Breaking News
Home / ਸੰਪਾਦਕੀ / ਅਮਰੀਕਾ ‘ਚ ਨਸਲੀ ਘਟਨਾ

ਅਮਰੀਕਾ ‘ਚ ਨਸਲੀ ਘਟਨਾ

ਪਿਛਲੇ ਦਿਨੀਂ ਅਮਰੀਕਾ ‘ਚ ਇੰਡੀਆਨਾਪੋਲਿਸ ਸਥਿਤ ਇਸਦੇ ਕੰਮ ਕਰਨ ਦੇ ਸਥਾਨ ‘ਤੇ ਕੰਪਨੀ ਦੇ ਸਾਬਕਾ ਕਰਮਚਾਰੀ ਬਰੈਨਡਨ ਹੋਲ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 8 ਵਿਅਕਤੀਆਂ ਨੂੰ ਮਾਰ ਦਿੱਤਾ। ਫੈੱਡਐਕਸ ਕਾਰਪੋਰੇਸ਼ਨ ਜਿਹੜੀ ਪਹਿਲਾਂ ਫੈਡਰਲ ਐਕਸਪ੍ਰੈੱਸ ਕਾਰਪੋਰੇਨ ਕਹਿਲਾਉਂਦੀ ਸੀ, ਅਮਰੀਕਾ ਦੀ ਕਾਰਪੋਰੇਟ ਬਹੁ-ਰਾਸ਼ਟਰੀ ਕੰਪਨੀ ਹੈ ਜਿਹੜੀ ਹਵਾਈ ਜਹਾਜ਼ਾਂ ਅਤੇ ਹੋਰ ਸਾਧਨਾਂ ਰਾਹੀਂ ਵਸਤਾਂ ਭੇਜਣ ਤੇ ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾੳਣ ਦਾ ਪ੍ਰਬੰਧ ਕਰਦੀ ਹੈ। ਇਹ ਅਮਰੀਕਾ ਦੇ ਸਰਕਾਰੀ ਡਾਕਘਰ ਨੂੰ ਵੀ ਸੇਵਾਵਾਂ ਦਿੰਦੀ ਹੈ। ਇਸ ਹਿੰਸਾ ਦੇ ਸ਼ਿਕਾਰ ਹੋਣ ਵਾਲਿਆਂ ‘ਚੋਂ 4 ਪੰਜਾਬੀ ਸਿੱਖ (2 ਮਰਦ ਤੇ 2 ਔਰਤਾਂ) ਸਨ। ਸਬੰਧਿਤ ਪਰਿਵਾਰਾਂ ਨੇ ਦੋਸ਼ ਲਗਾਇਆ ਹੈ ਕਿ ਇਹ ਨਸਲਵਾਦੀ ਨਫ਼ਰਤ ਕਾਰਨ ਕੀਤਾ ਗਿਆ ਕਾਰਾ ਸੀ। ਫੈਡਐਕਸ ਦੇ ਇੰਡੀਆਨਾਪੋਲਿਸ ਸਥਿਤ ਇਸ ਅਦਾਰੇ ਵਿਚ ਪੰਜਾਬੀ ਅਤੇ ਖ਼ਾਸ ਕਰ ਕੇ ਸਿੱਖ ਵੱਡੀ ਗਿਣਤੀ ਵਿਚ ਕੰਮ ਕਰਦੇ ਹਨ।
ਪੁਲਿਸ ਅਧਿਕਾਰੀਆਂ ਨੇ ਇਸ ਦੁਰਘਟਨਾ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਅੰਨ੍ਹੇਵਾਹ ਗੋਲੀਬਾਰੀ ਦਾ ਸ਼ੱਕੀ ਹਮਲਵਾਰ ਫੈਡਐਕਸ ਦਾ ਸਾਬਕਾ ਕਰਮਚਾਰੀ ਹੀ ਨਿਕਲਿਆ ਜਿਸ ਦੀ ਬਰੈਂਡਨ ਹੋਲ ਵਜੋਂ ਪਛਾਣ ਹੋਈ ਹੈ ਜਿਸ ਨੇ 2020 ਵਿਚ ਫੈਡਐਕਸ ਲਈ ਕੰਮ ਕੀਤਾ ਸੀ। ਉਹਨੇ ਹਾਲ ਦੇ ਅੰਦਰ ਵੜਨ ਤੋਂ ਪਹਿਲਾਂ ਪਾਰਕਿੰਗ ਤੋਂ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਸਦੀ ਮਾਂ ਦੀ ਸ਼ਿਕਾਇਤ ‘ਤੇ ਐੱਫ.ਬੀ.ਆਈ ਵਲੋਂ ਹੋਲ ਦੀ ਜਾਂਚ ਵੀ ਕੀਤੀ ਗਈ ਸੀ। ਉਹ ਪਹਿਲਾਂ ਵੀ ਫੈਡਐਕਸ ‘ਚ ਕੰਮ ਕਰਦੇ ਸਮੇਂ ਇਕ ਵਾਰ ਗੰਨ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਕੰਮ ਤੋਂ ਕੱਢ ਦਿੱਤਾ ਸੀ, ਜਿਸ ਬਾਰੇ ਪੁਲਿਸ ਨੂੰ ਵੀ ਪਤਾ ਸੀ। ਹਤਿਆਰਾ ਕੰਮ ਤੋਂ ਕੱਢਣ ਲਈ ਇਥੇ ਕੰਮ ਕਰਦੇ ਸਾਰੇ ਵਿਅਕਤੀਆਂ ਨੂੰ ਦੋਸ਼ੀ ਸਮਝਦਾ ਸੀ, ਜਿਸ ਕਾਰਨ ਉਸ ਨੇ ਇਸ ਵਹਿਸ਼ੀ ਘਟਨਾ ਨੂੰ ਅੰਜਾਮ ਦਿੱਤਾ। ਬਰੈਨਡਨ ਹੋਲ ਨੂੰ ਫਰਵਰੀ 2020 ਵਿਚ ਕੰਪਨੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਮਾਰਚ 2020 ਵਿਚ ਉਸ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦਾ ਪੁੱਤਰ ਖ਼ੁਦਕੁਸ਼ੀ ਕਰ ਸਕਦਾ ਹੈ। ਪੁਲਿਸ ਅਨੁਸਾਰ ਉਨ੍ਹਾਂ ਨੇ ਤਫ਼ਤੀਸ਼ ਦੌਰਾਨ ਬਰੈਨਡਨ ਹੋਲ ਤੋਂ ਬੰਦੂਕ ਬਰਾਮਦ ਕੀਤੀ ਪਰ ਉਨ੍ਹਾਂ ਨੂੰ ਉਸ ਦੇ ਵਤੀਰੇ ਵਿਚ ਨਸਲਵਾਦੀ ਨਫ਼ਰਤ ਜਾਂ ਹਿੰਸਾ ਦੇ ਕੋਈ ਅੰਸ਼ ਨਹੀਂ ਸਨ ਮਿਲੇ। ਪੁਲਿਸ ਨੇ ਬਰੈਨਡਨ ਦੀ ਬੰਦੂਕ ਜ਼ਬਤ ਕਰ ਲਈ ਸੀ ਪਰ ਅਮਰੀਕਾ ਵਿਚ ਬੰਦੂਕਾਂ, ਪਿਸਤੌਲਾਂ ਤੇ ਅਸਲੇ ਨੂੰ ਕੰਟਰੋਲ ਕਰਨ ਵਾਲਾ ਨਿਜ਼ਾਮ ਢਿੱਲਾ ਹੋਣ ਕਾਰਨ ਉਹ ਦੁਬਾਰਾ ਹਥਿਆਰ ਅਤੇ ਅਸਲਾ ਖ਼ਰੀਦਣ ਵਿਚ ਕਾਮਯਾਬ ਹੋਇਆ।
ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ‘ਗੰਨ ਕਲਚਰ’ ਨੂੰ ਮੁਕੰਮਲ ਨੱਥ ਪਾਈ ਜਾਵੇ। ਆਏ ਦਿਨ ਅਮਰੀਕੀ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਜਾਨਾਂ ਗੁਆ ਰਹੇ ਹਨ। ਉਹਨਾਂ ਕਿਹਾ ਕਿ ਇਹ ਘਟਨਾਵਾਂ ਜਿਥੇ ਸਾਡੇ ਚਰਿੱਤਰ ਨੂੰ ਦਾਗੀ ਕਰਦੀਆਂ ਹਨ ਉੱਥੇ ਅਮਰੀਕੀਆਂ ਦੀ ਰੂਹ ਨੂੰ ਵੀ ਵਿੰਨਦੀਆਂ ਹਨ। ਹਥਿਆਰਬੰਦ ਹਿੰਸਾ ਅਮਰੀਕਾ ਲਈ ਮਹਾਂਮਾਰੀ ਬਣਦੀ ਜਾ ਰਹੀ ਹੈ ਪਰ ਅਸੀਂ ਇਸ ਨੂੰ ਮਨਜ਼ੂਰ ਨਹੀਂ ਕਰਾਂਗੇ ਅਸੀਂ ਇਸ ਖਿਲਾਫ ਆਉਣ ਵਾਲੇ ਸਮੇਂ ‘ਚ ਵੱਡੀ ਕਾਰਵਾਈ ਕਰਾਂਗੇ।
