ਡੀਜੀਸੀਏ ਨੇ ਏਅਰ ਇੰਡੀਆ ਨੂੰ ਲਗਾਇਆ 10 ਲੱਖ ਰੁਪਏ ਦਾ ਵਿੱਤੀ ਜੁਰਮਾਨਾ
ਨਿਯਮਾਂ ਦੀ ਪਾਲਣਾ ਨਾ ਕਰਨ ਬਦਲੇ ਏਅਰ ਇੰਡੀਆ ਖਿਲਾਫ ਕੀਤੀ ਗਈ ਇਹ ਕਾਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼ :
ਡੀਜੀਸੀਏ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਬਦਲੇ ਏਅਰ ਇੰਡੀਆ ਨੂੰ 10 ਲੱਖ ਰੁਪਏ ਦਾ ਵਿੱਤੀ ਜੁਰਮਾਨਾ ਲਗਾਇਆ ਹੈ। ਏਅਰ ਇੰਡੀਆ ਨੂੰ ਲੰਘੀ 3 ਨਵੰਬਰ ਨੂੰ ਇਸ ਸਬੰਧੀ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸਬੰਧਤ ਨਿਯਮਾਂ ਦੇ ਉਪਬੰਧਾਂ ਦੀ ਪਾਲਣਾ ਨਾ ਕਰਨ ਲਈ ਏਅਰ ਇੰਡੀਆ ਤੋਂ ਜਵਾਬ ਮੰਗਿਆ ਸੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਏਅਰ ਇੰਡੀਆ ’ਤੇ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨਾਲ ਸਬੰਧਤ ਨਿਯਮਾਂ ਦੀ ਪਾਲਣ ਨਾ ਕਰਨ ’ਤੇ 10 ਲੱਖ ਰੁਪਏ ਦਾ ਵਿੱਤੀ ਜੁਰਮਾਨਾ ਲਗਾਇਆ ਗਿਆ ਹੈ। ਦਿੱਲੀ, ਕੋਚੀ ਅਤੇ ਬੰਗਲੁਰੂ ਹਵਾਈ ਅੱਡਿਆਂ ’ਤੇ ਏਅਰਲਾਈਨਾਂ ਦਾ ਮੁਆਇਨਾਂ ਕਰਨ ਤੋਂ ਬਾਅਦ ਰੈਗੂਲੇਟਰ ਨੇ ਪਾਇਆ ਕਿ ਏਅਰ ਇੰਡੀਆ ਸਬੰਧਤ ਨਾਗਰਿਕ ਹਵਾਬਾਜ਼ੀ ਨਾਲ ਸਬੰਧਤ ਵਿਵਸਥਾਵਾਂ ਦੀ ਪਾਲਣਾ ਨਹੀਂ ਕਰ ਰਹੀ ਸੀ। ਜਿਸ ਤੋਂ ਬਾਅਦ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਡੀਜੀਸੀਏ ਨੇ ਕਿਹਾ ਕਿ ਏਅਰ ਇੰਡੀਆ ਵੱਲੋਂ ਦਿੱਤੇ ਗਏ ਜਵਾਬ ਦੇ ਆਧਾਰ ’ਤੇ ਇਹ ਪਾਇਆ ਗਿਆ ਕਿ ਏਅਰਲਾਈਨ ਨੇ ਸੀ ਏ ਆਰ ਦੇ ਪ੍ਰਬੰਧਾਂ ਦੀ ਪਾਲਣਾ ਨਹੀਂ ਕੀਤੀ।