਚਿਤ ਤੌਰ ‘ਤੇ ਕਿਸੇ ਵੀ ਚੋਣ ‘ਚ ਜੇਤੂ ਰਹਿਣ ਵਾਲਿਆਂ ਲਈ ਮਾਹੌਲ ਜਸ਼ਨ ਵਾਲਾ ਹੁੰਦਾ ਹੈ ਜਦੋਂਕਿ ਹਾਰਨ ਵਾਲਿਆਂ ਲਈ ਮਾਯੂਸੀ ਭਰਿਆ; ਪਰ ਆਮ ਲੋਕਾਂ ਭਾਵ ਵੋਟਰਾਂ ਲਈ ਵਧੀਆ ਚੋਣਾਂ ਉਹੀ ਹੁੰਦੀਆਂ ਨੇ ਜਿਨ੍ਹਾਂ ‘ਚ ਸਹੀ ਲੋਕ ਜਿੱਤ ਕੇ ਅੱਗੇ ਆਉਣ, ਜੋ ਚੋਣਾਂ ਨਿਰਪੱਖ ਹੋਣ ਅਤੇ ਜਿਨ੍ਹਾਂ ‘ਚ ਕਿਸੇ ਕਿਸਮ ਦੀ ਹਿੰਸਾ ਜਾਂ ਹੇਰਾਫੇਰੀ ਨਾ ਹੋਈ ਹੋਵੇ। ਭਾਵੇਂ ਇਨ੍ਹਾਂ ਚੋਣਾਂ ਦੇ ਪ੍ਰਚਾਰ ਅਤੇ ਅਮਲ ਦੌਰਾਨ ਕੁਝ ਥਾਵਾਂ ‘ਤੇ ਹਿੰਸਕ ਘਟਨਾਵਾਂ ਵੀ ਹੋਈਆਂ ਅਤੇ ਕਈ ਥਾਈਂ ਹੇਰਾਫੇਰੀ ਦੇ ਦੋਸ਼ ਵੀ ਲੱਗੇ, ਪਰ ਕੁੱਲ ਮਿਲਾ ਕੇ ਇਨ੍ਹਾਂ ਚੋਣਾਂ ਦਾ ਸਮੁੱਚਾ ਅਮਲ ਹਾਂ-ਪੱਖੀ ਰਿਹਾ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਅੱਠ-ਨੌਂ ਮਹੀਨੇ ਪਹਿਲਾਂ ਹੋਈਆਂ ਇਨ੍ਹਾਂ ਚੋਣਾਂ ਨੂੰ ਕੁਝ ਮਾਹਿਰਾਂ ਵੱਲੋਂ ਭਾਵੇਂ ਸੈਮੀਫਾਈਨਲ ਕਿਹਾ ਜਾ ਰਿਹਾ ਹੈ, ਪਰ ਪਿਛਲੇ ਦੋ ਕੁ ਮਹੀਨੇ ਤੋਂ ਆਈ.ਪੀ.ਐੱਲ ਦੇਖ ਰਹੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਫਾਈਨਲ, ਫਾਈਨਲ ਹੀ ਹੁੰਦਾ ਹੈ। ਕਿਸੇ ਵੀ ਲੀਗ ਵਿੱਚ ਹਰ ਮੈਚ ਦੀ ਆਪਣੀ ਮਹੱਤਤਾ ਹੁੰਦੀ ਹੈ। ਉਂਜ ਵੀ ਹਰ ਮੈਦਾਨ ਅਤੇ ਹਰ ਪਿੱਚ ਵੱਖਰੀ ਹੁੰਦੀ ਹੈ। ਖਿਡਾਰੀ ਭਾਵੇਂ ਉਹੀ ਹੁੰਦੇ ਨੇ, ਟੀਮ ਵੀ ਉਹੀ ਹੁੰਦੀ ਹੈ, ਪਰ ਹਰ ਮੈਚ ਦਾ ਮਿਜ਼ਾਜ ਵੱਖਰਾ ਹੁੰਦਾ ਹੈ।
ਨਿਰਸੰਦੇਹ, ਇਨ੍ਹਾਂ ਚੋਣ ਨਤੀਜਿਆਂ ਮਗਰੋਂ ਇਹ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਫਰਵਰੀ 2027 ਵਿੱਚ ਜਾਂ ਇਸ ਤੋਂ ਪਹਿਲਾਂ ਹੋਣ ਵਾਲਾ ਫਾਈਨਲ ਮੈਚ ਕੌਣ ਜਿੱਤੇਗਾ ਅਤੇ ਕੌਣ ਨੰਬਰ ਦੋ ‘ਤੇ ਰਹੇਗਾ। ਹਾਲਾਂਕਿ ਸਿਆਸੀ ਮਾਹਿਰ ਇਹ ਵੀ ਕਹਿੰਦੇ ਰਹਿਣਗੇ ਕਿ ਵਿਧਾਨ ਸਭਾ ਚੋਣਾਂ ਵਿੱਚ ਹਾਲੇ ਵਕਤ ਹੈ ਅਤੇ ਵਕਤ ਬਦਲਦਿਆਂ ਵੀ ਪਤਾ ਨਹੀਂ ਲੱਗਦਾ। ਇਸ ਦੇ ਬਾਵਜੂਦ ਇੱਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਪਾਰਟੀ ਨੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਅਤੇ ਸਮਾਂ ਬੀਤਣ ਨਾਲ ਹੀ ਇਹ ਪਤਾ ਲੱਗੇਗਾ ਕਿ ਇਸ ਨੂੰ ਮੁਕਾਬਲਾ ਦੇਣ ਵਾਲੀ ਦੂਜੀ ਪ੍ਰਮੁੱਖ ਧਿਰ ਕਿਹੜੀ ਹੋਵੇਗੀ। ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਆਉਂਦੇ ਸਮੇਂ ‘ਚ ਕਿਹੜੇ ਅਤੇ ਕਿਹੋ ਜਿਹੇ ਗੱਠਜੋੜ ਬਣਨਗੇ?
ਇਨ੍ਹਾਂ ਨਿਗਮ ਅਤੇ ਕੌਂਸਲ ਚੋਣਾਂ ਦੇ ਨਤੀਜਿਆਂ ‘ਤੇ ਨਜ਼ਰ ਮਾਰਿਆਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ 48.25 ਫ਼ੀਸਦੀ ਵੋਟਾਂ ਲੈ ਕੇ ‘ਆਪ’ ਸਭ ਤੋਂ ਅੱਗੇ ਰਹੀ ਹੈ। ‘ਆਪ’ ਨੂੰ ਮਿਲੀ ਵੋਟ ਫ਼ੀਸਦ, ਮੁਕਾਬਲੇ ਵਿੱਚ ਨਿੱਤਰੀਆਂ ਬਾਕੀ ਸਾਰੀਆਂ ਧਿਰਾਂ ਨੂੰ ਮਿਲੀ ਕੁੱਲ ਵੋਟ ਫ਼ੀਸਦ ਦੇ ਲਗਭਗ ਨੇੜੇ ਜਾ ਢੁੱਕੀ ਹੈ ਜਦੋਂਕਿ ਮੁਕਾਬਲੇ ਵਿੱਚ ਦੂਜੇ ਨੰਬਰ ‘ਤੇ ਰਹੀ ਕਾਂਗਰਸ ਪਾਰਟੀ ਨੂੰ 20.08 ਫ਼ੀਸਦੀ ਵੋਟਾਂ ਮਿਲੀਆਂ ਹਨ। ਪੰਜਾਬ ਦੀ ਸੱਤਾ ‘ਤੇ ਲੰਮਾ ਸਮਾਂ ਕਾਬਜ਼ ਰਹੇ ਅਕਾਲੀ ਦਲ ਨੂੰ ਸਿਰਫ਼ 9.71 ਫ਼ੀਸਦੀ ਵੋਟਾਂ ਹੀ ਮਿਲੀਆਂ ਨੇ। ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਮਗਰੋਂ ਅਤਿ ਉਤਸ਼ਾਹ ਵਿੱਚ ਆ ਕੇ ‘ਅਬ ਪੰਜਾਬ ਕੀ ਬਾਰੀ ਹੈ’ ਦੇ ਸੰਕਲਪ ਨੂੰ ਲੈ ਕੇ ਸਿਆਸੀ ਗਿਣਤੀਆਂ-ਮਿਣਤੀਆਂ ਕਰ ਰਹੀ ਭਾਜਪਾ ਮਹਿਜ਼ 8.70 ਫ਼ੀਸਦੀ ਵੋਟਾਂ ਹੀ ਹਾਸਿਲ ਕਰ ਸਕੀ ਹੈ, ਜੋ ਆਜ਼ਾਦ ਉਮੀਦਵਾਰਾਂ ਵੱਲੋਂ ਹਾਸਿਲ ਕੀਤੇ ਵੋਟ ਫ਼ੀਸਦ 12.69 ਤੋਂ ਵੀ ਘੱਟ ਨੇ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ, ਜੋ ਦੋਵੇਂ ਪੰਜਾਬ ਦੀ ਸੱਤਾ ‘ਚ ਭਾਈਵਾਲ ਰਹੇ ਹਨ, ਵੱਲੋਂ ਹਾਸਲ ਵੋਟ ਫ਼ੀਸਦ (9.71+8.70) ਨੂੰ ਜੇ ਆਪਸ ‘ਚ ਜੋੜ ਲਿਆ ਜਾਵੇ ਤਾਂ ਵੀ ਇਹ ਕਾਂਗਰਸ ਦੀ ਵੋਟ ਫ਼ੀਸਦ ਤੋਂ ਥੋੜ੍ਹਾ ਘੱਟ ਹੈ।
ਭਾਜਪਾ ਨੇ ਹਾਲ ਹੀ ‘ਚ ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਕਾਰੋਬਾਰੀ ਕੇਵਲ ਸਿੰਘ ਢਿੱਲੋਂ ਨੂੰ ਇਸ ਅਹੁਦੇ ‘ਤੇ ਬਿਠਾਇਆ ਹੈ। ਪਾਰਟੀ ਦਾ ਇਹ ਦਾਅ ਸਹੀ ਸਾਬਿਤ ਹੁੰਦਾ ਹੈ ਜਾਂ ਨਹੀਂ, ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਛੁਪਿਆ ਹੋਇਆ ਹੈ, ਪਰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਸੁਨੀਲ ਜਾਖੜ ਪਾਰਟੀ ਦੀ ਜਿੱਤ ਲਈ ਅਕਾਲੀ ਦਲ ਨਾਲ ਗੱਠਜੋੜ ਦੇ ਹਾਮੀ ਸਨ। ਉਨ੍ਹਾਂ ਜਨਤਕ ਤੌਰ ‘ਤੇ ਆਪਣੇ ਇਹ ਵਿਚਾਰ ਸਭ ਦੇ ਸਾਹਮਣੇ ਰੱਖੇ ਸਨ ਅਤੇ ਕੁਝ ਅਜਿਹੇ ਹੀ ਵਿਚਾਰ ਕਾਂਗਰਸ ਛੱਡ ਕੇ ਭਾਜਪਾ ‘ਚ ਗਏ ਕੈਪਟਨ ਅਮਰਿੰਦਰ ਸਿੰਘ ਦੇ ਵੀ ਹਨ। ਇਹ ਦੋਵੇਂ ਪੰਜਾਬ ਬਾਰੇ ਜ਼ਮੀਨੀ ਸਮਝ ਰੱਖਣ ਵਾਲੇ ਵੱਡੇ ਆਗੂ ਹਨ, ਜਿਨ੍ਹਾਂ ਦੇ ਵਿਚਾਰ ਸੂਬੇ ਦੀਆਂ ਜ਼ਮੀਨੀ ਹਕੀਕਤਾਂ ‘ਤੇ ਆਧਾਰਿਤ ਹੁੰਦੇ ਹਨ। ਖ਼ੈਰ, ਜ਼ਮੀਨੀ ਹਕੀਕਤਾਂ ਸਰਵਉੱਚ ਆਗੂਆਂ ਨੂੰ ਦੱਸਣ ਅਤੇ ਅੱਗੋਂ ਸੁਣੇ ਜਾਣ ਦਾ ਸੱਭਿਆਚਾਰ ਭਾਜਪਾ ਵਿੱਚ ਨਾਂ-ਬਰਾਬਰ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਨੂੰ ਜਿੰਨੀ ਉਮੀਦ ਸੀ ਉਸ ਦੀ ਕਾਰਗੁਜ਼ਾਰੀ ਓਨੀ ਵਧੀਆ ਨਹੀਂ ਰਹੀ। ਹਾਲ ਹੀ ਵਿੱਚ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤ ਕੇ ਦੇਸ਼ ਦੇ 21 ਸੂਬਿਆਂ ‘ਚ ਸੱਤਾ ‘ਤੇ ਕਾਬਜ਼ ਹੋਣ ਵਾਲੀ ਭਾਜਪਾ ਪੰਜਾਬ ਬਾਰੇ ਵੱਡੇ-ਵੱਡੇ ਦਾਅਵੇ ਕਰ ਰਹੀ ਸੀ, ਪਰ ਇਸ ਨੂੰ ਹਕੀਕਤ ਦਾ ਸ਼ੀਸ਼ਾ ਦਿਖਾਉਣ ਦਾ ਕੰਮ ਪਾਰਟੀ ਦੇ ਆਪਣੇ ਹੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤਾ ਹੈ। ਹਾਲ ਹੀ ‘ਚ ‘ਟ੍ਰਿਬਿਊਨ ਸਮੂਹ’ ਦੀ ਪੱਤਰਕਾਰ ਰੁਚਿਕਾ ਖੰਨਾ ਨੂੰ ਦਿੱਤੇ ਗਏ ਇੱਕ ਇੰਟਰਵਿਊ ‘ਚ ਉਨ੍ਹਾਂ ਬਹੁਤ ਹੀ ਬੇਬਾਕੀ ਨਾਲ ਕਿਹਾ ਹੈ ਕਿ ਭਾਜਪਾ ਪੰਜਾਬ ਵਿੱਚ ਇਕੱਲਿਆਂ ਚੋਣਾਂ ਜਿੱਤਣ ਦੇ ਸਮਰੱਥ ਨਹੀਂ। ਜੇਰੇ ਨਾਲ ਸੱਚੀ ਗੱਲ ਕਹਿਣ ਵਾਲੇ ਕੈਪਟਨ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਬਾਰੇ ਉਨ੍ਹਾਂ ਨਾਲ ਕੋਈ ਸਲਾਹ ਨਹੀਂ ਕੀਤੀ ਗਈ। ਕੇਵਲ ਢਿੱਲੋਂ ਨਾਲ ਦੋਸਤੀ ਤੋਂ ਉਹ ਇਨਕਾਰ ਨਹੀਂ ਕਰਦੇ, ਪਰ ਉਸ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ੍ਹ ਜ਼ਰੂਰ ਲਾਉਂਦੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਛੇ ਸਾਲਾਂ ਤੋਂ ਪਾਰਟੀ ‘ਚ ਰਹਿੰਦਿਆਂ ਉਨ੍ਹਾਂ ਦੇਖਿਆ ਹੈ ਕਿ ਉਹ (ਭਾਜਪਾ ਦੇ ਚੋਟੀ ਦੇ ਆਗੂ) ਖ਼ੁਦ ਹੀ ਤੈਅ ਕਰਦੇ ਨੇ ਕਿ ਉਨ੍ਹਾਂ ਕੀ ਕਰਨਾ ਹੈ ਤੇ ਫਿਰ ਬਸ ਕਰ ਦਿੰਦੇ ਨੇ। ਭਾਜਪਾ ਦੀ ਕਾਰਜਸ਼ੈਲੀ ਬਾਰੇ ਪਾਰਟੀ ਦੇ ਹੀ ਕਿਸੇ ਆਗੂ ਵੱਲੋਂ ਅਜਿਹੀ ਟਿੱਪਣੀ ਕਰਨਾ ਸੱਚਮੁੱਚ ਹੀ ਜੁਰਅੱਤ ਵਾਲਾ ਕੰਮ ਹੈ। ਉਂਜ, ਗੱਲਬਾਤ ਦੌਰਾਨ ਉਨ੍ਹਾਂ ਨੂੰ ਆਪਣੀ ਪੁਰਾਣੀ ਪਾਰਟੀ ਕਾਂਗਰਸ ਵੀ ਯਾਦ ਆਈ, ਜਿਸ ਦੀ ਹਾਈਕਮਾਂਡ ਸੂਬੇ ਸਬੰਧੀ ਕਿਸੇ ਵੀ ਮਸਲੇ ਬਾਰੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਦੀ ਸੀ ਅਤੇ ਉਨ੍ਹਾਂ ਨੂੰ ਸੂਬੇ ਬਾਰੇ ਫ਼ੈਸਲੇ ਲੈਣ ਦੀ ਵੀ ਖੁੱਲ੍ਹ ਸੀ।
ਇਸੇ ਗੱਲਬਾਤ ਵਿੱਚ ਉਨ੍ਹਾਂ ਆਪਣੀ ਪੁਰਾਣੀ ਪਾਰਟੀ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਅਤੇ ਮੁੱਖ ਮੰਤਰੀ ਦੀ ਕੁਰਸੀ ਦੇ ਬਹੁਤੇ ਦਾਅਵੇਦਾਰਾਂ ਦੀ ਸਮੱਸਿਆ ਦੀ ਨਿਸ਼ਾਨਦੇਹੀ ਵੀ ਕੀਤੀ। ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਮਗਰੋਂ ਸੁਨੀਲ ਜਾਖੜ ਨਾਲ ਹੋਈ ਗੱਲਬਾਤ ਤੋਂ ਉਨ੍ਹਾਂ ਇਹ ਸਿੱਟਾ ਕੱਢਿਆ ਕਿ ਉਹ ਹਰ ਗੱਲ ਨੂੰ ਹਾਂ-ਪੱਖੀ ਢੰਗ ਨਾਲ ਹੀ ਲੈਂਦੇ ਨੇ, ਇਹ ਉਨ੍ਹਾਂ ਦਾ ਸੁਭਾਅ ਹੈ ਪਰ ਅਗਲੇ ਹੀ ਪਲ ਉਨ੍ਹਾਂ ਦਾ ਫਿਕਰਾ ਸੀ, ਜਦੋਂ ਪੰਜਾਬ ਦੇ ਭਵਿੱਖ ਦੀ ਗੱਲ ਹੋਵੇ ਤਾਂ ਇਸ ਨੂੰ ਵੱਖਰੇ ਗੰਭੀਰ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ।
ਸੁਨੀਲ ਜਾਖੜ ਨੂੰ ਜੇਕਰ ਲਗਦਾ ਸੀ ਕਿ ਕਾਂਗਰਸ ਨੇ ਪਹਿਲਾਂ ਸਿੱਧੂ ਨੂੰ ਉਨ੍ਹਾਂ ਦੀ ਜਗ੍ਹਾ ਪਾਰਟੀ ਪ੍ਰਧਾਨ ਬਣਾ ਕੇ ਤੇ ਫਿਰ ਅਮਰਿੰਦਰ ਸਿੰਘ ਵੱਲੋਂ ਪਾਰਟੀ ਛੱਡਣ ਬਾਅਦ ਉਨ੍ਹਾਂ ਨੂੰ ਦਰਕਿਨਾਰ ਕਰ ਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਉਨ੍ਹਾਂ ਨਾਲ ਚੰਗੀ ਨਹੀਂ ਸੀ ਕੀਤੀ, ਪਰ ਚੰਗੀ ਤਾਂ ਹੁਣ ਭਾਜਪਾ ਨੇ ਵੀ ਨਹੀਂ ਕੀਤੀ। ਜਦੋਂ ਜਾਖੜ ਨੇ ਪਹਿਲਾਂ ਸਤੰਬਰ 2024 ਵਿੱਚ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਸੀ ਤਾਂ ਉਨ੍ਹਾਂ ਦਾ ਅਸਤੀਫ਼ਾ ਪਾਰਟੀ ਨੇ ਪ੍ਰਵਾਨ ਨਹੀਂ ਸੀ ਕੀਤਾ। ਹੁਣ ਜਦੋਂ ਜੁਲਾਈ ‘ਚ ਉਨ੍ਹਾਂ ਦੇ ਅਹੁਦੇ ਦੀ ਮਿਆਦ ਮੁੱਕ ਜਾਣੀ ਸੀ ਤਾਂ ਪਾਰਟੀ ਨੇ ਇੰਤਜ਼ਾਰ ਕੀਤੇ ਬਗ਼ੈਰ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਚਰਚਾਵਾਂ ਤਾਂ ਇਹ ਵੀ ਸਨ ਕਿ ਰਵਨੀਤ ਬਿੱਟੂ ਵੀ ਇਸ ਅਹੁਦੇ ਲਈ ਮੌਜੇ ਖੋਲ੍ਹੀ ਫਿਰਦੇ ਸਨ ਅਤੇ ਉਨ੍ਹਾਂ ਪੰਜਾਬ ਦੇ ਆਪਣੇ ਹਾਲੀਆ ਦੌਰੇ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀਆਂ, ਜਿਨ੍ਹਾਂ ਵਿੱਚ ਇੱਕ ਮਹਿਲਾ ਅਧਿਕਾਰੀ ਵੀ ਸ਼ਾਮਿਲ ਸੀ, ਨਾਲ ਚੰਗਾ ਸਲੂਕ ਨਹੀਂ ਸੀ ਕੀਤਾ।
– ਅਰਵਿੰਦਰ ਜੌਹਲ
ਫਾਈਨਲ ਨੇੜੇ, ਸਿਆਸੀ ਤਿਆਰੀਆਂ ਤੇਜ਼
RELATED ARTICLES

