Breaking News
Home / ਭਾਰਤ / ਸਿੰਘੂ ਮੋਰਚੇ ‘ਤੇ ਕਿਸਾਨਾਂ ਨੇ ਆਪਣੀ ਸੁਰੱਖਿਆ ਵਧਾਈ

ਸਿੰਘੂ ਮੋਰਚੇ ‘ਤੇ ਕਿਸਾਨਾਂ ਨੇ ਆਪਣੀ ਸੁਰੱਖਿਆ ਵਧਾਈ

ਕਿਸਾਨਾਂ ਨੂੰ ਹੁਣ ਪੁਲਿਸ ‘ਤੇ ਨਹੀਂ ਰਿਹਾ ਯਕੀਨ
ਨਵੀਂ ਦਿੱਲੀ : ਕਿਸਾਨਾਂ ਉਪਰ ਹਮਲੇ ਹੋਣ ਤੋਂ ਬਾਅਦ ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਆਪਣੇ ਮੋਰਚੇ ਦੀ ਅੰਦਰੂਨੀ ਸੁਰੱਖਿਆ ਵਧਾ ਦਿੱਤੀ ਹੈ। ਨਾਕਿਆਂ ‘ਤੇ ਅਣਪਛਾਤੇ ਚਿਹਰਿਆਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਯੂਥ ਵਿੰਗਾਂ ਨੂੰ ਅੰਦੋਲਨ ਵਾਲੀ ਥਾਂ ‘ਤੇ ਚੌਕਸੀ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਵੀ ਮਸ਼ਕੂਕ ਇਲਾਕੇ ‘ਚ ਦਾਖ਼ਲ ਨਾ ਹੋ ਸਕੇ।
ਅੰਦੋਲਨ ਵਾਲੀ ਥਾਂ ਦੇ ਦਾਇਰੇ ‘ਚ ਨੌਜਵਾਨਾਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। ਗੰਨਾ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਨੌਜਵਾਨ ਕਿਸਾਨਾਂ ਵੱਲੋਂ ਹਰ ਸਮੇਂ ਇਹਤਿਆਤ ਰੱਖੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਇਕ ਹਜ਼ਾਰ ਤੋਂ ਜ਼ਿਆਦਾ ਵਾਲੰਟੀਅਰ ਮੋਰਚੇ ਦੀ ਰਾਖੀ ‘ਚ ਜੁਟੇ ਹੋਏ ਹਨ। ਮੋਰਚੇ ਦੇ ਦਾਖ਼ਲੇ ਅਤੇ ਬਾਹਰ ਜਾਣ ਵਾਲੇ ਅਹਿਮ ਸਥਾਨਾਂ ‘ਤੇ 5 ਤੋਂ 10 ਵਾਲੰਟੀਅਰ ਤਾਇਨਾਤ ਹਨ। ਵਾਲੰਟੀਅਰ ਕੁੰਡਲੀ, ਟੀਡੀਆਈ ਮਾਲ ਅਤੇ ਫਾਸਟ ਫੂਡ ਵਾਲੀ ਦੁਕਾਨ ਵੱਲ ਜਾਂਦੇ ਮਾਰਗਾਂ ‘ਤੇ ਹਰ ਆਉਣ-ਜਾਣ ਵਾਲੇ ‘ਤੇ ਨਜ਼ਰ ਰੱਖ ਰਹੇ ਹਨ। ਇਕ ਹੋਰ ਕਿਸਾਨ ਮਨਜਿੰਦਰ ਧਨੇਟਾ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਹਿੰਸਾ ਦੀ ਘਟਨਾ ਮਗਰੋਂ ਕਿਸਾਨ ਹੁਣ ਦਿੱਲੀ ਪੁਲਿਸ ‘ਤੇ ਯਕੀਨ ਨਹੀਂ ਕਰ ਰਹੇ। ‘ਹੁਣ ਸਾਡੀ ਸੁਰੱਖਿਆ ਆਪਣੇ ਹੱਥ ਹੈ। ਪੁਲਿਸ ਨੇ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ‘ਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਹੁਣ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ।’ ਉਸ ਨੇ ਕਿਹਾ ਕਿ ਪੁਲਿਸ ਖਾਮੋਸ਼ੀ ਨਾਲ ਨਜ਼ਾਰਾ ਲੈਂਦੀ ਰਹੀ ਅਤੇ ਸ਼ਰਾਰਤੀ ਅਨਸਰ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ। ਕਿਸਾਨਾਂ ਨੇ ਹੱਥਾਂ ‘ਚ ਲਾਠੀਆਂ ਆਦਿ ਫੜੀਆਂ ਹੋਈਆਂ ਹਨ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਿਸੇ ਨੂੰ ਡਰਾਉਣ ਲਈ ਨਹੀਂ ਹਨ ਸਗੋਂ ਆਪਣੀ ਰੱਖਿਆ ਲਈ ਹਨ। ਕਿਸਾਨਾਂ ਨੇ ਆਰੋਪ ਲਾਇਆ ਕਿ ਭਾਜਪਾ ਦੀ ਸ਼ਹਿ ‘ਤੇ ਹੀ ਲੋਕ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਹੀ ਕਿਸਾਨਾਂ ‘ਤੇ ਹਮਲੇ ਕੀਤੇ ਹਨ। ਰੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਮੁੱਖ ਸਟੇਜ ਨੇੜੇ ਸਕਿਊਰਿਟੀ ਰੂਮ ਬਣਾਇਆ ਹੈ ਅਤੇ ਉਥੇ ਹਰ ਸਮੇਂ 10 ਵਿਅਕਤੀ ਹਾਜ਼ਰ ਰਹਿੰਦੇ ਹਨ। ਨੇੜੇ ਹੀ 25 ਵਿਅਕਤੀਆਂ ਦੀ ਇਕ ਹੋਰ ਟੀਮ ਤਾਇਨਾਤ ਹੈ। ਉਸ ਨੇ ਕਿਹਾ ਕਿ ਇਕ ਹੋਰ ਟਰਾਲੀ ‘ਚ 10 ਤੋਂ 15 ਵਾਲੰਟੀਅਰ ਤਿਆਰ ਰਹਿੰਦੇ ਹਨ ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਨੂੰ ਸਹਾਇਤਾ ਲਈ ਸੱਦਿਆ ਜਾ ਸਕੇ।

Check Also

ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਭਾਰਤ ਨੇ ਪਾਕਿਸਤਾਨ 2-1 ਨਾਲ ਹਰਾਇਆ

ਦੋਵੇਂ ਗੋਲ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਨਵੀਂ ਦਿੱਲੀ/ਬਿਊਰੋ ਨਿਊਜ਼ : …