Breaking News
Home / ਮੁੱਖ ਲੇਖ / ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਭਾਰਤ ਤੇ ਪਾਕਿਸਤਾਨ ਲਈ ਇਕ ਵੱਡਾ ਮੌਕਾ
ਸਤਨਾਮ ਸਿੰਘ ਮਾਣਕ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼-ਵਿਦੇਸ਼ ਵਿਚ ਸਿੱਖ ਸੰਗਤਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਵਿਸ਼ਵਾਸ ਰੱਖਣ ਵਾਲੇ ਹੋਰ ਲੋਕਾਂ ਵਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਲਿਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵਲੋਂ ਵੀ ਇਕ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ, ਜੋ ਭਾਰਤ ਵਿਚ ਵੱਖ-ਵੱਖ ਅਹਿਮ ਧਾਰਮਿਕ ਸਥਾਨਾਂ ਤੱਕ ਜਾਏਗਾ। ਇਸ ਤੋਂ ਇਲਾਵਾ ਦੋਵਾਂ ਕਮੇਟੀਆਂ ਵਲੋਂ ਆਪੋ-ਆਪਣੇ ਖੇਤਰਾਂ ਵਿਚ ਹੋਰ ਵੀ ਅਨੇਕਾਂ ਪ੍ਰੋਗਰਾਮ ਉਲੀਕੇ ਗਏ ਹਨ। ਸੁਲਤਾਨਪੁਰ ਲੋਧੀ ਵਿਚ ਵੀ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਮਾਰੋਹ ਕਰਨ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰੋਗਰਾਮ ਬਣਾਏ ਜਾ ਰਹੇ ਹਨ।
ਭਾਰਤ ਸਰਕਾਰ ਨੇ ਵੀ ਇਹ ਐਲਾਨ ਕੀਤਾ ਸੀ ਕਿ ਉਸ ਵਲੋਂ ਆਪਣੇ ਸਫ਼ਾਰਤਖਾਨਿਆਂ ਰਾਹੀਂ ਵੱਖ-ਵੱਖ ਦੇਸ਼ਾਂ ਵਿਚ ਸੈਮੀਨਾਰ ਅਤੇ ਹੋਰ ਪ੍ਰੋਗਰਾਮ ਕਰਵਾਏ ਜਾਣਗੇ। ਦੂਜੇ ਪਾਸੇ ਪਾਕਿਸਤਾਨ ਦੀ ਸਰਕਾਰ ਵੀ ਇਸ ਸੰਦਰਭ ਵਿਚ ਵਿਸ਼ੇਸ਼ ਦਿਲਚਸਪੀ ਦਾ ਪ੍ਰਗਟਾਵਾ ਕਰ ਰਹੀ ਹੈ। ਉਸ ਵਲੋਂ ਨਨਕਾਣਾ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਵਲੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਅਜੇ ਤੱਕ ਬੰਦ ਪਏ ਕਈ ਹੋਰ ਇਤਿਹਾਸਕ ਗੁਰਦੁਆਰਿਆਂ ਦਾ ਨਵੀਨੀਕਰਨ ਕਰਕੇ ਉਨ੍ਹਾਂ ਨੂੰ ਸੰਗਤਾਂ ਲਈ ਖੋਲ੍ਹਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਅਤੇ ਉਥੋਂ ਦੀ ਗੁਰਦੁਆਰਾ ਕਮੇਟੀ ਵਲੋਂ ਨਨਕਾਣਾ ਸਾਹਿਬ ਵਿਚ ਪ੍ਰਕਾਸ਼ ਪੁਰਬ ਨਾਲ ਸਬੰਧਿਤ ਸਮਾਗਮਾਂ ਲਈ ਵੱਡੀ ਪੱਧਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ।
ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਕੈਨੇਡਾ, ਅਮਰੀਕਾ, ਬਰਤਾਨੀਆ, ਇਟਲੀ, ਜਰਮਨੀ, ਆਸਟਰੇਲੀਆ ਤੇ ਨਿਊਜ਼ੀਲੈਂਡ ਆਦਿ ਦੇਸ਼ਾਂ ਦੀਆਂ ਸਿੱਖ ਸੰਗਤਾਂ ਵਿਚ ਵੀ ਪ੍ਰਕਾਸ਼ ਪੁਰਬ ਨੂੰ ਲੈ ਕੇ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਤਿਆਰੀਆਂ ਤੋਂ ਲਗਦਾ ਹੈ ਕਿ ਦੇਸ਼-ਵਿਦੇਸ਼ ਵਿਚ 550ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਵੱਡੀ ਪੱਧਰ ‘ਤੇ ਅਤੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਏਗਾ।
ਇਨ੍ਹਾਂ ਸਾਰੀਆਂ ਸਰਗਰਮੀਆਂ ਦੇ ਨਾਲ ਇਕ ਹੋਰ ਵੀ ਬਹੁਤ ਵੱਡੀ ਸਰਗਰਮੀ ਜੁੜੀ ਹੋਈ ਹੈ, ਉਹ ਹੈ ਕਰਤਾਰਪੁਰ ਦੇ ਲਾਂਘੇ ਦੀ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਕਰਤਾਰਪੁਰ (ਪਾਕਿਸਤਾਨ) ਦੇ ਗੁਰਦੁਆਰਾ ਦਰਬਾਰ ਸਾਹਿਬ ਤੱਕ ਰਾਵੀ ਦੇ ਉੱਪਰ ਦੀ ਸਿੱਖ ਸੰਗਤਾਂ ਲਈ ਲਾਂਘਾ ਬਣਾਉਣ ਦੀਆਂ ਤਿਆਰੀਆਂ ਬੇਹੱਦ ਜ਼ੋਰ-ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਅਣਸੁਖਾਵੇਂ ਸਬੰਧਾਂ ਦੇ ਬਾਵਜੂਦ ਦੋਵਾਂ ਸਰਕਾਰਾਂ ਨੇ ਸਿੱਖ ਸੰਗਤ ਅਤੇ ਕਰੋੜਾਂ ਹੋਰ ਨਾਨਕ ਨਾਮ ਲੇਵਾ ਲੋਕਾਂ ਦੀਆਂ ਖਾਹਿਸ਼ਾਂ ਨੂੰ ਮੁੱਖ ਰੱਖਦਿਆਂ, ਜੋ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਫ਼ੈਸਲਾ ਲਿਆ ਹੈ, ਉਹ ਵੱਡੀ ਅਹਿਮੀਅਤ ਰੱਖਦਾ ਹੈ। ਇਸ ਸਬੰਧੀ ਦੋਵਾਂ ਦੇਸ਼ਾਂ ਵਿਚ ਨੀਂਹ ਪੱਥਰ ਰੱਖਣ ਤੋਂ ਲੈ ਕੇ ਹੁਣ ਤੱਕ ਜੋ ਵੀ ਸਰਗਰਮੀਆਂ ਹੋਈਆਂ ਹਨ, ਦੋਵਾਂ ਦੇਸ਼ਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਹੀ ਦਿਲਚਸਪੀ ਨਾਲ ਦੇਖਿਆ ਤੇ ਸਮਝਿਆ ਹੈ। ਦੋਵਾਂ ਦੇਸ਼ਾਂ ਦੇ ਨੇਤਾਵਾਂ ਦੇ ਬਿਆਨਾਂ ਨੇ ਉਨ੍ਹਾਂ ਵਿਚ ਇਕ ਨਵੀਂ ਆਸ ਜਗਾਈ ਹੈ। ਇਸ ਸਬੰਧ ਵਿਚ ਹੀ ਥੋੜ੍ਹੇ ਦਿਨ ਪਹਿਲਾਂ ਅਟਾਰੀ-ਵਾਹਗਾ ਸਰਹੱਦ ‘ਤੇ ਜੋ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ, ਉਸ ਅਨੁਸਾਰ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਦੇ ਲਾਂਘੇ ਰਾਹੀਂ ਹਰ ਰੋਜ਼ 5000 ਯਾਤਰੀ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਇਹ ਯਾਤਰੀ ਡੇਰਾ ਬਾਬਾ ਨਾਨਕ ਤੋਂ ਬਿਨਾ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਜਾਣਗੇ। ਇਸ ਤੋਂ ਇਲਾਵਾ ਵਿਅਕਤੀਗਤ ਤੌਰ ‘ਤੇ ਵੀ ਸੰਗਤਾਂ ਰੋਜ਼ਾਨਾ ਕਰਤਾਰਪੁਰ ਸਾਹਿਬ ਜਾ ਸਕਣਗੀਆਂ। ਦੋਵੇਂ ਦੇਸ਼ਾਂ ਵਲੋਂ ਸਿੱਖ ਸ਼ਰਧਾਲੂਆਂ ਦੀ ਇਸ ਯਾਤਰਾ ਦੌਰਾਨ ਉਨ੍ਹਾਂ ਦੀ ਸੁਰੱਖਿਆ ਲਈ ਅਤੇ ਉਨ੍ਹਾਂ ਨੂੰ ਹੋਰ ਵੱਖ-ਵੱਖ ਸੇਵਾਵਾਂ ਮੁਹੱਈਆ ਕਰਨ ਲਈ ਦੋਵੇਂ ਪਾਸੇ ਵੱਡੀ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੋਵੇਂ ਪਾਸੇ ਸੜਕਾਂ ਅਤੇ ਆਪੋ-ਆਪਣੇ ਹਿੱਸੇ ਦੇ ਪੁਲਾਂ ਦਾ ਨਿਰਮਾਣ ਹੋ ਰਿਹਾ ਹੈ। ਦੋਵੇਂ ਪਾਸੇ ਚੈੱਕ ਪੋਸਟਾਂ, ਕਸਟਮ ਅਤੇ ਸੁਰੱਖਿਆ ਦੀਆਂ ਹੋਰ ਵਿਵਸਥਾਵਾਂ ਲਈ ਇਮਾਰਤਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਬਿਨਾਂ ਸ਼ੱਕ ਦੋਵਾਂ ਸਰਕਾਰਾਂ ਦਾ ਇਹ ਇਕ ਬਹੁਤ ਹੀ ਵੱਡਾ ਇਤਿਹਾਸਕ ਕਦਮ ਹੈ ਤੇ ਇਸ ਦੇ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ‘ਤੇ ਵੱਡੇ ਹਾਂ-ਪੱਖੀ ਪ੍ਰਭਾਵ ਪੈਣਗੇ। ਸਿੱਖ ਇਤਿਹਾਸ ਬਾਰੇ ਜਾਣਕਾਰੀ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਤਿੰਨ ਅਸਥਾਨ ਵਿਸ਼ੇਸ਼ ਮਹੱਤਵ ਰੱਖਦੇ ਹਨ। ਉਨ੍ਹਾਂ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਹੈ, ਜਿਸ ਨੂੰ ਪਹਿਲੇ ਸਮਿਆਂ ਵਿਚ ਰਾਏਭੋਇੰ ਦੀ ਤਲਵੰਡੀ ਕਿਹਾ ਜਾਂਦਾ ਸੀ। ਬਚਪਨ ਅਤੇ ਕੁਝ ਸਮਾਂ ਹੋਰ ਬਿਤਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਆਪਣੀ ਭੈਣ ਬੇਬੇ ਨਾਨਕੀ ਕੋਲ ਆ ਗਏ ਸਨ। ਇਥੇ ਉਨ੍ਹਾਂ ਨੇ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿਚ ਕੁਝ ਸਾਲਾਂ ਤੱਕ ਕੰਮ ਕੀਤਾ ਅਤੇ ਇਥੇ ਹੀ ਉਨ੍ਹਾਂ ਨੇ ਆਪਣੇ ਸਮੇਂ ਦੀਆਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸਥਿਤੀਆਂ ਦਾ ਗਹਿਰਾ ਅਧਿਐਨ ਕਰਕੇ ਆਪਣੀ ਜ਼ਿੰਦਗੀ ਦਾ ਉਦੇਸ਼ ਤੈਅ ਕੀਤਾ ਸੀ। ਚਿੰਤਨ ਮੰਥਨ ਦੇ ਇਸ ਅਮਲ ਵਿਚੋਂ ਗੁਜ਼ਰਦਿਆਂ ਉਹ ਕਈ ਦਿਨਾਂ ਤੱਕ ਘਰ ਤੋਂ ਅਲੋਪ ਰਹੇ ਅਤੇ ਦੁਬਾਰਾ, ਉਹ ਵੇਈਂ ਦੇ ਕੰਢੇ, ਜਿਥੇ ਅੱਜ ਕੱਲ੍ਹ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ, ਮੁੜ ਪ੍ਰਗਟ ਹੋਏ ਤਾਂ ਉਨ੍ਹਾਂ ਨੇ ‘ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ’ ਦਾ ਮਹਾਂਵਾਕ ਉਚਾਰਿਆ। ਇਸ ਸਥਾਨ ਤੋਂ ਹੀ ਉਨ੍ਹਾਂ ਨੇ ਦੁਨੀਆ ਦੇ ਕਲਿਆਣ ਲਈ ਆਪਣੀਆਂ ਚਾਰ ਉਦਾਸੀਆਂ ਵਿਚੋਂ ਪਹਿਲੀ ਉਦਾਸੀ ਦੀ ਸ਼ੁਰੂਆਤ ਕੀਤੀ ਸੀ। ਇਸ ਕਰਕੇ ਸੁਲਤਾਨਪੁਰ ਲੋਧੀ ਦਾ ਵੀ ਇਤਿਹਾਸ ਵਿਚ ਵੱਡਾ ਮਹੱਤਵ ਹੈ। ਜਿਸ ਤਰ੍ਹਾਂ ਕਿ ਮਹਾਤਮਾ ਬੁੱਧ ਨੂੰ ਬੋਧਗਯਾ ਵਿਚ ਗਿਆਨ ਹਾਸਲ ਹੋਇਆ ਹੋਣ ਕਾਰਨ ਬੋਧਗਯਾ ਦਾ ਮਹੱਤਵ ਹੈ। ਉਸੇ ਤਰ੍ਹਾਂ ਦੀ ਮਹੱਤਤਾ ਸੁਲਤਾਨਪੁਰ ਲੋਧੀ ਦੀ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਗਹਿਰਾ ਚਿੰਤਨ-ਮੰਥਨ ਕਰਕੇ ਇਹ ਸਿੱਟਾ ਕੱਢਿਆ ਸੀ ਕਿ ਉਨ੍ਹਾਂ ਨੂੰ ਮਨੁੱਖੀ ਸਮਾਜ ਵਿਚ ਫੈਲੀ ਧਾਰਮਿਕ ਕੱਟੜਤਾ, ਜਾਤਾਂ-ਪਾਤਾਂ ਦੀਆਂ ਵਲਗਣਾਂ ਅਤੇ ਅੰਧ-ਵਿਸ਼ਵਾਸਾਂ ਨੂੰ ਤੋੜ ਕੇ ਵਿਸ਼ਵ ਪੱਧਰ ‘ਤੇ ਚੇਤਨਾ ਦੀ ਜੋਤ ਜਗਾਉਂਦਿਆਂ ਇਕ ਨਵਾਂ ਨਰੋਆ ਸਮਾਜ ਸਿਰਜਣ ਲਈ ਵੱਡੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਮਨੁੱਖੀ ਭਾਈਚਾਰੇ ਵਿਚ ਪਿਆਰ ਤੇ ਸਦਭਾਵਨਾ ਪੈਦਾ ਕਰਨ ਦੀ ਲੋੜ ਹੈ। ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਵਿਚ ਇਸ ਘਟਨਾਕ੍ਰਮ ਨੂੰ ‘ਚੜਿਆ ਸੋਧਣਿ ਧਰਤਿ ਲੋਕਾਈ’ ਦੇ ਕਥਨ ਨਾਲ ਬਿਆਨਿਆ ਹੈ। ਇਹ ਅਹਿਸਾਸ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ‘ਤੇ ਹੀ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਗਪਗ ਦੋ ਦਹਾਕਿਆਂ ਤੱਕ ਚਾਰ ਉਦਾਸੀਆਂ (ਯਾਤਰਾਵਾਂ) ਭਾਰਤ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਤੋਂ ਇਲਾਵਾ ਅਫ਼ਗਾਨਿਸਤਾਨ, ਈਰਾਨ, ਇਰਾਕ, ਸਾਊਦੀ ਅਰਬ ਅਤੇ ਸਾਬਕ ਸੋਵੀਅਤ ਯੂਨੀਅਨ ਦੇ ਇਲਾਕਿਆਂ ਅਜ਼ਰਬਾਈਜਾਨ, ਉਜਬੇਕਿਸਤਾਨ ਅਤੇ ਚੀਨ ਦੇ ਇਲਾਕੇ ਨਾਨਕਿੰਗ ਤੱਕ ਲੋਕਾਈ ਨੂੂੰ ਮਾਨਵਤਾ ਦਾ ਉਪਦੇਸ਼ ਦਿੰਦਿਆਂ ਕੀਤੀਆਂ। ਉਹ ਆਪਣੀਆਂ ਇਨ੍ਹਾਂ ਯਾਤਰਾਵਾਂ ਦੌਰਾਨ ਵੱਖ-ਵੱਖ ਦੇਸ਼ਾਂ ਦੇ ਹੁਕਮਰਾਨਾਂ, ਅਹਿਲਕਾਰਾਂ, ਸੰਤਾਂ ਮਹਾਂਪੁਰਸ਼ਾਂ, ਸਿੱਧਾਂ, ਜੋਗੀਆਂ, ਸੂਫ਼ੀਆਂ ਅਤੇ ਦਰਵੇਸ਼ਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਨੂੰ ਮਾਨਵੀ ਕਦਰਾਂ-ਕੀਮਤਾਂ ਦੇ ਆਧਾਰ ‘ਤੇ ਉੱਚੀ ਸੁੱਚੀ ਤੇ ਸਾਵੀਂ ਪੱਧਰੀ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੱਤਾ। ਇਨ੍ਹਾਂ ਲੰਮੀਆਂ ਯਾਤਰਾਵਾਂ ਦੌਰਾਨ ਭਾਈ ਮਰਦਾਨਾ ਜੀ ਉਨ੍ਹਾਂ ਦੇ ਨਾਲ ਰਹੇ। ਗੁਰੂ ਜੀ ਦੀ ਰਚੀ ਬਾਣੀ ਤੇ ਭਾਈ ਮਰਦਾਨੇ ਦੀ ਰਬਾਬ ਨੇ ਉਹ ਕ੍ਰਿਸ਼ਮਾ ਕੀਤਾ, ਜਿਸ ਦੀ ਰੌਸ਼ਨੀ ਅੱਜ ਤੱਕ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਤਿਮ 14 ਸਾਲ 1582 ਤੋਂ ਸੰਮਤ 1596 ਤੱਕ ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਕਰਦਿਆਂ ਅਤੇ ਸੰਗਤਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੰਦਿਆਂ ਬਿਤਾਏ ਅਤੇ ਇਸੇ ਸਥਾਨ ‘ਤੇ ਹੀ ਉਹ ਸੰਮਤ 1596 ਈ: ਵਿਚ ਜੋਤੀ ਜੋਤ ਸਮਾ ਗਏ ਸਨ। ਇਸ ਕਰਕੇ ਇਸ ਸਥਾਨ ਦਾ ਵੀ ਇਤਿਹਾਸ ਵਿਚ ਵੱਡਾ ਮਹੱਤਵ ਹੈ। ਸਿੱਖ ਸੰਗਤਾਂ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਲੋਕਾਂ ਵਿਚ ਇਸ ਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਹਮੇਸ਼ਾ ਤੀਬਰ ਇੱਛਾ ਰਹੀ ਹੈ, ਜਿਹੜੀ ਕਿ ਹੁਣ ਪੂਰੀ ਹੋਣ ਜਾ ਰਹੀ ਹੈ। ਬਿਨਾ ਸ਼ੱਕ ਭਾਰਤ ਅਤੇ ਪਾਕਿਸਤਾਨ ਦੇ ਇਤਿਹਾਸ ਵਿਚ ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਇਕ ਵੱਡਾ ਇਤਿਹਾਸਕ ਘਟਨਾਕ੍ਰਮ ਹੋਵੇਗਾ, ਜਿਸ ਦੀ ਕਿ ਲੋਕਾਂ ਨੂੰ ਬੜੀ ਤੀਬਰਤਾ ਨਾਲ ਉਡੀਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸਮਾਰੋਹਾਂ ਦੌਰਾਨ ਨਨਕਾਣਾ ਸਾਹਿਬ, ਸੁਲਤਾਨਪੁਰ ਲੋਧੀ ਅਤੇ ਕਰਤਾਰਪੁਰ ਸਾਹਿਬ ਵਿਸ਼ੇਸ਼ ਤੌਰ ‘ਤੇ ਆਕਰਸ਼ਨ ਦਾ ਕੇਂਦਰ ਰਹਿਣਗੇ ਅਤੇ ਇਨ੍ਹਾਂ ਥਾਵਾਂ ‘ਤੇ ਇਹੋ ਜਿਹੀਆਂ ਵੱਡੀਆਂ ਸਰਗਰਮੀਆਂ ਹੋਣ ਦੀ ਆਸ ਹੈ, ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਏਗਾ।
ਭਾਰਤ ਅਤੇ ਪਾਕਿਸਤਾਨ ਲਈ ਅਹਿਮੀਅਤ : ਜਿਸ ਤਰ੍ਹਾਂ ਕਿ ਅਸੀਂ ਉੱਪਰ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਇਕ ਲੰਮਾ ਸਮਾਂ ਦੁਨੀਆ ਭਰ ਦੇ ਲੋਕਾਂ ਨੂੰ ਧਾਰਮਿਕ ਕੱਟੜਤਾ, ਜਾਤਾਂ-ਪਾਤਾਂ ਦੀਆਂ ਵੰਡੀਆਂ ਅਤੇ ਅੰਧ-ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਇਕ ਨਵੀਂ ਜੀਵਨ-ਜਾਚ ਦੇਣ ਲਈ ਲਗਾਇਆ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਧਾਰਮਿਕ ਕੱਟੜਤਾ ਇਸ ਖਿੱਤੇ ਦੀ ਇਕ ਵੱਡੀ ਸਮੱਸਿਆ ਸੀ। ਇਸੇ ਕਰਕੇ ਉਨ੍ਹਾਂ ਨੇ ਆਪਣੀਆਂ ਉਦਾਸੀਆਂ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਵਿਖੇ ‘ਨਾ ਕੋ ਹਿੰਦੂ, ਨਾ ਕੋ ਮੁਸਲਮਾਨ’ ਦਾ ਮਹਾਂਵਾਕ ਉਚਾਰ ਕੇ ਕੀਤੀ ਸੀ। ਉਨ੍ਹਾਂ ਦਾ ਮੁੱਖ ਜ਼ੋਰ ਇਹ ਸੀ ਕਿ ਹਿੰਦੂ ਚੰਗੇ ਹਿੰਦੂ ਬਣਨ ਅਤੇ ਮੁਸਲਮਾਨ ਚੰਗੇ ਮੁਸਲਮਾਨ ਬਣਨ। ਰਾਜੇ ਅਤੇ ਹੁਕਮਰਾਨ ਆਮ ਲੋਕਾਂ ‘ਤੇ ਜਬਰ ਕਰਨ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਥਾਂ ‘ਤੇ ਉਨ੍ਹਾਂ ਨਾਲ ਚੰਗਾ ਸਲੂਕ ਕਰਨ ਅਤੇ ਉਨ੍ਹਾਂ ਨੂੰ ਸਮਾਜਿਕ ਨਿਆਂ ਮੁਹੱਈਆ ਕਰਨ। ਬਾਬਰ ਦੇ ਭਾਰਤ ‘ਤੇ ਹਮਲੇ ਸਮੇਂ ਉਨ੍ਹਾਂ ਨੇ ਲੋਕਾਂ ‘ਤੇ ਹੋਈਆਂ ਜ਼ਿਆਦਤੀਆਂ ਦਾ ਤਿੱਖਾ ਨੋਟਿਸ ਆਪਣੇ ਵਲੋਂ ਰਚੀ ‘ਬਾਬਰ ਬਾਣੀ’ ਵਿਚ ਲਿਆ ਸੀ, ਜੋ ਅੱਜ ਵੀ ਉਸ ਸਮੇਂ ਵਾਪਰੇ ਭਿਆਨਕ ਘਟਨਾਕ੍ਰਮ ਅਤੇ ਆਮ ਲੋਕਾਂ ਦੀ ਦਾਸਤਾਨ ਨੂੰ ਬਿਆਨ ਕਰਦੀ ਹੈ। ਇਹ ਬੜੇ ਦੁੱਖ ਤੇ ਅਫ਼ਸੋਸ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਇਸ ਧਰਤੀ ‘ਤੇ ਆਗਮਨ ਦੇ 550 ਸਾਲ ਪੂਰੇ ਹੋਣ ਤੋਂ ਬਾਅਦ ਵੀ ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿਚ ਅਤੇ ਦੁਨੀਆ ਦੇ ਹੋਰ ਖਿੱਤਿਆਂ ਵਿਚ ਵੀ ਧਾਰਮਿਕ ਟਕਰਾਅ ਤੇ ਹਿੰਸਾ ਸਿਖ਼ਰਾਂ ‘ਤੇ ਹੈ, ਜਿਸ ਨੂੰ ਅੱਜ ਅੱਤਵਾਦ ਦੇ ਰੂਪ ਵਿਚ ਵੇਖਿਆ ਤੇ ਸਮਝਿਆ ਜਾ ਰਿਹਾ ਹੈ। ਪਾਕਿਸਤਾਨ ਵਿਚ ਪਿਛਲੇ ਕੁਝ ਦਹਾਕਿਆਂ ਦੌਰਾਨ 70 ਹਜ਼ਾਰ ਤੋਂ ਵੱਧ ਲੋਕ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋ ਗਏ ਹਨ। ਭਾਰਤ ਤੇ ਪਾਕਿਸਤਾਨ ਦੇ ਅਣ-ਸੁਖਾਵੇਂ ਸਬੰਧਾਂ ਪਿੱਛੇ ਵੀ ਧਾਰਮਿਕ ਕੱਟੜਤਾ ਤੇ ਸੰਕੀਰਨਤਾ ਇਕ ਵੱਡਾ ਕਾਰਨ ਹੈ। ਭਾਰਤੀ ਸਮਾਜ ਵਿਚ ਵੀ ਧਾਰਮਿਕ ਕੱਟੜਤਾ ਅਤੇ ਅਸਹਿਣਸ਼ੀਲਤਾ ਦਿਨੋ-ਦਿਨ ਵਧ ਰਹੀ ਹੈ। ਘੱਟ-ਗਿਣਤੀਆਂ ਅਤੇ ਦਲਿਤਾਂ ‘ਤੇ ਹਮਲੇ ਵਧ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿਚ ਧਾਰਮਿਕ ਕੱਟੜਤਾ ਨੂੰ ਛੱਡ ਕੇ ਬਰਾਬਰਤਾ ‘ਤੇ ਆਧਾਰਿਤ ਆਪਸੀ ਭਾਈਚਾਰਾ ਉਸਾਰਨ ਲਈ ਵਿਸ਼ੇਸ਼ ਤੌਰ ‘ਤੇ ਜ਼ੋਰ ਦਿੱਤਾ ਸੀ। ਇਸੇ ਕਰਕੇ ਕਰਤਾਰਪੁਰ ਸਾਹਿਬ ਵਿਖੇ ਜਦੋਂ ਉਹ ਜੋਤੀ ਜੋਤ ਸਮਾਏ ਸਨ ਤਾਂ ਉਨ੍ਹਾਂ ‘ਤੇ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਨੇ ਹੀ ਆਪਣਾ-ਆਪਣਾ ਹੱਕ ਜਤਾਉਂਦਿਆਂ ਉਨ੍ਹਾਂ ਨੂੰ ਆਪਣਾ ਰਹਿਬਰ ਮੰਨਿਆ ਸੀ। ਹੁਣ ਜਦੋਂ ਕਿ ਅਸੀਂ ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਭਾਰਤ ਤੇ ਪਾਕਿਸਤਾਨ ਦੇ ਲੋਕਾਂ, ਖ਼ਾਸ ਕਰਕੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੱਡਾ ਦਿਲ ਦਿਖਾਉਂਦਿਆਂ ਧਾਰਮਿਕ ਕੱਟੜਤਾ ਅਤੇ ਆਪਸੀ ਦੁਸ਼ਮਣੀ ਦੀਆਂ ਭਾਵਨਾਵਾਂ ‘ਤੇ ਕਾਬੂ ਪਾਉਣਾ ਚਾਹੀਦਾ ਹੈ ਅਤੇ ਆਪੋ-ਆਪਣੀਆਂ ਘੱਟ-ਗਿਣਤੀਆਂ ਨੂੰ ਸੁਰੱਖਿਆ ਤੇ ਸਨਮਾਨ ਮੁਹੱਈਆ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਕਰਤਾਰਪੁਰ ਦੇ ਲਾਂਘੇ ਦੀ ਤਰ੍ਹਾਂ ਹੀ ਸਰਹੱਦਾਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਖਿੱਤੇ ਦੇ ਲੋਕ ਜੋ ਕਿਸੇ ਸਮੇਂ ਇਕ ਦੇਸ਼ ਦੇ ਹੀ ਵਾਸੀ ਸਨ, ਮੁੜ ਕੇ ਇਕ-ਦੂਜੇ ਦੇ ਨੇੜੇ ਆ ਸਕਣ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਆਪਸ ਵਿਚ ਮਿਲਵਰਤਣ ਕਰ ਸਕਣ।
ਜੇਕਰ ਸੱਚੇ ਦਿਲੋਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਦੇਣੀਆਂ ਚਾਹੁੰਦੀਆਂ ਹਨ ਤੇ ਉਨ੍ਹਾਂ ਦੀਆਂ ਮਾਨਵਵਾਦੀ ਸਿੱਖਿਆਵਾਂ ‘ਤੇ ਅਮਲ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਹੁਣ ਆਪਸੀ ਦੁਸ਼ਮਣੀ ਪੂਰੀ ਤਰ੍ਹਾਂ ਤਜ ਦੇਣੀ ਚਾਹੀਦੀ ਹੈ। ਬਿਨਾਂ ਸ਼ੱਕ ਇਨ੍ਹਾਂ ਕਦਮਾਂ ਨਾਲ ਇਹ ਸਮੁੱਚਾ ਖਿੱਤਾ ਬੇਹੱਦ ਖੁਸ਼ਹਾਲ ਹੋਵੇਗਾ ਅਤੇ ਲੋਕ ਪਿਆਰ ਅਤੇ ਸਦਭਾਵਨਾ ਨਾਲ ਇਸ ਖਿੱਤੇ ਵਿਚ ਬਿਹਤਰ ਜੀਵਨ ਬਿਤਾਉਣ ਦੇ ਸਮਰੱਥ ਹੋਣਗੇ।
(‘ਅਜੀਤ’ ਵਿਚੋਂ ਧੰਨਵਾਦ ਸਹਿਤ)

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …