ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਕਾਰਗਿਲ ਵਿਜੈ ਦਿਵਸ ਮੌਕੇ ਪੂਰੇ ਭਾਰਤ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕੀਤਾ। ਅੱਜ ਤੋਂ 20 ਸਾਲ ਪਹਿਲਾਂ 1999 ਵਿਚ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਹਰਾ ਕੇ ਕਾਰਗਿਲ ਦੀਆਂ ਪਹਾੜੀਆਂ ‘ਤੇ ਤਿਰੰਗਾ ਲਹਿਰਾਇਆ ਸੀ। ਕਾਰਗਿਲ ਵਿਜੇ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ੍ਰੀਨਗਰ ਸਥਿਤ ਬਾਦਾਮੀ ਬਾਗ ਕੈਂਟੋਨਮੈਂਟ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਜੰਗ ਦੌਰਾਨ ਖਿੱਚੀਆਂ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਲਿਖਿਆ ਕਿ 1999 ‘ਚ ਕਾਰਗਿਲ ਜੰਗ ਦੌਰਾਨ ਮੈਨੂੰ ਵੀ ਬਹਾਦਰ ਜਵਾਨਾਂ ਨਾਲ ਇਕਜੁੱਟਤਾ ਦਿਖਾਉਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਾਰ ਮੈਮੋਰੀਅਲ ਜਾ ਕੇ ਕਾਰਗਿਲ ਜੰਗ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ। ਕਾਂਗਰਸ ਪਾਰਟੀ ਸਮੇਤ ਹੋਰ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੇ ਵੀ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕੀਤਾ।
ਫੌਜੀ ਵੀਰਾਂ ਦਾ ਬਲੀਦਾਨ ਹਮੇਸ਼ਾ ਸਾਡੇ ਦਿਲਾਂ ‘ਚ ਯਾਦ ਬਣ ਕੇ ਰਹੇਗਾ : ਕੈਪਟਨ ਅਮਰਿੰਦਰ
ਚੰਡੀਗੜ੍ਹ : ਕਾਰਗਿਲ ਵਿਜੇ ਦਿਵਸ ਨੂੰ ਲੰਘੀ 26 ਜੁਲਾਈ ਨੂੰ ਪੂਰੇ 20 ਸਾਲ ਹੋ ਗਏ ਹਨ। ਸ਼ਹੀਦ ਜਵਾਨਾਂ ਨੂੰ ਯਾਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜੀ ਵੀਰਾਂ ਨੂੰ ਸਲਾਮੀ ਦਿੰਦੇ ਹੋਏ ਭਾਵੁਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਕਿ ਅੱਜ ਕਾਰਗਿਲ ਦਿਵਸ ਮੌਕੇ ਉਨ੍ਹਾਂ ਸਾਰੇ ਫੌਜੀ ਵੀਰਾਂ ਨੂੂੰ ਸਲਾਮ, ਜਿਨ੍ਹਾਂ ਨੇ ਸਾਡੀ ਰਾਖੀ ਲਈ ਆਪਣੀਆਂ ਜਾਨਾਂ ਵਾਰੀਆਂ। 26 ਜੁਲਾਈ 1999 ਨੂੰ ਕਾਰਗਿਲ ਵਿਚ ਭਾਰਤ ਨੇ ਪਾਕਿਸਤਾਨ ‘ਤੇ ਜਿੱਤ ਹਾਸਲ ਕੀਤੀ ਸੀ ਅਤੇ ਇਸ ਦੌਰਾਨ ਕਈ ਜਵਾਨ ਸ਼ਹੀਦ ਵੀ ਹੋਏ ਸਨ। ਉਨ੍ਹਾਂ ਲਿਖਿਆ ਕਿ ਸਾਡੇ ਫੌਜੀ ਵੀਰਾਂ ਦਾ ਬਲੀਦਾਨ ਹਮੇਸ਼ਾ ਸਾਡੇ ਦਿਲਾਂ ਵਿਚ ਯਾਦ ਬਣ ਕੇ ਰਹੇਗਾ ਅਤੇ ਇਕ ਫੌਜੀ ਹੋਣ ਦੇ ਨਾਤੇ ਮੇਰਾ ਫੌਜ ਨਾਲ ਦਿਲੀ ਰਿਸ਼ਤਾ ਹੈ ਤੇ ਇਹ ਮੇਰੇ ਪਰਿਵਾਰ ਵਾਂਗ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਸਥਿਤ ਵਾਰ ਮੈਮੋਰੀਅਲ ਵਿਖੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …