ਰਾਤ ਅੱਠ ਵਜੇ ਤੋਂ ਬਾਅਦ ਵਾਪਰੀ ਘਟਨਾ; ਵਾਹਨ ਦਾ ਡਰਾਈਵਰ ਮੌਕੇ ਤੋਂ ਗ੍ਰਿਫਤਾਰ
ਵੈਨਕੂਵਰ/ਬਿਊਰੋ ਨਿਊਜ਼ : ਵੈਨਕੂਵਰ ‘ਚ ਵੱਸਦੇ ਫਿਲੀਪੀਨੇ ਭਾਈਚਾਰੇ ਵਲੋਂ ਅੱਜ ਮਨਾਏ ਜਾ ਰਹੇ ਰਵਾਇਤੀ ਮੇਲੇ ਮੌਕੇ ਇਕੱਤਰ ਸੈਂਕੜੇ ਲੋਕਾਂ ਦੀ ਭੀੜ ਨੂੰ ਇੱਕ ਵਾਹਨ ਨੇ ਟੱਕਰ ਮਾਰੀ ਤੇ ਦੂਰ ਤੱਕ ਕੁਚਲਦਾ ਗਿਆ। ਇਸ ਹਾਦਸੇ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਤੇ ਦਰਜਨਾਂ ਜ਼ਖ਼ਮੀ ਦੱਸੇ ਜਾਂਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਐਬੀ ਅਤੇ ਸ਼ਹਿਰ ਦੇ ਮੇਅਰ ਕੈਨ ਸਿਮ ਨੇ ਇਸ ਮੰਦਭਾਗੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਘਟਨਾ ਤੋਂ ਬਾਅਦ ਪੁਲਿਸ ਤੇ ਬਚਾਅ ਦਲ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਦੱਸਿਆ ਗਿਆ ਹੈ ਕਿ ਘਟਨਾ ਤੋਂ ਦੋ ਘੰਟੇ ਬਾਅਦ ਤੱਕ ਵੀ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਨਹੀਂ ਸੀ ਪਹੁੰਚਾਇਆ ਜਾ ਸਕਿਆ ਤੇ ਨਾ ਹੀ ਮਾਰੇ ਗਏ ਲੋਕਾਂ ਦੀ ਗਿਣਤੀ ਹੋ ਸਕੀ ਸੀ।
ਘਟਨਾ ਰਾਤ 8 ਵਜੇ ਵੈਨਕੂਵਰ ਦੇ ਪੂਰਬੀ-ਦੱਖਣੀ ਖੇਤਰ ਦੀ ਫਰੇਜ਼ਰ ਸਟਰੀਟ ਅਤੇ 41 ਐਵੇਨਿਊ ਕੋਲ ਵਾਪਰੀ। ਫਿਲਪੀਨੇ ਭਾਈਚਾਰੇ ਦੇ ਲੋਕਾਂ ਵਿੱਚ ਉਨ੍ਹਾਂ ਦੀ ਭਾਸ਼ਾ ‘ਚ ਇਸ ਤਿਓਹਾਰ ਨੂੰ ਲਾਪੂ ਲਾਪੂ ਦਿਨ ਵਜੋਂ ਜਾਣਿਆ ਜਾਂਦਾ। ਸੱਭਿਅਤਾ ਨਾਲ ਜੁੜਿਆ ਇਹ ਤਿਉਹਾਰ ਕਾਫੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਘਟਨਾ ਤੋਂ ਬਾਅਦ ਪੁਲਿਸ ਨੇ ਵਾਹਨ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਚਸ਼ਮਦੀਦਾਂ ਅਨੁਸਾਰ ਦੁਖਦਾਈ ਘਟਨਾ ਇੱਕ ਫੂਡ ਟਰੱਕ ਕੋਲ ਵਾਪਰੀ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਕਤਾਰਾਂ ਬੰਨ੍ਹ ਕੇ ਖਾਣ ਪੀਣ ਦਾ ਸਮਾਨ ਲੈਣ ਲਈ ਖੜ੍ਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ‘ਤੇ ਦੂਰ ਤੱਕ ਡਿੱਗੇ ਹੋਏ ਲੋਕ ਵੇਖੇ ਗਏ, ਜਿਨ੍ਹਾਂ ‘ਚੋਂ ਕੁਝ ਜ਼ਖ਼ਮੀ ਤੇ ਕੁਝ ਦੀ ਮੌਤ ਹੋ ਚੁੱਕੀ ਸੀ।
ਵੈਨਕੂਵਰ ਪੁਲਿਸ ਦੇ ਕਾਰਜਕਾਰੀ ਮੁਖੀ ਸਟੀਵ ਰਾਏ ਨੇ ਦੱਸਿਆ ਹੈ ਕਿ ਦੁਰਘਟਨਾ ਵਿੱਚ 9 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਇਸ ਤੋਂ ਕਈ ਗੁਣਾਂ ਵੱਧ ਜ਼ਖ਼ਮੀ ਹਨ। ਉਨ੍ਹਾਂ ਮੁਲਜ਼ਮ ਡਰਾਈਵਰ ਬਾਰੇ ਸਿਰਫ਼ ਇੰਨਾ ਹੀ ਦੱਸਿਆ ਹੈ ਕਿ ਵੈਨਕੂਵਰ ਦੇ ਰਹਿਣ ਵਾਲੇ 30 ਸਾਲਾ ਵਿਅਕਤੀ ਦਾ ਕੋਈ ਵੱਡਾ ਅਪਰਾਧਕ ਰਿਕਾਰਡ ਤਾਂ ਨਹੀਂ ਹੈ, ਪਰ ਉਸ ਦੀਆਂ ਕੁਝ ਗਲਤੀਆਂ ਕਾਰਨ ਪੁਲਿਸ ਕੋਲ ਉਸ ਦੀ ਜਾਣਕਾਰੀ ਪਹਿਲਾਂ ਤੋਂ ਮੌਜੂਦ ਹੈ। ਸਟੀਵ ਰਾਏ ਹਾਲਾਂਕਿ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਟੋਰੀ ਪਾਰਟੀ ਦੇ ਆਗੂ ਪੀਅਰ ਪੋਲਿਵਰ ਨੇ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਫਿਲਪੀਨੋ ਭਾਈਚਾਰੇ ਨੂੰ ਹਰੇਕ ਮਦਦ ਦਾ ਭਰੋਸਾ ਦਿਵਾਇਆ ਹੈ।