ਸ਼ਨਿੱਚਰਵਾਰ ਵੱਖ ਵੱਖ ਗੁਰਦੁਆਰਿਆਂ ਵਿਚ ਜੁੜੀ ਸਿੱਖ ਸੰਗਤ ਨੇ ਮਹਿਸੂਸ ਕੀਤਾ ਕਿ ਅਮਰੀਕਾ ਦੀ ਧਰਤੀ ‘ਤੇ ਬਾਹਰ ਤੋਂ ਆਏ ਪਰਵਾਸੀਆਂ ਨਾਲ ਵਿਤਕਰੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਸਲੀ ਨਫ਼ਰਤ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਅਨੁਸਾਰ ਅਮਰੀਕਾ ਵਿਚ ਬਹੁਤ ਵੱਡੀ ਸੰਖਿਆ ਵਿਚ ਲੋਕਾਂ ਨੂੰ ਵੱਖ ਵੱਖ ਦੇਸ਼ਾਂ, ਧਰਮਾਂ, ਫਿਰਕਿਆਂ ਅਤੇ ਨਸਲਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਧਰਮਾਂ ਤੇ ਸਭਿਆਚਾਰ ਬਾਰੇ ਜਾਣਕਾਰੀ ਨਹੀਂ ਅਤੇ ਉਹ ਕਈ ਦੇਸ਼ਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਹਿਰਾਵੇ ਕਾਰਨ ਹੀ ਅੱਤਵਾਦੀ ਸਮਝਦੇ ਹਨ। ਇੰਡੀਆਨਾਪੋਲਿਸ ਦੀ ਸਿੱਖ ਕੋਲੀਸ਼ਨ ਨੇ ਇਸ ਮਾਮਲੇ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਖ਼ਤ ਲਿਖ ਕੇ ਇਹ ਮੰਗ ਕੀਤੀ ਹੈ ਕਿ ਉਹ ਇੰਡੀਆਨਾਪੋਲਿਸ ਆਵੇ ਅਤੇ ਉਹ ਵਿਅਕਤੀ ਜਿਹੜੇ ਪਹਿਲਾਂ ਨਸਲਵਾਦੀ ਹਿੰਸਾ ਜਾਂ ਨਫ਼ਰਤ ਫੈਲਾਉਣ ਲਈ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹੋਣ, ਨੂੰ ਹਥਿਆਰ ਵੇਚਣ ਦੀ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਇਆ ਜਾਵੇ।
ਅਮਰੀਕਾ ਦੇ ਗੋਰੇ ਲੋਕਾਂ ਵਿਚ ਨਸਲਵਾਦੀ ਵਿਤਕਰੇ ਦੀ ਭਾਵਨਾ ਪਿਛਲੇ ਕੁਝ ਸਾਲਾਂ ਵਿਚ ਤੇਜ਼ੀ ਨਾਲ ਵਧੀ ਹੈ ਤੇ ਡੋਨਾਲਡ ਟਰੰਪ ਵਰਗੇ ਨਸਲਵਾਦੀ ਆਗੂਆਂ ਨੇ ਅਜਿਹੀ ਨਫ਼ਰਤ ਵਧਾਉਣ ਵਿਚ ਹਿੱਸਾ ਪਾਉਂਦਿਆਂ ਇਸ ਤੋਂ ਸਿਆਸੀ ਲਾਹਾ ਲਿਆ ਹੈ। ਨਸਲਵਾਦੀ ਅਮਰੀਕਾ ਦੇ ਗੋਰੇ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਗੋਰੀ ਨਸਲ ਹੀ ਦੁਨੀਆ ਦੀ ਸਭ ਤੋਂ ਸਭਿਆ ਤੇ ਵਧੀਆ ਨਸਲ ਹੈ ਅਤੇ ਦੂਸਰੀਆਂ ਨਸਲਾਂ ਦੇ ਲੋਕ ਅਸਭਿਆ ਤੇ ਘਟੀਆ ਹਨ। ਇਸ ਵਰਤਾਰੇ ਕਾਰਨ ਏਸ਼ੀਆ ਅਤੇ ਅਫ਼ਰੀਕਾ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਧਾਰਮਿਕ ਆਧਾਰ ‘ਤੇ ਜ਼ਿਆਦਾਤਰ ਯਹੂਦੀ ਤੇ ਮੁਸਲਮਾਨ ਨਸਲਵਾਦੀ ਨਫ਼ਰਤ ਦਾ ਸ਼ਿਕਾਰ ਹੁੰਦੇ ਹਨ। ਮੁਸਲਮਾਨਾਂ ਦਾ ਵਿਰੋਧ ਇਸ ਵੇਲੇ ਸਿਖ਼ਰਾਂ ‘ਤੇ ਹੈ। ਨਸਲਵਾਦੀ ਹਰ ਮੁਸਲਮਾਨ ਨੂੰ ਅੱਤਵਾਦੀ ਗਰਦਾਨਦੇ ਹਨ। ਮੁਸਲਮਾਨ ਆਗੂਆਂ ਦੇ ਪੱਗ ਬੰਨ੍ਹਣ ਕਾਰਨ ਨਸਲਵਾਦੀ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ। ਨਸਲਵਾਦ ਅਤੇ ਧਾਰਮਿਕ ਕੱਟੜਤਾ ਨੇ ਮਨੁੱਖਤਾ ਦੇ ਇਤਿਹਾਸ ਵਿਚ ਲੱਖਾਂ ਮਾਸੂਮ ਲੋਕਾਂ ਦੀਆਂ ਜਾਨਾਂ ਲਈਆਂ ਹਨ। ਅਮਰੀਕਾ ਵਿਚ ਗੋਰੀ ਨਸਲ ਦਾ ਵੱਡਾ ਹਿੱਸਾ ਇਸ ਬਾਰੇ ਚੇਤਨ ਵੀ ਹੈ ਅਤੇ ਅਜਿਹੇ ਵਿਤਕਰਿਆਂ ਦਾ ਵਿਰੋਧ ਕਰਦਾ ਹੈ ਪਰ ਨਫ਼ਰਤ ਕਰਨ ਅਤੇ ਹਿੰਸਾ ਫੈਲਾਉਣ ਵਾਲਿਆਂ ਦਾ ਪ੍ਰਭਾਵ ਜਲਦੀ ਫੈਲਦਾ ਤੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰਦਾ ਹੈ। ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਉਨ੍ਹਾਂ ਭਾਈਚਾਰਿਆਂ ਜਿਨ੍ਹਾਂ ਨਾਲ ਵਿਤਕਰਾ ਹੁੰਦਾ ਹੈ, ਨਾਲ ਸਾਂਝ ਪਾਉਣੀ ਚਾਹੀਦੀ ਹੈ ਅਤੇ ਅਜਿਹੇ ਵਿਤਕਰਿਆਂ ਵਿਰੁੱਧ ਸਾਂਝੀ ਲੜਾਈ ਲੜਨੀ ਚਾਹੀਦੀ ਹੈ।

 

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …